ਕੋਟਕਪੂਰਾ, 20 ਫ਼ਰਵਰੀ (ਮੇਘਰਾਜ)-ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਰੀਬ 5 ਕਰੋੜ ਰੁਪਏ ਦੀ ਲਾਗਤ ਨਾਲ ਮੁਰੰਮਤ ਹੋਣ ਵਾਲੀਆਂ 4 ਸੰਪਰਕ ਸੜਕਾਂ ਦੇ ਨੀਂਹ ਪੱਥਰ ਰੱਖੇ | ਇਨ੍ਹਾਂ ਪ੍ਰਾਜੈਕਟਾਂ ਨਾਲ ਇਲਾਕੇ ਦੀ ਆਵਾਜਾਈ ਪ੍ਰਣਾਲੀ ਮਜ਼ਬੂਤ ਹੋਵੇਗੀ ਅਤੇ ਕਿਸਾਨਾਂ, ਵਪਾਰੀਆਂ, ਵਿਦਿਆਰਥੀਆਂ ਅਤੇ ਆਮ ਲੋਕਾਂ ਨੂੰ ਵੱਡੀ ਸਹੂਲਤ ਮਿਲੇਗੀ | ਉਨ੍ਹਾਂ ਦੱਸਿਆ ਕਿ ਇਨ੍ਹਾਂ ਸੜਕਾਂ 'ਚ 26.36 ਲੱਖ ਰੁਪਏ ਨਾਲ ਕੋਟਕਪੂਰਾ-ਦੇਵੀਵਾਲਾ-ਸਿਰਸੜੀ-ਕੋਟਸੁਖੀਆਂ ਦੀ ਮੁਰੰਮਤ, 2.59 ਕਰੋੜ ਰੁਪਏ ਨਾਲ ਕੋਟਕਪੂਰਾ ਤੋਂ ਕਾਸਮਭੱਟੀ ਦੀ ਮੁਰੰਮਤ, 44.57 ਲੱਖ ਰੁਪਏ ਨਾਲ ਮੌੜ ਤੋਂ ਸਮਾਘ ਦੀ ਮੁਰੰਮਤ ਅਤੇ 47.33 ਲੱਖ ਰੁਪਏ ਨਾਲ ਕੋਟਕਪੂਰਾ-ਮੁਕਤਸਰ ਰੋਡ ਤੋਂ ਕੋਠੇ ਬੇਰ ਵਾਲਾ ਤੋਂ ਦੁਆਰੇਆਣਾ ਰੋਡ ਦੀ ਮੁਰੰਮਤ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ | ਉਨ੍ਹਾਂ ਕਿਹਾ ਕਿ ਸੜਕਾਂ ਦੀ ਮੁਰੰਮਤ ਨਾਲ ਪਿੰਡਾਂ ਦੀਆਂ ਮੰਡੀਆਂ, ਸਕੂਲਾਂ, ਸਿਹਤ ਕੇਂਦਰਾਂ ਤੇ ਮੁੱਖ ਸੜਕਾਂ ਨਾਲ ਸੰਪਰਕ ਹੋਰ ਮਜ਼ਬੂਤ ਹੋਵੇਗਾ | ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ 'ਚ ਕਿਸੇ ਵੀ ਕਿਸਮ ਦੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਤੇ ਇਹ ਪ੍ਰਾਜੈਕਟ 31 ਮਾਰਚ ਤੱਕ ਪੂਰੇ ਹੋ ਜਾਣਗੇ | ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਕੋਟਕਪੂਰਾ ਗੁਰਮੀਤ ਸਿੰਘ ਆਰੇਵਾਲਾ ਵੱਖ-ਵੱਖ ਪਿੰਡਾਂ ਦੇ ਸਰਪੰਚ, ਪੰਚ, ਪਾਰਟੀ ਆਗੂ, ਇਲਾਕਾ ਨਿਵਾਸੀ ਤੇ ਵਿਭਾਗੀ ਅਧਿਕਾਰੀ ਵੀ ਹਾਜ਼ਰ ਸਨ |