ਖੇਤੀਬਾੜੀ ਵਿਭਾਗ ਵਲੋਂ ਕੋਟਕਪੂਰਾ ’ਚ ਬੀਜ ਵਿਕਰੇਤਾ ਦੀ ਦੁਕਾਨ ’ਤੇ ਛਾਪੇਮਾਰੀ ਮਾਮਲਾ ਨਕਲੀ ਬੀਜਾਂ ਦੀ ਵਿਕਰੀ ਦਾ
ਕੋਟਕਪੂਰਾ, 25 ਅਗਸਤ (ਮੋਹਰ ਸਿੰਘ ਗਿੱਲ)-ਸਥਾਨਕ ਪੁਰਾਣੀ ਦਾਣਾ ਮੰਡੀ ’ਚ ਇਕ ਬੀਜ ਵਿਕਰੇਤਾ ਦੀ ਦੁਕਾਨ ’ਤੇ ਮਾਲਕ ਨੂੰ ਕਿਸਾਨ ਨੂੰ ਕਥਿਤ ਤੌਰ ’ਤੇ ਨਕਲੀ ਗੋਭੀ ਦਾ ਬੀਜ ਸਪਲਾਈ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬੀਜ ਤੋਂ ਫ਼ਸਲ ਖ਼ਰਾਬ ਹੋਣ ਮਗਰੋਂ ਕਿਸਾਨ ਵਲੋਂ ਕੰਪਨੀ ਨੂੰ ਇਸ ਸਬੰਧੀ ਸ਼ਿਕਾਇਤ ਕੀਤੀ ਗਈ, ਜਿਸ ਤੋਂ ਬਾਅਦ ਮਾਮਲੇ ਦੀ ਜਾਂਚ ਸ਼ੁਰੂ ਹੋਈ।
ਕੋਟਕਪੂਰਾ, 25 ਅਗਸਤ (ਮੋਹਰ ਸਿੰਘ ਗਿੱਲ)-ਸਥਾਨਕ ਪੁਰਾਣੀ ਦਾਣਾ ਮੰਡੀ ’ਚ ਇਕ ਬੀਜ ਵਿਕਰੇਤਾ ਦੀ ਦੁਕਾਨ ’ਤੇ ਮਾਲਕ ਨੂੰ ਕਿਸਾਨ ਨੂੰ ਕਥਿਤ ਤੌਰ ’ਤੇ ਨਕਲੀ ਗੋਭੀ ਦਾ ਬੀਜ ਸਪਲਾਈ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬੀਜ ਤੋਂ ਫ਼ਸਲ ਖ਼ਰਾਬ ਹੋਣ ਮਗਰੋਂ ਕਿਸਾਨ ਵਲੋਂ ਕੰਪਨੀ ਨੂੰ ਇਸ ਸਬੰਧੀ ਸ਼ਿਕਾਇਤ ਕੀਤੀ ਗਈ, ਜਿਸ ਤੋਂ ਬਾਅਦ ਮਾਮਲੇ ਦੀ ਜਾਂਚ ਸ਼ੁਰੂ ਹੋਈ। ਕਿਸਾਨ ਅਤੇ ਕੰਪਨੀ ਦੀ ਸ਼ਿਕਾਇਤ ਦੇ ਆਧਾਰ ’ਤੇ ਖੇਤੀਬਾੜੀ ਵਿਭਾਗ ਦੀ ਉੱਚ ਪੱਧਰੀ ਟੀਮ ਨੇ ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਸਬੰਧਿਤ ਫ਼ਰਮ ਦੀ ਦੁਕਾਨ ’ਤੇ ਛਾਪੇਮਾਰੀ ਕੀਤੀ। ਕਾਰਵਾਈ ਦੌਰਾਨ ਦੁਕਾਨ ਵਿਚੋਂ ਕੰਪਨੀ ਦੇ ਕਥਿਤ ਨਕਲੀ ਖ਼ਾਲੀ ਰੈਪਰ ਵੀ ਬਰਾਮਦ ਹੋਏ ਹਨ। ਪਿੰਡ ਢਾਬ ਗੁਰੂ ਕੀ ਦੇ ਕਿਸਾਨ ਸਤਨਾਮ ਸਿੰਘ ਨੇ ਦੱਸਿਆ ਕਿ ਉਸ ਨੇ ਦਾਣਾ ਮੰਡੀ ਦੇ ਬੀਜ ਵਿਕਰੇਤਾ ਕੋਲੋਂ ਗੋਭੀ ਦਾ ਬੀਜ ਖ਼ਰੀਦਿਆ ਸੀ। ਬੀਜ ਬੀਜਣ ਤੋਂ ਬਾਅਦ ਫ਼ਸਲ ਖ਼ਰਾਬ ਹੋਣ ’ਤੇ ਕੰਪਨੀ ਨਾਲ ਸੰਪਰਕ ਕੀਤਾ ਗਿਆ ਤਾਂ ਇਹ ਸਾਹਮਣੇ ਆਇਆ ਕਿ ਕੰਪਨੀ ਦੇ ਰੈਪਰ ਵਿਚ ਨਕਲੀ ਬੀਜ ਭਰ ਕੇ ਦਿੱਤਾ ਗਿਆ ਸੀ। ਕੰਪਨੀ ਦੇ ਅਧਿਕਾਰੀ ਜਤਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਕੰਪਨੀ 100 ਗ੍ਰਾਮ ਦੀ ਪੈਕਿੰਗ ਤਿਆਰ ਕਰਦੀ ਹੈ, ਜਦਕਿ ਦੁਕਾਨਦਾਰ ਵਲੋਂ ਕਿਸਾਨਾਂ ਨੂੰ 250 ਗ੍ਰਾਮ ਦੀ ਪੈਕਿੰਗ ਦਿੱਤੀ ਗਈ। ਉਨ੍ਹਾਂ ਦੋਸ਼ ਲਗਾਇਆ ਕਿ ਕੰਪਨੀ ਦੇ ਖ਼ਾਲੀ ਰੈਪਰਾਂ ਦੀ ਵਰਤੋਂ ਕਰਕੇ ਉਨ੍ਹਾਂ ਵਿਚ ਕਿਸੇ ਹੋਰ ਕੰਪਨੀ ਦਾ ਬੀਜ ਭਰਿਆ ਗਿਆ। ਕਿਸਾਨ ਸਤਨਾਮ ਸਿੰਘ ਨੇ ਦਾਅਵਾ ਕੀਤਾ ਕਿ ਕਰੀਬ ਦੋ ਸਾਲ ਪਹਿਲਾਂ ਵੀ ਇਸੇ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਨੂੰ ਉਸ ਸਮੇਂ ਰਫ਼ਾ-ਦਫ਼ਾ ਕਰ ਦਿੱਤਾ ਗਿਆ ਸੀ। ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਪ੍ਰੀਤ ਸਿੰਘ ਨੇ ਕਿਹਾ ਕਿ ਕਿਸਾਨ ਅਤੇ ਕੰਪਨੀ ਦੀ ਸ਼ਿਕਾਇਤ ਦੇ ਆਧਾਰ ’ਤੇ ਜਾਂਚ ਅਤੇ ਕਾਰਵਾਈ ਕੀਤੀ ਜਾ ਰਹੀ ਹੈ। ਜਾਂਚ ਦੌਰਾਨ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਇਸ ਮੌਕੇ ਜਾਂਚ ਟੀਮ ’ਚ ਡਾ. ਜਤਿੰਦਰਜੀਤ ਸਿੰਘ ਮਾਨ, ਖੇਤੀ ਵਿਕਾਸ ਅਧਿਕਾਰੀ ਹਰਿੰਦਰ ਸਿੰਘ, ਗੁਰਮੱਘਰ ਸਿੰਘ ਅਤੇ ਹਰਮਨਪ੍ਰੀਤ ਕੌਰ ਸ਼ਾਮਿਲ ਸਨ। ਇਸ ਮੌਕੇ ਹਾਜ਼ਰ ਕਿਸਾਨਾਂ ਨੇ ਦੱਸਿਆ ਕਿ ਗੋਭੀ ਦਾ ਬੀਜ ਕਾਫ਼ੀ ਮਹਿੰਗਾ ਹੁੰਦਾ ਹੈ ਅਤੇ ਬਾਹਮਣ ਵਾਲਾ, ਢਾਬ ਗੁਰੂ ਕੀ, ਕੋਠੇ ਬੁੱਕਣ ਸਿੰਘ ਨਗਰ ਅਤੇ ਹੋਰ ਪਿੰਡਾਂ ਦੇ ਕਿਸਾਨ ਸ਼ਹਿਰ ਦੇ ਨੇੜੇ ਹੋਣ ਕਾਰਨ ਵੱਡੇ ਅਤੇ ਵਪਾਰਕ ਉਦੇਸ਼ ਨਾਲ ਗੋਭੀ ਦੀ ਕਾਸਤ ਕਰਦੇ ਹਨ।