ਸ੍ਰੀ ਮੁਕਤਸਰ ਸਾਹਿਬ, 22 ਫ਼ਰਵਰੀ (ਰਣਜੀਤ ਸਿੰਘ ਢਿੱਲੋਂ)-ਨਿਰੋਲ ਸੇਵਾ ਸੰਸਥਾ ਸ੍ਰੀ ਮੁਕਤਸਰ ਸਾਹਿਬ ਵਲੋਂ 16ਵਾਂ ਮਹਾਨ ਨਗਰ ਕੀਰਤਨ 28 ਫ਼ਰਵਰੀ ਦਿਨ ਸ਼ਨਿਚਰਵਾਰ ਤੋਂ 6 ਮਾਰਚ ਸ਼ੁੱਕਰਵਾਰ ਤੱਕ ਸਜਾਇਆ ਜਾ ਰਿਹਾ ਹੈ | ਸੰਸਥਾ ਦੇ ਮੁਖੀ ਡਾ. ਜਗਦੀਪ ਸਿੰਘ ਸੋਢੀ ਨੇ ਦੱਸਿਆ ਕਿ ਨਗਰ ਕੀਰਤਨ ਦੀ ਆਰੰਭਤਾ ਗੁਰਦੁਆਰਾ ਗੁਪਤਸਰ ਸਾਹਿਬ ਪਾਤਿਸ਼ਾਹੀ ਦਸਵੀਂ ਛੱਤਿਆਣਾ (ਸ੍ਰੀ ਮੁਕਤਸਰ ਸਾਹਿਬ) ਤੋਂ ਹੋਵੇਗੀ ਅਤੇ ਇਸ ਦੀ ਸੰਪੂਰਨਤਾ ਗੁਰਦੁਆਰਾ ਕਰਤਾਰਪੁਰ ਸਾਹਿਬ ਨੂੰ ਜਾਂਦੇ ਰਸਤੇ ਪਾਕਿਸਤਾਨ ਬਾਰਡਰ ਵਿਖੇ ਹੋਵੇਗੀ | ਗੁਰਦੁਆਰਾ ਗੁਪਤਸਰ ਸਾਹਿਬ ਤੋਂ 28 ਫ਼ਰਵਰੀ ਨੂੰ ਸਵੇਰੇ 8 ਵਜੇ ਅਰਦਾਸ ਉਪਰੰਤ ਇਹ ਨਗਰ ਕੀਰਤਨ ਸ਼ੁਰੂ ਹੋਵੇਗਾ | ਨਗਰ ਕੀਰਤਨ ਵਿਚ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ, ਸ੍ਰੀ ਹਰਿਮੰਦਰ ਸਾਹਿਬ, ਗੁਰਦੁਆਰਾ ਕਰਤਾਰਪੁਰ ਸਾਹਿਬ ਅਤੇ ਗੁਰਦੁਆਰਾ ਪੰਜਾ ਸਾਹਿਬ ਦੇ ਦੁਨੀਆਂ ਦੇ ਸਭ ਤੋਂ ਵੱਡੇ ਮਾਡਲ ਬਣਾ ਕੇ ਵੱਡੇ-ਵੱਡੇ ਟਰਾਲਿਆਂ ਉੱਪਰ ਸਜਾ ਕੇ ਨਗਰ ਕੀਰਤਨ 'ਚ ਸ਼ਾਮਿਲ ਕੀਤੇ ਜਾਣਗੇ | ਇਹ ਨਗਰ ਕੀਰਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਤੇ ਸ੍ਰੀ ਮੁਕਤਸਰ ਸਾਹਿਬ ਦੇ 64 ਪਿੰਡਾਂ ਦੇ ਸਾਰੇ ਸਕੂਲਾਂ 'ਚ 13 ਹਜ਼ਾਰ ਬੱਚਿਆਂ ਦੇ ਜਪੁਜੀ ਸਾਹਿਬ ਦੇ ਸ਼ੁੱਧ ਉਚਾਰਨ ਅਤੇ ਕੰਠ ਮੁਕਾਬਲਿਆਂ ਦੀ ਅਰਦਾਸ ਦੇ ਸਬੰਧ ਵਿਚ ਕਰਵਾਇਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਪਹਿਲੇ ਦਿਨ ਨਗਰ ਕੀਰਤਨ ਪਿੰਡ ਛੱਤਿਆਣਾ, ਸੁਖਨਾ ਅਬਲੂ, ਦੋਦਾ, ਭੁੱਲਰ, ਖਿੜਕੀਆਂ ਵਾਲਾ, ਭੁੱਟੀਵਾਲਾ, ਆਸਾ ਬੁੱਟਰ, ਹਰੀਕੇ ਕਲਾਂ, ਸੂਰੇਵਾਲਾ, ਕਾਉਣੀ, ਧੂਲਕੋਟ, ਮੱਲਣ, ਰਾਮੇਆਣਾ, ਕਾਸਮ ਭੱਟੀ, ਹਰੀ ਨੌਂ, ਮੱਤਾ ਅਜਿੱਤ ਗਿੱਲ ਤੋਂ ਹੁੰਦਾ ਹੋਇਆ ਰਾਤ ਦਾ ਵਿਸ਼ਰਾਮ ਗੁਰਦੁਆਰਾ ਦੋਦਾ ਤਾਲ ਪਾਤਿਸ਼ਾਹੀ ਦਸਵੀਂ ਗੁਰੂ ਕੀ ਢਾਬ ਵਿਖੇ ਕਰੇਗਾ | ਪਹਿਲੀ ਮਾਰਚ ਨੂੰ ਇੱਥੋਂ ਆਰੰਭ ਹੋ ਕੇ ਵੱਖ-ਵੱਖ ਪਿੰਡਾਂ ਅਤੇ ਕੋਟਕਪੂਰਾ, ਫਰੀਦਕੋਟ, ਮੁਦਕੀ ਤੋਂ ਹੁੰਦਾ ਹੋਇਆ ਰਾਤ ਦਾ ਵਿਸ਼ਰਾਮ ਗੁਰਦੁਆਰਾ ਜਾਮਣੀ ਸਾਹਿਬ ਪਾਤਿਸ਼ਾਹੀ ਦਸਵੀਂ ਫ਼ਿਰੋਜ਼ਪੁਰ ਵਿਖੇ ਕਰੇਗਾ | 2 ਮਾਰਚ ਨੂੰ ਇੱਥੋਂ ਸਵੇਰੇ 7:30 ਵਜੇ ਸ਼ੁਰੂ ਹੋ ਕੇ ਵੱਖ-ਵੱਖ ਪਿੰਡਾਂ, ਜ਼ੀਰਾ, ਮਖੂ ਅਤੇ ਲੋਹੀਆਂ ਖਾਸ ਤੋਂ ਹੁੰਦਾ ਹੋਇਆ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਰਾਤ ਦਾ ਵਿਸ਼ਰਾਮ ਕਰੇਗਾ | 3 ਮਾਰਚ ਨੂੰ ਸਵੇਰੇ 7:30 ਵਜੇ ਆਰੰਭਤਾ ਹੋਵੇਗੀ, ਜਿਸ ਮਗਰੋਂ ਡੰਡਵਿੰਡੀ, ਹੁਸੈਨਪੁਰ, ਕੋਚ ਫੈਕਟਰੀ ਅੱਡਾ, ਕਪੂਰਥਲਾ ਸ਼ਹਿਰ, ਢਿੱਲਵਾਂ, ਦਿਆਲਪੁਰ ਹੁੰਦਾ ਹੋਇਆ ਰਾਤ ਦਾ ਵਿਸ਼ਰਾਮ ਗੁਰਦੁਆਰਾ ਗੰਗਸਰ ਸਾਹਿਬ ਕਰਤਾਰਪੁਰ ਵਿਖੇ ਹੋਵੇਗਾ | 4 ਮਾਰਚ ਨੂੰ ਸਵੇਰੇ 8:30 ਵਜੇ ਆਰੰਭਤਾ ਹੋਵੇਗੀ | ਇਸ ਤੋਂ ਬਾਅਦ ਵੱਖ-ਵੱਖ ਪਿੰਡਾਂ 'ਚੋਂ ਹੁੰਦੇ ਹੋਏ ਬੇਗੋਵਾਲ, ਮਾੜੀ ਪੰਨੂਆਂ, ਹਰਚੋਵਾਲ ਅਤੇ ਤੁਗਲਵਾਲ ਹੁੰਦੇ ਹੋਏ ਰਾਤ ਦਾ ਵਿਸ਼ਰਾਮ ਗੁਰਦੁਆਰਾ ਸਾਹਿਬ ਬਾਬਾ ਰਾਜਾ ਰਾਮ ਵਿਖੇ ਹੋਵੇਗਾ | 5 ਮਾਰਚ ਨੂੰ ਛੇਵੇਂ ਦਿਨ ਦੀ ਆਰੰਭਤਾ ਇੱਥੋਂ 7:30 ਵਜੇ ਹੋਵੇਗੀ, ਵੱਖ-ਵੱਖ ਪਿੰਡਾਂ ਅੱਡਾ ਮਿਆਣੀ, ਅੱਡਾ ਸਿੱਧਵਾਂ, ਅਕਾਲ ਅਕੈਡਮੀ, ਬੱਬੇਹਾਲੀ, ਗਜਨੀਪੁਰ, ਸ਼ੇਖੂਪੁਰ, ਅੱਡਾ ਉੱਪਲ, ਕਲਾਨੌਰ, ਕਾਦੀਆਂ, ਅਗਵਾਨ, ਚੰਦੂ ਨਗਰ ਤੇ ਕਾਹਲਾਂਵਾਲੀ ਚੌਂਕ ਹੁੰਦਾ ਹੋਇਆ ਰਾਤ ਦਾ ਵਿਸ਼ਰਾਮ ਗੁਰਦੁਆਰਾ ਪਾਤਸ਼ਾਹੀ ਪਹਿਲੀ ਡੇਰਾ ਬਾਬਾ ਨਾਨਕ ਵਿਖੇ ਕੀਤਾ ਜਾਵੇਗਾ | ਇਸ ਤਰ੍ਹਾਂ 6 ਮਾਰਚ ਦਿਨ ਸ਼ੁੱਕਰਵਾਰ ਨੂੰ ਅਖੀਰਲੇ ਦਿਨ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਤੋਂ ਸਵੇਰੇ 8:30 ਵਜੇ ਆਰੰਭ ਹੋ ਕੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ (ਬਾਰਡਰ) ਨਗਰ ਕੀਰਤਨ ਦੀ ਸਮਾਪਤੀ ਹੋਵੇਗੀ | ਸ: ਸੋਢੀ ਨੇ ਸਮੂਹ ਸੰਗਤ ਨੂੰ ਬੇਨਤੀ ਕੀਤੀ ਕਿ ਹੁੰਮ-ਹੁੰਮਾ ਕੇ ਇਸ ਨਗਰ ਕੀਰਤਨ ਵਿਚ ਸ਼ਾਮਿਲ ਹੋਇਆ ਜਾਵੇ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਜਾਣ |