ਬਾਜਾਖਾਨਾ, 28 ਜੁਲਾਈ (ਜਗਦੀਪ ਸਿੰਘ ਗਿੱਲ)-ਵਿਧਾਨ ਸਭਾ ਹਲਕਾ ਜੈਤੋ ਦੇ ਪਿੰਡ ਵਾੜਾ ਭਾਈਕਾ ਨੂੰ ਨੈਸ਼ਨਲ ਹਾਈਵੇ 54 ਨਾਲ ਜੋੜਨ ਵਾਲੀ ਲਿੰਕ ਸੜਕ ਦਾ ਪਿਛਲੇ ਲੰਬੇ ਸਮੇਂ ਤੋਂ ਬੁਰਾ ਹਾਲ ਹੈ । ਪਿੰਡ ਦੇ ਮੋਹਤਬਰ ਵਿਅਕਤੀਆਂ ਨੇ ਦੱਸਿਆ ਕਿ ਇਹ ਸੜਕ ਮਾਰਕੀਟ ਕਮੇਟੀ ਜੈਤੋ ਦੇ ਅਧੀਨ ਆਉਂਦੀ ਹੈ ਜੋ ਪਿਛਲੀਆਂ ਸਰਕਾਰਾਂ ਸਮੇਂ ਬਹੁਤ ਸਮਾਂ ਪਹਿਲਾਂ ਬਣਾਈ ਗਈ ਸੀ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਸਰਕਾਰ ਵਲੋਂ ਨਵੀਂ ਸਿੱਖਿਆ ਨੀਤੀ ਅਧੀਨ ਬਣਾਇਆ ਗਿਆ ਸਕੂਲ ਆਫ਼ ਹੈਪੀਨੈਸ ਸਰਕਾਰੀ ਪ੍ਰਾਇਮਰੀ ਸਕੂਲ ਅਤੇ ਹਾਈ ਸਕੂਲ ਵੀ ਇਸੇ ਲਿੰਕ ਸੜਕ ’ਤੇ ਹਨ। ਇਨ੍ਹਾਂ ਸਕੂਲਾਂ ਵਿਚ ਪੜ੍ਹਾਈ ਦਾ ਮਿਆਰ ਚੰਗਾ ਹੋਣ ਕਾਰਨ ਆਸ ਪਾਸ ਦੇ ਲਗਪਗ 10 ਪਿੰਡਾਂ ਦੇ ਬੱਚੇ ਸਕੂਲ ਵੈਨਾਂ ਰਾਹੀਂ ਇੱਥੇ ਵਿੱਦਿਆ ਪ੍ਰਾਪਤ ਕਰਨ ਲਈ ਆਉਂਦੇ ਹਨ। ਪਿਛਲੇ ਸਮੇਂ ਦੌਰਾਨ ਸੜਕ ਟੁੱਟੀ ਹੋਣ ਕਾਰਨ ਪਿੰਡ ਦੇ ਕੁਝ ਸਮਾਜ ਸੇਵੀ ਲੋਕਾਂ ਵਲੋਂ ਸੜਕ ’ਤੇ ਮਿੱਟੀ ਵਗੈਰਾ ਪਾ ਦਿੱਤੀ ਗਈ ਸੀ ਜਿਸ ਕਾਰਨ ਹੁਣ ਇਕ ਦਿਨ ਵੀ ਬਾਰਿਸ਼ ਹੋਣ ਦੇ ਕਾਰਨ 10 ਦਿਨ ਤੱਕ ਮੋਟਰ ਸਾਈਕਲ ਸਵਾਰਾਂ ਦੀਆਂ ਲੋਟਣੀਆਂ ਲੱਗਦੀਆਂ ਆਮ ਵੇਖਣ ਨੂੰ ਮਿਲਦੀਆਂ ਹਨ ਅਤੇ ਸੁੱਕਾ ਮੌਸਮ ਹੋਣ ਵੇਲੇ ਲੋਕਾਂ ਦੇ ਸਿਰਾਂ ਵਿਚ ਧੂੜ ਪੈਂਦੀ ਹੈ । ਪਿੰਡ ਦੀ ਪੰਚਾਇਤ ਅਤੇ ਆਪ ਆਗੂਆਂ ਨਾਲ ਜੇਕਰ ਇਸ ਸਬੰਧੀ ਪਿੰਡ ਦੇ ਲੋਕ ਗੱਲਬਾਤ ਕਰਦੇ ਹਨ ਤਾਂ ਪਿਛਲੇ ਲੰਬੇ ਸਮੇਂ ਤੋਂ ਪੁਰਾਣੀ ਸੜਕ 11 ਫੁੱਟ ਦੀ ਜਗ੍ਹਾ ਨਵੀਂ 18 ਫੁੱਟੀ ਸੜਕ ਬਣਾਉਣ ਦੀ ਗੱਲ ਕੀਤੀ ਜਾ ਰਹੀ ਹੈ ਪਰ ਵੇਖਣਾ ਇਹ ਹੋਵੇਗਾ ਕਿ ਹੁਣ 11 ਫੁੱਟ ਜਾਂ 18 ਵਾਲੀ ਸੜਕ ਪਿੰਡ ਦੇ ਲੋਕਾਂ ਨੂੰ ਕਦੋਂਂ ਨਸੀਬ ਹੋਵੇਗੀ ਅਤੇ ਕਦੋਂ ਪਿੰਡ ਦੇ ਸਮੁੱਚੇ ਲੋਕ ਅਤੇ ਸਕੂਲੀ ਬੱਚੇ ਇਸ ਨਰਕ ਤੋਂ ਨਿਜਾਤ ਪਾਉਣਗੇ।
ਪਿਛਲੇ ਦੋ ਸਾਲਾਂ ਤੋਂ ਵਾੜਾ ਭਾਈਕਾ ਨੂੰ ਨੈਸ਼ਨਲ ਹਾਈਵੇ ਨਾਲ ਜੋੜਨ ਵਾਲੀ ਲਿੰਕ ਸੜਕ ਦਾ ਬੁਰਾ ਹਾਲ
ਅਜੀਤ ਡੈਸਕ
29-07-2026