ਪਟਿਆਲਾ, 30 ਜੁਲਾਈ (ਗੁਰਵਿੰਦਰ ਸਿੰਘ ਔਲਖ)-ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਦੇ ਮੈਨੇਜਮੈਂਟ ਵਿਭਾਗ ਵਲੋਂ ਨਵੇਂ ਅਕਾਦਮਿਕ ਸੈਸ਼ਨ ’ਚ ਦਾਖ਼ਲ ਹੋਏ ਪਹਿਲੇ ਸਾਲ ਦੇ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿਸ਼ੇ ’ਤੇ ਪ੍ਰਯੋਗਾਤਮਕ ਸਿਖਲਾਈ ਪ੍ਰੋਗਰਾਮ ਕਰਵਾਇਆ। ਪ੍ਰੋਗਰਾਮ ਦਾ ਉਦੇਸ਼ ਵਿਦਿਆਰਥੀਆਂ ਨੂੰ ਵਿੱਤੀ ਸਾਖਰਤਾ ਤੇ ਸਟਾਕ ਮਾਰਕੀਟ ਦੇ ਵਿਹਾਰਕ ਪੱਖਾਂ ਨਾਲ ਜਾਣੂ ਕਰਵਾਉਣਾ ਸੀ। ਕਾਲਜ ਦੇ ਪ੍ਰਿੰਸੀਪਲ ਡਾ. ਨੀਰਜ ਗੋਇਲ ਨੇ ਕਿਹਾ ਕਿ ਮੌਜੂਦਾ ਆਰਥਿਕ ਦੌਰ ’ਚ ਵਿੱਤੀ ਜਾਣਕਾਰੀ ਤੇ ਵਿਹਾਰਕ ਤਜਰਬਾ ਮੈਨੇਜਮੈਂਟ ਦੇ ਵਿਦਿਆਰਥੀਆਂ ਲਈ ਬੇਹੱਦ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਗਰਾਮ ਵਿਦਿਆਰਥੀਆਂ ਨੂੰ ਕਲਾਸਰੂਮ ਦੀ ਪੜ੍ਹਾਈ ਦੇ ਨਾਲ-ਨਾਲ ਅਸਲ ਕਾਰੋਬਾਰੀ ਦੁਨੀਆ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਕਰਦੇ ਹਨ। ਮੈਨੇਜਮੈਂਟ ਵਿਭਾਗ ਦੇ ਕੋਆਰਡੀਨੇਟਰ ਡਾ. (ਲੈਫਟੀਨੈਂਟ) ਰੋਹਿਤ ਸਚਦੇਵਾ ਨੇ ਦੱਸਿਆ ਕਿ ਸਿਖਲਾਈ ਦੌਰਾਨ ਵਿਦਿਆਰਥੀਆਂ ਨੂੰ ਸਟਾਕ ਐਕਸਚੇਂਜ ਦੀ ਕਾਰਜ-ਪ੍ਰਣਾਲੀ, ਮਾਰਕੀਟ ਸੂਚਕਾਂਕ, ਬੁਨਿਆਦੀ ਅਤੇ ਤਕਨੀਕੀ ਵਿਸ਼ਲੇਸ਼ਣ, ਸ਼ੇਅਰਾਂ ਦੀ ਖਰੀਦ-ਵੇਚ ਪ੍ਰਕਿਰਿਆ ਅਤੇ ਜੋਖ਼ਮ ਪ੍ਰਬੰਧਨ ਸੰਬੰਧੀ ਜਾਣਕਾਰੀ ਦਿੱਤੀ ਗਈ। ਪ੍ਰੋਗਰਾਮ ਦੇ ਅੰਤਿਮ ਸੈਸ਼ਨ ਦੌਰਾਨ ਮੋਤੀਲਾਲ ਓਸਵਾਲ ਫਾਈਨੈਂਸ਼ੀਅਲ ਸਰਵਿਸਿਜ਼ ਲਿਮਟਿਡ ਦੇ ਬਿਜ਼ਨਸ ਐਸੋਸੀਏਟ ਵਿਨੈ ਜੈਨ ਨੇ ਵਿਦਿਆਰਥੀਆਂ ਨੂੰ ਵਰਚੁਅਲ ਸਟਾਕ ਟਰੇਡਿੰਗ ਦਾ ਪ੍ਰਯੋਗਾਤਮਕ ਅਭਿਆਸ ਕਰਵਾਇਆ। ਉਨ੍ਹਾਂ ਨੇ ਰੀਅਲ-ਟਾਈਮ ਮਾਰਕੀਟ ਦੀ ਨਿਗਰਾਨੀ, ਨਿਵੇਸ਼ ਰਣਨੀਤੀਆਂ ਤੇ ਟਰੇਡਿੰਗ ਦੇ ਵਿਹਾਰਕ ਪਹਿਲੂਆਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਕਰੀਅਰ ਕਾਊਂਸਲਰ ਤੇ ਸਲਾਹਕਾਰ ਮਾਨਿਕ ਰਾਜ ਸਿੰਗਲਾ ਨੇ ਵਿਦਿਆਰਥੀਆਂ ਨਾਲ ਆਪਣੇ ਤਜਰਬੇ ਸਾਂਝੇ ਕਰਦਿਆਂ ਉਨ੍ਹਾਂ ਨੂੰ ਮਿਹਨਤ, ਲਗਨ ਤੇ ਆਤਮ-ਵਿਸ਼ਵਾਸ ਨਾਲ ਆਪਣੇ ਕਰੀਅਰ ਵਿਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਪ੍ਰੋਗਰਾਮ ਵਿਚ ਮੈਨੇਜਮੈਂਟ ਵਿਭਾਗ ਦੇ ਸਮੂਹ ਅਧਿਆਪਕ ਤੇ ਵਿਦਿਆਰਥੀ ਹਾਜ਼ਰ ਸਨ।