ਦੋਦਾ, 29 ਜੂਨ (ਰਵੀਪਾਲ)-ਪਾਵਰਕਾਮ ਵਲੋਂ ਖੇਤੀ ਮੋਟਰਾਂ ਨੂੰ ਦਿੱਤੀ ਜਾਣ ਵਾਲੀ ਬਿਜਲੀ ਸਪਲਾਈ ਪੂਰੀ ਨਾ ਦਿੱਤੇ ਜਾਣ ਦੇ ਰੋਸ ਵਜੋਂ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੀ ਅਗਵਾਈ ਹੇਠ ਪਿੰਡ ਭਲਾਈਆਣਾ, ਬੁੱਟਰ ਸ਼ਰੀਂਹ, ਧੂਲਕੋਟ, ਛੱਤਿਆਣਾ, ਸਾਹਿਬਚੰਦ ਅਤੇ ਚੋਟੀਆਂ ਦੇ ਕਿਸਾਨ ਯੂਨੀਅਨ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਿਸਾਨਾਂ ਨੇ ਪਿੰਡ ਭਲਾਈਆਣਾ ਵਿਖੇ ਬਠਿੰਡਾ-ਸ੍ਰੀ ਮੁਕਤਸਰ ਸਾਹਿਬ ਰੋਡ ’ਤੇ ਸੜਕੀ ਆਵਾਜਾਈ ਠੱਪ ਕਰਕੇ ਰੋਸ ਪ੍ਰਗਟ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਯੂਨੀਅਨ ਆਗੂਆਂ ਬਲਾਕ ਪ੍ਰਧਾਨ ਤਰਸੇਮ ਸਿੰਘ ਸਾਹਿਬਚੰਦ, ਮੀਤ ਪ੍ਰਧਾਨ ਇਕਬਾਲ ਸਿੰਘ, ਇਕਾਈ ਪ੍ਰਧਾਨ ਸਰਦੂਲ ਸਿੰਘ ਤੇ ਸੁਖਬੀਰ ਸਿੰਘ ਗੋਰਾ ਬਰਾੜ ਨੇ ਦੱਸਿਆ ਕਿ ਪਾਵਰਕਾਮ ਵਲੋਂ ਖੇਤੀ ਮੋਟਰਾਂ ਨੂੰ ਨਿਰਧਾਰਤ 8 ਘੰਟੇ ਬਿਜਲੀ ਸਪਲਾਈ ਨਹੀਂ ਦਿੱਤੀ ਜਾ ਰਹੀ, ਜਦੋਂਕਿ ਮੋਟਰਾਂ ਲਈ 24 ਘੰਟਿਆਂ ਵਿਚ ਕੇਵਲ 2 ਤੋਂ 3 ਘੰਟੇ ਹੀ ਬਿਜਲੀ ਦੀ ਸਪਲਾਈ ਕੀਤੀ ਜਾ ਰਹੀ ਹੈ, ਜਿਸ ਬਾਰੇ ਉਨ੍ਹਾਂ ਕਈ ਵਾਰ ਪਾਵਰਕਾਮ ਦੇ ਸੰਬੰਧਿਤ ਅਧਿਕਾਰੀਆਂ ਪਾਸ ਅਰਜੋਈ ਕੀਤੀ, ਪ੍ਰੰਤੂ ਉਨ੍ਹਾਂ ਕੋਈ ਸੁਣਵਾਈ ਨਹੀਂ ਕੀਤੀ। ਉਨ੍ਹਾਂ ਦੱਸਿਆ ਕਿ ਅੱਜ ਯੂਨੀਅਨ ਵਲੋਂ ਪਹਿਲਾਂ ਪਿੰਡ ਭਲਾਈਆਣਾ ਵਿਖੇ ਸਥਿਤ ਸਬ ਸਟੇਸ਼ਨ ’ਤੇ ਕਰੀਬ 2 ਘੰਟੇ ਰੋਸ ਧਰਨਾ ਦਿੱਤਾ ਗਿਆ, ਪਰ ਇਸ ਧਰਨੇ ਦਾ ਕਿਸੇ ਵੀ ਅਧਿਕਾਰੀ ’ਤੇ ਕੋਈ ਅਸਰ ਨਾ ਹੁੰਦਾ ਦੇਖ ਯੂਨੀਅਨ ਨੇ ਪਿੰਡ ਭਲਾਈਆਣਾ ਵਿਖੇ ਬਠਿੰਡਾ-ਸ੍ਰੀ ਮੁਕਤਸਰ ਸਾਹਿਬ ਮੁੱਖ ਸੜਕ ’ਤੇ ਆਵਾਜਾਈ ਠੱਪ ਕਰ ਦਿੱਤੀ। ਕਰੀਬ 2 ਘੰਟੇ ਕਿਸਾਨਾਂ ਵਲੋਂ ਦਿੱਤੇ ਧਰਨੇ ਅਤੇ ਰੋਡ ਬੰਦ ਤੋਂ ਬਾਅਦ ਪਾਵਰਕਾਮ ਦੇ ਐੱਸ.ਡੀ.ਓ. ਤੇ ਜੇ.ਈ. ਤੋਂ ਇਲਾਵਾ ਥਾਣਾ ਕੋਟਭਾਈ ਦੀ ਐੱਸ.ਐੱਚ.ਓ. ਦੀਪਿਕਾ ਕੰਬੋਜ ਮੌਕੇ ’ਤੇ ਪੁੱਜੇ। ਉਨ੍ਹਾਂ ਦੱਸਿਆ ਕਿ ਪਾਵਰਕਾਮ ਦੇ ਐੱਸ.ਡੀ.ਓ. ਤੇ ਜੇ.ਈ. ਨੇ ਭਰੋਸਾ ਦਿੱਤਾ ਕਿ ਇਲਾਕੇ ਵਿਚ ਕਿਸਾਨਾਂ ਨੂੰ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾਵੇਗੀ ਅਤੇ ਬਿਜਲੀ ਗਰਿੱਡ ਵਿਚ ਮੌਜੂਦ ਕਮੀਆਂ ਨੂੰ ਤੁਰੰਤ ਦੂਰ ਕੀਤਾ ਜਾਵੇਗਾ। ਪਾਵਰਕਾਮ ਦੇ ਅਧਿਕਾਰੀਆਂ ਦੇ ਭਰੋਸੇ ਤੋਂ ਬਾਅਦ ਕਿਸਾਨ ਯੂਨੀਅਨ ਦੇ ਆਗੂਆਂ ਨੇ ਆਪਣਾ ਧਰਨਾ ਖ਼ਤਮ ਕੀਤਾ ਅਤੇ ਸੜਕੀ ਆਵਾਜਾਈ ਮੁੜ ਬਹਾਲ ਹੋਈ।