ਜੈਤੋ, 31 ਦਸੰਬਰ (ਗੁਰਮੀਤਪਾਲ ਰੋੜੀਕਪੂਰਾ)-ਬੇਸ਼ੱਕ ਹਲਕਾ ਵਿਧਾਇਕ ਅਮੋਲਕ ਸਿੰਘ ਵਲੋਂ ਸ਼ਹਿਰ ਦੇ ਵਿਕਾਸ ਤੇ ਦਿਸ਼ਾ ਨੂੰ ਸੁਧਾਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ | ਪੰਜਾਬ ਸਰਕਾਰ ਵਲੋਂ ਸ਼ਹਿਰੀ ਸੜਕਾਂ ਦੇ ਨਿਰਮਾਣ ਲਈ ਗ੍ਰਾਂਟਾਂ ਵੀ ਜਾਰੀ ਕੀਤੀਆਂ ਗਈਆਂ ਹਨ, ਪਰ ਠੇਕੇਦਾਰਾਂ ਵਲੋਂ ਸੜਕ ਨਿਰਮਾਣ ਦੇ ਕੰਮ 'ਚ ਕੀਤੀ ਜਾ ਰਹੀ ਦੇਰੀ ਕਾਰਨ ਸਥਾਨਕ ਲੋਕਾਂ ਸਮੇਤ ਦੁਕਾਨਦਾਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਲਗਭਗ ਪਿਛਲੇ 20 ਦਿਨਾਂ ਤੋਂ ਰੇਲਵੇ ਫ਼ਾਟਕ ਵਾਲਾ ਮੁੱਖ ਰਸਤਾ ਬੰਦ ਹੋਣ ਕਾਰਨ ਆਵਾਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਈ ਹੈ, ਜਿਸ ਨਾਲ ਇਲਾਕੇ ਦਾ ਆਮ ਜੀਵਨ ਲਗਭਗ ਠੱਪ ਹੋ ਕੇ ਰਹਿ ਗਿਆ ਹੈ | ਰੇਲਵੇ ਫ਼ਾਟਕ ਨੇੜੇ ਸੜਕ ਬਣਾਉਣ ਦਾ ਕੰਮ ਸ਼ੁਰੂ ਤਾਂ ਕੀਤਾ ਗਿਆ ਸੀ, ਪਰ ਕੰਮ ਨੂੰ ਸਮੇਂ ਸਿਰ ਮੁਕੰਮਲ ਨਾ ਕਰਨ ਕਾਰਨ ਰਸਤਾ ਪੂਰੀ ਤਰ੍ਹਾਂ ਬੰਦ ਪਿਆ ਹੈ | ਸ੍ਰੀ ਮੁਕਤਸਰ ਸਾਹਿਬ ਤੇ ਪਿੰਡ ਮੱਲਣ, ਰਾਮੇਆਣਾ, ਰੋੜੀਕਪੂਰਾ, ਸਰਾਏਨਾਗਾ, ਮੜਾਕ, ਸੂਰਘੂਰੀ, ਕਾਸਮ ਭੱਟੀ, ਖੱਚੜਾਂ, ਕੋਟਲੀ, ਕਰੀਰਵਾਲੀ ਤੇ ਚੈਨਾ ਵਾਲੇ ਪਾਸਿਓਾ ਆਉਣ ਵਾਲੀਆਂ ਬੱਸਾਂ ਨੂੰ 15 ਤੋਂ 20 ਕਿਲੋਮੀਟਰ ਵੱਧ ਦੂਰੀ ਤਹਿ ਕਰਨੀ ਪੈਂਦੀ ਹੈ | ਦੂਸਰੇ ਪਾਸੇ ਲਾਈਨੋਂ ਪਾਰ ਦੇ ਲੋਕਾਂ ਨੂੰ ਵਾਹਨਾਂ 'ਤੇ ਬਾਜ਼ਾਰ 'ਚ ਆਉਣ ਲਈ 3 ਕਿਲੋਮੀਟਰ ਤੋਂ ਘੁੰਮ ਕੇ ਆਉਣਾ ਪੈਂਦਾ ਹੈ | ਖ਼ਾਸ ਕਰਕੇ ਮਰੀਜ਼ਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਲਾਕੇ ਦੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਰਸਤਾ ਬੰਦ ਹੋਣ ਨਾਲ ਗਾਹਕਾਂ ਦੀ ਆਵਾਜਾਈ ਨਾ ਮਾਤਰ ਰਹਿ ਗਈ ਹੈ | ਰੋਜ਼ਾਨਾ ਦੀ ਕਮਾਈ 'ਤੇ ਵੱਡਾ ਅਸਰ ਪਿਆ ਹੈ ਤੇ ਕਈ ਦੁਕਾਨਾਂ 'ਤੇ ਤਾਂ ਸਾਰਾ ਦਿਨ ਇਕ ਵੀ ਗਾਹਕ ਨਹੀਂ ਆ ਰਿਹਾ | ਦੁਕਾਨਦਾਰਾਂ ਅਨੁਸਾਰ ਜੇਕਰ ਹਾਲਾਤ ਇਹੋ ਜਿਹੇ ਬਣੇ ਰਹੇ ਤਾਂ ਛੋਟੇ ਵਪਾਰੀਆਂ ਲਈ ਦੁਕਾਨਾਂ ਨੂੰ ਚਲਾਉਣਾ ਮੁਸ਼ਕਿਲ ਹੋ ਜਾਵੇਗਾ | ਸਥਾਨਕ ਵਾਸੀਆਂ ਨੇ ਦੱਸਿਆ ਕਿ ਰਸਤਾ ਬੰਦ ਹੋਣ ਕਾਰਨ ਐਂਬੂਲੈਂਸ ਤੇ ਹੋਰ ਐਮਰਜੈਂਸੀ ਵਾਹਨਾਂ ਨੂੰ ਵੀ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਕਈ ਵਾਰ ਮਰੀਜ਼ਾਂ ਨੂੰ ਹਸਪਤਾਲ ਪਹੁੰਚਣ 'ਚ ਵਾਧੂ ਸਮਾਂ ਲੱਗ ਜਾਂਦਾ ਹੈ, ਜੋ ਜਾਨ ਲਈ ਖ਼ਤਰਾ ਬਣ ਸਕਦਾ ਹੈ | ਇਲਾਕਾ ਵਾਸੀਆਂ ਤੇ ਦੁਕਾਨਦਾਰਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸੜਕ ਬਣਾਉਣ ਦਾ ਕੰਮ ਜਲਦੀ ਤੋਂ ਜਲਦੀ ਮੁਕੰਮਲ ਕਰਵਾਇਆ ਜਾਵੇ ਜਾਂ ਘੱਟੋ-ਘੱਟ ਰੇਲਵੇ ਫ਼ਾਟਕ ਨੇੜੇ ਆਵਾਜਾਈ ਲਈ ਕੋਈ ਆਰਜ਼ੀ ਰਸਤਾ ਖੋਲਿ੍ਹਆ ਜਾਵੇ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ ਤੇ ਵਪਾਰਕ ਸਰਗਰਮੀਆਂ ਮੁੜ ਪਟੜੀ 'ਤੇ ਆ ਸਕਣ |