ਸ਼੍ਰੋਮਣੀ ਜਰਨੈਲ ਸ਼ਹੀਦ ਬਾਬਾ ਜੀਵਨ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਦੀਆਂ ਤਿਆਰੀਆਂ ਜ਼ੋਰਾਂ ’ਤੇ
ਸਨੌਰ, 31 ਅਕਤੂਬਰ (ਮੋਹਨ ਸਿੰਘ ਭੱਟੀ)- ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਵਰੋਸਾਏ, ‘ਰੰਘਰੇਟੇ ਗੁਰੂ ਕੇ ਬੇਟੇ’ ਤੇ ਦਸਮੇਸ਼ ਪਿਤਾ ਦੇ ਮੁੱਖ ਸੈਨਾਪਤੀ, ਚਮਕੌਰ ਦੀ ਗੜ੍ਹੀ ਦੇ ਅਖੀਰਲੇ ਸ਼ਹੀਦ ਸ਼੍ਰੋਮਣੀ ਜਰਨੈਲ ਸ਼ਹੀਦ ਬਾਬਾ ਜੀਵਨ ਸਿੰਘ (ਸਾਹਿਬ ਭਾਈ ਜੈਤਾ ਜੀ) ਦੇ 322ਵੇਂ ਪਾਵਨ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ਵ ਪੱਧਰੀ ਮਹਾਨ ਸ਼ਹੀਦੀ ਸਮਾਗਮ ਦੀਆਂ ਤਿਆਰੀਆਂ ਪੂਰੀ ਚੜ੍ਹਦੀਕਲਾ ਅਤੇ ਉਤਸ਼ਾਹ ਨਾਲ ਆਰੰਭ ਹੋ ਚੁੱਕੀਆਂ ਹਨ। ਇਹ ਮਹਾਨ ਸ਼ਹੀਦੀ ਸਮਾਗਮ ਇਤਿਹਾਸਕ ਅਸਥਾਨ ਗੁਰਦੁਆਰਾ ਸ਼ਹੀਦ ਬੁਰਜ ਸ਼ਹੀਦੀ ਅਸਥਾਨ ਬਾਬਾ ਜੀਵਨ ਸਿੰਘ ਜੀ, ਸ੍ਰੀ ਚਮਕੌਰ ਸਾਹਿਬ ਵਿਖੇ ਬੜੀ ਸ਼ਰਧਾ-ਭਾਵਨਾ ਨਾਲ ਕਰਵਾਇਆ ਜਾ ਰਿਹਾ ਹੈ।
ਸਨੌਰ, 31 ਅਕਤੂਬਰ (ਮੋਹਨ ਸਿੰਘ ਭੱਟੀ)- ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਵਰੋਸਾਏ, ‘ਰੰਘਰੇਟੇ ਗੁਰੂ ਕੇ ਬੇਟੇ’ ਤੇ ਦਸਮੇਸ਼ ਪਿਤਾ ਦੇ ਮੁੱਖ ਸੈਨਾਪਤੀ, ਚਮਕੌਰ ਦੀ ਗੜ੍ਹੀ ਦੇ ਅਖੀਰਲੇ ਸ਼ਹੀਦ ਸ਼੍ਰੋਮਣੀ ਜਰਨੈਲ ਸ਼ਹੀਦ ਬਾਬਾ ਜੀਵਨ ਸਿੰਘ (ਸਾਹਿਬ ਭਾਈ ਜੈਤਾ ਜੀ) ਦੇ 322ਵੇਂ ਪਾਵਨ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ਵ ਪੱਧਰੀ ਮਹਾਨ ਸ਼ਹੀਦੀ ਸਮਾਗਮ ਦੀਆਂ ਤਿਆਰੀਆਂ ਪੂਰੀ ਚੜ੍ਹਦੀਕਲਾ ਅਤੇ ਉਤਸ਼ਾਹ ਨਾਲ ਆਰੰਭ ਹੋ ਚੁੱਕੀਆਂ ਹਨ। ਇਹ ਮਹਾਨ ਸ਼ਹੀਦੀ ਸਮਾਗਮ ਇਤਿਹਾਸਕ ਅਸਥਾਨ ਗੁਰਦੁਆਰਾ ਸ਼ਹੀਦ ਬੁਰਜ ਸ਼ਹੀਦੀ ਅਸਥਾਨ ਬਾਬਾ ਜੀਵਨ ਸਿੰਘ ਜੀ, ਸ੍ਰੀ ਚਮਕੌਰ ਸਾਹਿਬ ਵਿਖੇ ਬੜੀ ਸ਼ਰਧਾ-ਭਾਵਨਾ ਨਾਲ ਕਰਵਾਇਆ ਜਾ ਰਿਹਾ ਹੈ। ਇਸ ਵਿਸ਼ਵ ਪੱਧਰੀ ਸਮਾਗਮ ਦਾ ਪ੍ਰਬੰਧ ਗੁਰਦੁਆਰਾ ਸ਼੍ਰੋਮਣੀ ਜਰਨੈਲ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ, ਬਾਬਾ ਜੀਵਨ ਸਿੰਘ ਨਿਹੰਗ ਸਿੰਘ ਖ਼ਾਲਸਾ ਦਲ 96 ਕਰੋੜੀ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਕੁਲਵਿੰਦਰ ਸਿੰਘ 96 ਕਰੋੜੀ, ਮੁਖੀ ਤਰਨਾ ਦਲ ਸ੍ਰੀ ਚਮਕੌਰ ਸਾਹਿਬ ਵਾਲੇ ਦੀ ਅਗਵਾਈ ਹੇਠ ਸਮੂਹ ਰੰਘਰੇਟਾ ਨਿਹੰਗ ਸਿੰਘ ਜਥੇਬੰਦੀਆਂ, ਸਮੂਹ ਸੰਤ ਸਮਾਜ, ਸਮੁੱਚੀ ਰੰਘਰੇਟਾ ਕੌਮ, ਪੰਥਕ ਜਥੇਬੰਦੀਆਂ ਅਤੇ ਸੰਗਤਾਂ ਦੇ ਪੂਰਨ ਸਹਿਯੋਗ ਨਾਲ ਨੇਪਰੇ ਚਾੜ੍ਹਿਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪਟਿਆਲਾ ਦੇ ਨਿਹੰਗ ਸਿੰਘ ਜਥੇਦਾਰ ਜਗਦੇਵ ਸਿੰਘ ਤੇਜਾਂ ਨੇ ਦੱਸਿਆ ਕਿ ਗੁਰਦੁਆਰਾ ਨਾਨਕਸਰ ਸਨੌਰ ਵਿਖੇ ਬੈਠਕ ਹੋਈ। ਉਨ੍ਹਾਂ ਕਿਹਾ ਕਿ ਜਾਰੀ ਪ੍ਰਬੰਧਕੀ ਪ੍ਰੋਗਰਾਮ ਅਨੁਸਾਰ ਸਮਾਗਮ ਦੀ ਆਰੰਭਤਾ ਸ਼ੁੱਕਰਵਾਰ, 20 ਨਵੰਬਰ ਨੂੰ ਸਵੇਰੇ 9 ਵਜੇ ਗੁਰਦੁਆਰਾ ਸ਼ਹੀਦ ਬੁਰਜ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣ ਨਾਲ ਹੋਵੇਗੀ। ਉਪਰੰਤ ਐਤਵਾਰ 22 ਨਵੰਬਰ ਨੂੰ ਸਵੇਰੇ 9 ਵਜੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਸ਼ਰਧਾਪੂਰਵਕ ਪਾਏ ਜਾਣਗੇ। ਭੋਗ ਉਪਰੰਤ ਦਾਣਾ ਮੰਡੀ ਸ੍ਰੀ ਚਮਕੌਰ ਸਾਹਿਬ ਰੂਪਨਗਰ ਵਿਖੇ ਵਿਸ਼ਾਲ ਧਾਰਮਿਕ ਦੀਵਾਨ ਸਜਾਏ ਜਾਣਗੇ, ਜਿੱਥੇ ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਤੱਕ ਉੱਘੇ ਢਾਡੀ, ਕਥਾਵਾਚਕ ਅਤੇ ਰਾਗੀ ਜਥੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਦੁਪਹਿਰ 12 ਤੋਂ 2 ਵਜੇ ਤੱਕ ਪੰਥ ਦੇ ਮਹਾਨ ਬੁਲਾਰੇ ਬਾਬਾ ਜੀਵਨ ਸਿੰਘ ਜੀ ਦੇ ਲਾਸਾਨੀ ਜੀਵਨ, ਅਦੁੱਤੀ ਸ਼ਹਾਦਤ ਅਤੇ ਸਿੱਖ ਕੌਮ ਪ੍ਰਤੀ ਨਿਭਾਈ ਮਿਸਾਲੀ ਸੇਵਾ ’ਤੇ ਚਾਨਣਾ ਪਾਉਣਗੇ। ਸਮੂਹ ਪ੍ਰਬੰਧਕ ਕਮੇਟੀਆਂ ਅਤੇ ਨਿਹੰਗ ਸਿੰਘ ਜਥੇਬੰਦੀਆਂ ਨੇ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਪਰਿਵਾਰਾਂ ਸਮੇਤ ਇਸ ਵਿਸ਼ਵ ਪੱਧਰੀ ਸ਼ਹੀਦੀ ਸਮਾਗਮ ਵਿਚ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖ਼ੁਸ਼ੀਆਂ ਪ੍ਰਾਪਤ ਕਰਨ। ਇਸ ਮੌਕੇ ਜਥੇਦਾਰ ਬਾਬਾ ਕਰਮਜੀਤ ਸਿੰਘ, ਮਹਾਂਕਾਲ ਜਥੇਦਾਰ ਬਾਬਾ ਜਤਿੰਦਰ ਸਿੰਘ, ਬਾਬਾ ਹਰਬੰਸ ਸਿੰਘ, ਬਾਬਾ ਆਤਮਾ ਸਿੰਘ, ਕਸ਼ਮੀਰ ਸਿੰਘ, ਕਹਿਰ ਸਿੰਘ, ਜਥੇਦਾਰ ਬਾਬਾ ਜੱਸਾ ਸਿੰਘ, ਗੋਲਡੀ, ਸ਼ੈਂਟੀ, ਹਰਜਿੰਦਰ ਸਿੰਘ, ਹਰਮਿੰਦਰ ਸਿੰਘ, ਜੱਗੀ ਪੂਨੀਆਂ ਤੇ ਜਗਦੀਪ ਸਿੰਘ ਵੀ ਮੌਜੂਦ ਸਨ।