ਕੋਟਕਪੂਰਾ, 21 ਫ਼ਰਵਰੀ (ਗੁਰਿੰਦਰ ਸਿੰਘ)- ਸਰਕਾਰੀ ਹਸਪਤਾਲ ਵਿਖੇ ਜੇਰੇ ਇਲਾਜ ਅੰਕੁਸ਼ ਜੈਨ ਪੁੱਤਰ ਰਾਜ ਕੁਮਾਰ ਵਾਸੀ ਮੁਹੱਲਾ ਗੋਬਿੰਦਪੁਰੀ ਕੋਟਕਪੂਰਾ ਨੇ ਪੁਲਿਸ ਨੂੰ ਦਿੱਤੇ ਬਿਆਨ ਵਿਚ ਦੱਸਿਆ ਕਿ ਉਸ ਨੂੰ ਅਗਵਾ ਕਰਕੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ | ਸ਼ਿਕਾਇਤਕਰਤਾ ਮੁਤਾਬਿਕ ਉਹ ਬਿੱਟੂ ਬਾਂਸਲ ਉਰਫ਼ ਅਤਿਨ ਦੀ ਆੜ੍ਹਤ ਦੀ ਦੁਕਾਨ 'ਤੇ ਕੰਮ ਕਰਦਾ ਸੀ ਅਤੇ ਉਸ ਕੋਲੋਂ ਡੇਢ ਲੱਖ ਰੁਪਏ ਅਡਵਾਂਸ ਲਏ ਹੋਏ ਸਨ, ਪਰ ਉਹ ਹਟਣ ਤੋਂ ਬਾਅਦ ਉਹ ਫ਼ਿਰੋਜ਼ਪੁਰ ਨੇੜਲੇ ਪਿੰਡ ਧੀਰਾ ਪੱਤਰਾ ਦੇ ਸ਼ੈਲਰ ਵਿਚ ਬਤੌਰ ਅਕਾਊਾਟੈਂਟ ਨੌਕਰੀ ਕਰਨ ਲੱਗ ਪਿਆ | ਸ਼ਿਕਾਇਤਕਰਤਾ ਨੇ ਦੱਸਿਆ ਕਿ ਬਿੱਟੂ ਬਾਂਸਲ ਨੇ ਉਸ ਕੋਲੋਂ ਚਾਰ ਖਾਲੀ ਚੈੱਕ ਲਏ ਸਨ ਅਤੇ ਮੇਰਾ ਮੋਟਰਸਾਈਕਲ ਵੀ ਉਸ ਕੋਲ ਸੀ | ਪੀੜਤ ਮੁਤਾਬਿਕ ਬੀਤੀ 14 ਫ਼ਰਵਰੀ ਨੂੰ ਸ਼ਿਕਾਇਤਕਰਤਾ ਕੋਲ ਮਨੀ ਅਤੇ ਸੂਰਜ ਵਾਸੀ ਕੋਟਕਪੂਰਾ ਆਏ ਅਤੇ ਉਸ ਤੋਂ ਬਾਅਦ ਬਿੱਟੂ ਬਾਂਸਲ, ਬਲਰਾਮ, ਵਿਜੈ ਉਰਫ਼ ਵਿੱਕੀ, ਕਾਕਾ ਚੌਧਰੀ ਵੀ ਆ ਗਏ ਅਤੇ ਉਨ੍ਹਾਂ ਨੂੰ ਦੇਖ ਕੇ ਸੂਰਜ ਨੇ ਪਿਸਤੌਲ ਦੀ ਨੋਕ 'ਤੇ ਉਸ ਨੂੰ ਕਾਰ ਵਿਚ ਅਗਵਾ ਕਰ ਲਿਆ ਅਤੇ ਕੋਟਕਪੂਰਾ ਨੇੜੇ ਬਠਿੰਡਾ ਹਾਈਵੇ 'ਤੇ ਬਲਰਾਮ ਉਰਫ਼ ਬੌਬੀ ਨੂੰ ਪੀੜਤ ਦਾ ਫੋਨ ਦੇ ਕੇ ਉਤਾਰ ਦਿੱਤਾ ਅਤੇ ਬਿੱਟੂ ਬਾਂਸਲ ਦੇ ਸ਼ੈਲਰ ਵਿਕਟੋਰੀਆ ਫੂਡ ਦੇਵੀਵਾਲਾ ਰੋਡ ਕੋਟਕਪੂਰਾ ਵਿਖੇ ਲੈ ਗਏ | ਜਿੱਥੇ ਉਨ੍ਹਾਂ ਪੀੜਤ ਨੂੰ ਕਥਿਤ ਤੌਰ 'ਤੇ ਅਲਫ਼ ਨੰਗਾ ਕਰਕੇ ਦਰੱਖ਼ਤ ਨਾਲ ਬੰਨ੍ਹ ਦਿੱਤਾ ਅਤੇ ਕੁੱਟਮਾਰ ਕਰਨ ਦੇ ਨਾਲ ਨਾਲ ਗੁਪਤ ਅੰਗ ਵੱਢਣ ਦੀ ਕੋਸ਼ਿਸ਼ ਵੀ ਕੀਤੀ | ਫਿਰ ਜਾਨੋ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਇਕ ਕਮਰੇ ਵਿਚ ਬੰਦ ਕਰ ਦਿੱਤਾ, ਜਿੱਥੋਂ ਉਹ ਬੜੀ ਮੁਸ਼ਕਿਲ ਨਾਲ ਨਿਕਲਿਆ | ਸ਼ਿਕਾਇਤ ਕਰਤਾ ਮੁਤਾਬਿਕ ਮਮਦੋਟ ਥਾਣੇ ਦੀ ਪੁਲਿਸ ਨੇ ਵੱਖ-ਵੱਖ ਧਾਰਾਵਾਂ ਤਹਿਤ ਉਕਤ 6 ਵਿਅਕਤੀਆਂ ਨੂੰ ਨਾਮਜ਼ਦ ਕਰਕੇ ਸਮੁੱਚੇ ਮਾਮਲੇ ਦੀ ਪੜਤਾਲ ਜਾਰੀ ਹੈ |