ਕੋਟਕਪੂਰਾ, 19 ਅਪ੍ਰੈਲ (ਮੋਹਰ ਸਿੰਘ ਗਿੱਲ)-ਨਿਖਲ ਗੋਇਲ ਵਾਸੀ ਕੋਟਕਪੂਰਾ ਨੇ ਪੁਲਿਸ ਨੂੰ ਬਿਆਨ ਦੇ ਕੇ ਦੱਸਿਆ ਹੈ ਕਿ ਉਹ ਸ਼ਹਿਰ ਦੀ ਲੱਭੂ ਰਾਮ ਸਟਰੀਟ 'ਚ 'ਰਿਖੀ ਰਾਮ ਬਰਤਨ ਸਟੋਰ' ਦੇ ਨਾਂਅ 'ਤੇ ਦੁਕਾਨ ਚਲਾਉਂਦਾ ਹੈ | ਮਿਤੀ 10-04-2026 ਨੂੰ ਉਹ ਆਪਣੇ ਪਰਿਵਾਰ ਨਾਲ ਵਰਿੰਦਾਵਨ ਮਥੂਰਾ (ਯੂ.ਪੀ) ਦਰਸ਼ਨਾਂ ਲਈ ਗਿਆ ਸੀ ਅਤੇ ਮਿਤੀ 15-04-2026 ਨੂੰ ਵਾਪਸ ਆ ਗਿਆ | ਪਿੱਛੋਂ ਦੁਕਾਨ ਦੀ ਦੇਖ ਰੇਖ ਉਸ ਦੇ ਦੋ ਮੁਲਾਜ਼ਮਾਂ ਸਾਹਿਬ ਸਿੰਘ ਅਤੇ ਅਰਸ਼ਦੀਪ ਸਿੰਘ ਵਾਸੀ ਕੋਟਕਪੂਰਾ ਨੇ ਕੀਤੀ ਸੀ | ਮਿਤੀ 15-04-2026 ਨੂੰ ਜਦ ਮੁਦਈ ਨੇ ਦੁਕਾਨ 'ਤੇ ਆ ਕੇ ਵੇਖਿਆ ਤਾਂ ਦੁਕਾਨ ਦੇ ਉਪਰ ਵਾਲਾ ਕਮਰਾ ਜਿਸ 'ਚ ਪੁਰਾਣੇ ਬਰਤਨ ਰੱਖੇ ਸਨ, ਵਿਚੋਂ ਬਰਤਨ ਚੋਰੀ ਹੋ ਗਏ ਸਨ ਤੇ ਗੱਲੇ 'ਚੋਂ ਵੀ ਵਿਕਰੀ ਵਾਲੀ ਰਕਮ ਚੋਰੀ ਸੀ | ਜਦ ਮੁਦਈ ਨੇ ਪਤਾ ਕੀਤਾ ਤਾਂ ਮੁਦਈ ਦੇ ਨਾਲ ਵਾਲੀ ਦੁਕਾਨ ਹਿਤੇਸ਼ ਅਰੋੜਾ ਦੀ ਦੁਕਾਨ ਵਿਚੋਂ ਵੀ ਸਮਾਨ ਚੋਰੀ ਹੋਇਆ ਸੀ | ਮੁਦਈ ਨੇ ਆਪਣੇ ਤੌਰ 'ਤੇ ਪਤਾ ਕੀਤਾ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਦੀ ਦੁਕਾਨ ਦੀ ਬੈਕਸਾਈਡ ਰਹਿੰਦੇ ਦੀਪਕ ਕੁਮਾਰ ਨੇ ਆਪਣੇ ਸਾਥੀਆਂ ਰਵੀ ਕੁਮਾਰ ਅਤੇ ਮਨਦੀਪ ਸਿੰਘ ਨਾਲ ਰਲ ਕੇ ਰਾਤ ਸਮੇਂ ਚੋਰੀ ਕੀਤੀ ਹੈ | ਬਿਆਨਕਰਤਾ ਦੀ ਦੁਕਾਨ ਉਪਰ ਵੀ ਉਕਤ ਵਿਅਕਤੀਆਂ ਨੇ ਹੀ 35000 ਰੁਪਏ ਦੇ ਬਰਤਨ ਤੇ 9000 ਰੁਪਏ ਗੱਲੇ ਵਿਚੋਂ ਚੋਰੀ ਕੀਤੇ ਹਨ | ਇਸ ਸਬੰਧ 'ਚ ਸ਼ਹਿਰੀ ਪੁਲਿਸ ਕੋਟਕਪੂਰਾ ਨੇ ਦੀਪਕ, ਰਵੀ ਕੁਮਾਰ ਤੇ ਮਨਦੀਪ ਸਿੰਘ ਵਿਰੁੱਧ ਮਾਮਲਾ ਦਰਜ ਕਰਕੇ ਪੜਤਾਲ ਆਰੰਭ ਕਰ ਦਿੱਤੀ ਹੈ |