ਫ਼ਰੀਦਕੋਟ, 2 ਅਪ੍ਰੈਲ (ਸਰਬਜੀਤ ਸਿੰਘ)-ਸਥਾਨਕ ਅੰਬੇਦਕਰ ਨਗਰ ਵਿਖੇ ਦੋ ਵਿਅਕਤੀਆਂ ਵਲੋਂ ਇਕ ਪੁਲਿਸ ਮੁਲਾਜ਼ਮ ਦੇ ਜਬਰੀ ਘਰ ਵਿਚ ਵੜ ਕੇ ਸਿਰ 'ਤੇ ਰਿਵਾਲਵਰ ਰੱਖਣ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਵਲੋਂ ਇਸ ਮਾਮਲੇ ਵਿਚ ਰਿਵਾਲਵਰ ਰੱਖਣ ਵਾਲੇ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ, ਜਦੋਂ ਕਿ ਦੂਜੇ ਕਥਿਤ ਦੋਸ਼ੀ ਨੂੰ ਗਿ੍ਫ਼ਤਾਰ ਕਰਨ ਲਈ ਪੁਲਿਸ ਕਾਰਵਾਈ ਕਰ ਰਹੀ ਹੈ | ਪੁਲਿਸ ਵਲੋਂ ਦੋਵਾਂ ਕਥਿਤ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ | ਪ੍ਰਾਪਤ ਸੂਚਨਾ ਅਨੁਸਾਰ ਬਰਨਪਾਲ ਸਿੰਘ ਵਲੋਂ ਪੁਲਿਸ ਨੂੰ ਬਿਆਨ ਦਰਜ ਕਰਵਾਇਆ ਗਿਆ ਹੈ ਕਿ ਉਹ ਪੁਲਿਸ ਵਿਚ ਨੌਕਰੀ ਕਰਦਾ ਹੈ | ਸ਼ਾਮ ਵੇਲੇ ਜਦੋਂ ਉਹ ਅੰਬੇਦਕਰ ਨਗਰ, ਫ਼ਰੀਦਕੋਟ ਵਿਖੇ ਆਪਣੇ ਘਰ ਵਿਚ ਮੌਜੂਦ ਸੀ ਤਾਂ ਮੋਟਰਸਾਈਕਲ 'ਤੇ ਦੋ ਵਿਅਕਤੀ ਆਏ ਤੇ ਜਬਰੀ ਉਸ ਦੇ ਘਰ ਅੰਦਰ ਵੜ ਗਏ | ਜਿਨ੍ਹਾਂ ਵਿਚੋਂ ਇਕ ਮਨਪ੍ਰੀਤ ਸਿੰਘ ਪੁੱਤਰ ਸੇਵਾ ਸਿੰਘ ਵਲੋਂ ਕਥਿਤ ਤੌਰ 'ਤੇ ਉਸ ਦੇ ਸਿਰ ਉਪਰ ਰਿਵਾਲਵਰ ਰੱਖ ਲਿਆ | ਉਸ ਨੇ ਰੌਲਾ ਪਾਇਆ ਤਾਂ ਦੋਵੇਂ ਉਥੋਂ ਭੱਜ ਗਏ | ਐਸ.ਆਈ. ਰੁਪਿੰਦਰ ਸਿੰਘ ਨੇ ਦੱਸਿਆ ਕਿ ਦੋਵਾਂ ਕਥਿਤ ਦੋਸ਼ੀਆਂ ਖ਼ਿਲਾਫ਼ ਥਾਣਾ ਸਿਟੀ ਫ਼ਰੀਦਕੋਟ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਮਨਪ੍ਰੀਤ ਸਿੰਘ ਨੂੰ ਕਾਬੂ ਕਰਕੇ ਉਸ ਪਾਸੋਂ ਇਕ ਰਿਵਾਲਵਰ ਸਮੇਤ 11 ਰੋਂਦ ਜਿੰਦਾ ਬਰਾਮਦ ਕਰ ਲਏ ਗਏ ਹਨ ਅਤੇ ਇਸ ਵਾਰਦਾਤ 'ਚ ਵਰਤਿਆ ਗਿਆ ਮੋਟਰਸਾਈਕਲ ਵੀ ਕਬਜ਼ੇ ਵਿਚ ਕਰ ਲਿਆ ਗਿਆ ਹੈ | ਉਨ੍ਹਾਂ ਕਿਹਾ ਕਿ ਦੂਜੇ ਕਥਿਤ ਦੋਸ਼ੀ ਨੂੰ ਵੀ ਜਲਦ ਗਿ੍ਫ਼ਤਾਰ ਕਰ ਲਿਆ ਜਾਵੇਗਾ |