ਸ੍ਰੀ ਮੁਕਤਸਰ ਸਾਹਿਬ, 23 ਫ਼ਰਵਰੀ (ਰਣਜੀਤ ਸਿੰਘ ਢਿੱਲੋਂ)-ਪੰਜਾਬ ਸਰਕਾਰ ਦੀ ਰਹਿਨੁਮਾਈ ਅਤੇ ਭਾਸ਼ਾ ਵਿਭਾਗ ਪੰਜਾਬ ਦੇ ਨਿਰਦੇਸ਼ਕ ਜਸਵੰਤ ਸਿੰਘ ਜਫ਼ਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਭਾਸ਼ਾ ਦਫ਼ਤਰ ਸ੍ਰੀ ਮੁਕਤਸਰ ਸਾਹਿਬ ਵਲੋਂ ਜ਼ਿਲ੍ਹੇ ਦੇ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਦੇ ਭਾਸ਼ਣ ਮੁਕਾਬਲੇ ਕਰਵਾਏ ਗਏ | ਜ਼ਿਲ੍ਹਾ ਭਾਸ਼ਾ ਅਫ਼ਸਰ ਮਨਜੀਤ ਪੁਰੀ ਦੀ ਅਗਵਾਈ ਹੇਠ ਬਾਵਾ ਨਿਹਾਲ ਸਿੰਘ ਬੀ.ਐੱਡ. ਕਾਲਜ ਵਿਖੇ ਕਰਵਾਏ ਗਏ ਇਸ ਸਮਾਗਮ 'ਚ ਜ਼ਿਲ੍ਹੇ ਦੇ ਵਿਦਿਆਰਥੀਆਂ ਨੇ ਵਧ-ਚੜ੍ਹ ਕੇ ਭਾਗ ਲਿਆ | ਸਮਾਗਮ ਦੀ ਸ਼ੁਰੂਆਤ ਵਿਭਾਗੀ ਧੁਨੀ ਨਾਲ ਕੀਤੀ ਗਈ | ਵਿਦਿਆਰਥੀਆਂ ਨੇ ਆਪਣੇ ਵਿਚਾਰਾਂ ਰਾਹੀਂ ਮਾਂ ਬੋਲੀ ਪੰਜਾਬੀ ਦੀ ਮਹੱਤਤਾ ਬਾਰੇ ਬੋਲਦਿਆਂ ਕਿਹਾ ਕਿ ਇਹ ਸਿਰਫ਼ ਭਾਸ਼ਾ ਨਹੀਂ, ਸਗੋਂ ਸਾਡੀ ਪਹਿਚਾਣ ਤੇ ਵਿਰਾਸਤ ਹੈ | ਸਮੂਹ ਹਾਜ਼ਰੀਨ ਨੇ ਬਹੁਤ ਹੀ ਟਿਕਵੇਂ ਮਾਹੌਲ 'ਚ ਬੱਚਿਆਂ ਨੂੰ ਬਹੁਤ ਗਹੁ ਨਾਲ ਸੁਣਿਆ | ਖੋਜ ਅਫ਼ਸਰ ਬਲਜਿੰਦਰ ਜੌੜਕੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਸ਼ਣ ਮੁਕਾਬਲਿਆਂ ਦੇ ਸਕੂਲ ਪੱਧਰ 'ਤੇ ਨਤੀਜਿਆਂ 'ਚੋਂ ਖ਼ੁਸ਼ੀ ਸ.ਸ.ਸ.ਸ. ਲੱਖੇਵਾਲੀ ਨੇ ਪਹਿਲਾ, ਪੂਜਾ ਰਾਣੀ ਸ.ਸ.ਸ.ਸ. ਕੰਨਿਆ ਸ੍ਰੀ ਮੁਕਤਸਰ ਸਾਹਿਬ ਨੇ ਦੂਜਾ ਅਤੇ ਸੁਖਵੀਰ ਕੌਰ ਸ.ਸ.ਸ.ਸ. ਕੰਨਿਆ ਗਿੱਦੜਬਾਹਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਅਤੇ ਕਾਲਜ ਪੱਧਰ ਦੇ ਮੁਕਾਬਲਿਆਂ 'ਚੋਂ ਸਿਮਰਜੀਤ ਕੌਰ ਡੀ.ਏ.ਵੀ. ਕਾਲਜ ਮਲੋਟ ਨੇ ਪਹਿਲਾ, ਸੰਦੀਪ ਕੌਰ ਐੱਮ.ਐੱਮ.ਡੀ. ਡੀ.ਏ.ਵੀ. ਕਾਲਜ ਗਿੱਦੜਬਾਹਾ ਨੇ ਦੂਜਾ ਤੇ ਸਿਮਰਨਜੀਤ ਕੌਰ ਡੀ.ਏ.ਵੀ. ਕਾਲਜ ਮਲੋਟ ਨੇ ਤੀਜਾ ਸਥਾਨ ਹਾਸਲ ਕੀਤਾ | ਇਸ ਪ੍ਰਕਾਰ ਭਾਸ਼ਣ ਮੁਕਾਬਲਿਆਂ 'ਚ ਨਿਰਣਾਇਕ ਦੀ ਭੂਮਿਕਾ ਪ੍ਰਵੀਨ ਕੁਮਾਰ ਲੈਕਚਰਾਰ ਰੁਪਾਣਾ, ਜਗਤਾਰ ਸਿੰਘ ਪੰਜਾਬੀ ਮਾਸਟਰ ਹਰਾਜ ਅਤੇ ਸਰਬਜੀਤ ਕੌਰ ਐੱਮ.ਐੱਮ.ਡੀ. ਡੀ.ਏ.ਵੀ. ਕਾਲਜ ਗਿੱਦੜਬਾਹਾ ਨੇ ਨਿਭਾਈ | ਉਨ੍ਹਾਂ ਕਿਹਾ ਕਿ ਭਾਸ਼ਾ ਵਿਭਾਗ ਵਲੋਂ ਜੇਤੂ ਵਿਦਿਆਰਥੀਆਂ ਨੂੰ ਕਿਤਾਬਾਂ ਦੇ ਸੈੱਟ ਤੇ ਸਰਟੀਫ਼ਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ | ਸਮਾਗਮ ਦੀ ਵਿਸ਼ੇਸ਼ ਗੱਲ ਇਹ ਰਹੀ ਕਿ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ | ਸਮਾਗਮ ਦੇ ਦੂਜੇ ਸੈਸ਼ਨ ਦੌਰਾਨ ਡਾ. ਗੁਰਪ੍ਰੀਤ ਸਿੰਘ ਸਹਾਇਕ ਪ੍ਰੋਫ਼ੈਸਰ ਮਹਾਰਾਜ ਰਣਜੀਤ ਸਿੰਘ ਪੰਜਾਬ ਸਟੇਟ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਵਲੋਂ 'ਪੰਜਾਬੀ ਮੀਡੀਆ : ਗ਼ਲਤੀਆਂ ਅਤੇ ਸੁਧਾਰ' ਵਿਸ਼ੇ 'ਤੇ ਬਹੁਤ ਵਿਸਥਾਰ ਨਾਲ ਪੀ.ਪੀ.ਟੀ. ਅਧਾਰਿਤ ਭਾਸ਼ਣ ਦਿੱਤਾ ਗਿਆ | ਸਮਾਗਮ ਦੇ ਅੰਤ 'ਚ ਜੱਜ ਸਾਹਿਬਾਨ ਤੇ ਬਾਹਰੋਂ ਆਈਆਂ ਸ਼ਖ਼ਸੀਅਤਾਂ ਦਾ ਭਾਸ਼ਾ ਵਿਭਾਗ ਵਲੋਂ ਸਨਮਾਨ ਕੀਤਾ ਗਿਆ | ਮੰਚ ਦਾ ਸੰਚਾਲਨ ਖੋਜ ਅਫ਼ਸਰ ਬਲਜਿੰਦਰ ਜੌੜਕੀਆਂ ਵਲੋਂ ਕੀਤਾ ਗਿਆ | ਇਸ ਮੌਕੇ ਵਿਦਿਆਰਥੀਆਂ ਨੂੰ ਕਿਤਾਬਾਂ ਨਾਲ ਜੋੜਨ ਲਈ ਜਗਮੀਤ ਸਿੰਘ ਵਲੋਂ ਪੁਸਤਕ ਪ੍ਰਦਰਸ਼ਨੀ ਲਗਾਈ ਗਈ | ਜ਼ਿਲ੍ਹਾ ਸਿੱਖਿਆ ਦਫ਼ਤਰ ਸੈਕੰਡਰੀ ਸਿੱਖਿਆ ਸ੍ਰੀ ਮੁਕਤਸਰ ਸਾਹਿਬ ਵਲੋਂ ਗੁਰਮੇਲ ਸਿੰਘ ਸਾਗੂ ਜ਼ਿਲ੍ਹਾ ਰਿਸੋਰਸ ਕੋਆਰਡੀਨੇਟਰ ਨੇ ਕਿਹਾ ਕਿ ਅਸੀਂ ਮਾਂ ਬੋਲੀ ਦਾ ਦੇਣ ਕਦੇ ਵੀ ਨਹੀਂ ਦੇ ਸਕਦੇ ਅਤੇ ਸਾਨੂੰ ਮਾਂ ਬੋਲੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਯਤਨਸ਼ੀਲ ਰਹਿਣਾ ਚਾਹੀਦਾ ਹੈ | ਪੰਜਾਬੀ ਅਧਿਆਪਕ ਗੁਰਨਾਮ ਨੂੰ ਪੰਜਾਬੀ ਪ੍ਰਤੀ ਯੋਗਦਾਨ ਕਰਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪਰਮਿੰਦਰ ਸਿੰਘ ਖੋਖਰ ਥਾਂਦੇਵਾਲਾ, ਭੁਪਿੰਦਰ ਕੌਰ ਮਲੋਟ, ਸਤਨਾਮ ਸਿੰਘ, ਜਸਪਾਲ ਸਿੰਘ ਪ੍ਰਬੰਧਕੀ ਨਿਰਦੇਸ਼ਕ ਅਤੇ ਬਾਵਾ ਨਿਹਾਲ ਸਿੰਘ ਬੀ.ਐੱਡ. ਕਾਲਜ ਦੇ ਸਟਾਫ਼ ਵਲੋਂ ਸ਼ਮੂਲੀਅਤ ਕੀਤੀ ਗਈ |