ਲੰਬੀ, 2 ਅਪ੍ਰੈਲ (ਮੇਵਾ ਸਿੰਘ)-ਪਿਛਲੇ ਦਿਨੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਵੱਖ-ਵੱਖ ਪਿੰਡਾਂ ਵਿਚ ਹੋਈ ਭਾਰੀ ਬਾਰਿਸ਼ ਤੇ ਗੜ੍ਹੇਮਾਰੀ ਕਾਰਨ ਫ਼ਸਲਾਂ ਨੂੰ ਪੁੱਜੇ ਨੁਕਸਾਨ ਦਾ ਜਾਇਜ਼ਾ ਲੈਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵਿਸ਼ੇਸ਼ ਗਿਰਦਾਵਰੀ ਕਰਨ ਦਾ ਹੁਕਮ ਜਾਰੀ ਕੀਤਾ ਗਿਆ ਹੈ | ਜਾਣਕਾਰੀ ਦਿੰਦਿਆਂ ਡਾ. ਸੁਖਚੈਨ ਸਿੰਘ ਏ.ਡੀ.ਓ. ਲੰਬੀ ਨੇ ਦੱਸਿਆ ਕਿ ਬਰਸਾਤ ਤੇ ਗੜਿ੍ਹਆਂ ਨਾਲ ਨੁਕਸਾਨੀ ਕਣਕ ਦੀ ਫ਼ਸਲ ਅਨੁਸਾਰ ਬਲਾਕ ਦੇ ਪਿੰਡ ਲੰਬੀ 'ਚ 50 ਏਕੜ, ਅਬੁੱਲਖੁਰਾਣਾ ਤੇ ਖਿਉਵਾਲੀ 'ਚ 50-50, ਲਾਲਬਾਈ 'ਚ 3000, ਥਰਾਜਵਾਲਾ 'ਚ 3500, ਬੀਦੋਵਾਲੀ 'ਚ 1100, ਚੰਨੂੰ ਵਿਚ 3500, ਪਿੰਡ ਮਾਨ 'ਚ 400, ਫੁੱਲੂਖੇੜਾ ਵਿਚ 800, ਡੱਬਵਾਲੀ ਮਲਕੋ ਵਿਚ 800, ਖੇਮਾਖੇੜਾ ਵਿਚ 600, ਫੱਤਕੇਰਾ 600, ਘੁਮਿਆਰਾ 400 ਤੇ ਵੜਿੰਗ ਖੇੜਾ ਵਿਚ 400 ਏਕੜ ਕੁੱਲ 15,250 ਏਕੜ ਕਣਕ ਪ੍ਰਭਾਵਿਤ ਹੋਣ ਦਾ ਅਨੁਮਾਨ ਹੈ | ਹੋਰ ਜਾਣਕਾਰੀ ਅਨੁਸਾਰ ਬਰਸਾਤ ਨਾਲ ਖ਼ਰਾਬ ਹੋਈਆਂ ਫ਼ਸਲਾਂ ਦੀ ਗਿਰਦਾਵਰੀ ਪੰਜਾਬ ਲੈਂਡ ਰਿਕਾਰਡ ਮੈਨੂਅਲ 'ਚ ਦਿੱਤੇ ਗਏ ਪ੍ਰਾਵਧਾਨ ਅਨੁਸਾਰ ਮੁਕੰਮਲ ਕਰਨ ਦੇ ਹੁਕਮ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜਾਰੀ ਕੀਤੇ ਗਏ ਹਨ | ਇਸ ਸੰਬੰਧੀ ਨਿਯਮਾਂ ਅਨੁਸਾਰ ਫੀਲਡ ਕਾਨੂੰਨਗੋਜ਼ 100 ਫ਼ੀਸਦੀ, ਸੀ.ਆਰ.ਓਜ਼. ਵਲੋਂ 50 ਫ਼ੀਸਦੀ ਤੇ ਉਪ ਮੰਡਲ ਮੈਜਿਸਟ੍ਰੇਟ ਵਲੋਂ 25 ਫ਼ੀਸਦੀ ਪੜਤਾਲ ਕੀਤੀ ਜਾਵੇਗੀ | ਇਹ ਗਿਰਦਾਵਰੀ ਅਗਲੇ ਇਕ ਹਫ਼ਤੇ ਦੇ ਅੰਦਰ-ਅੰਦਰ ਮੁਕੰਮਲ ਕਰਨ ਦੀ ਹਦਾਇਤ ਕੀਤੀ ਗਈ ਹੈ |