ਬੇਮੌਸਮੀ ਬਾਰਿਸ਼ ਕਾਰਨ ਅਨਾਜ ਮੰਡੀਆਂ ’ਚ ਪਿਆ ਝੋਨਾ ਭਿੱਜਿਆ, ਮੌਸਮ ਦੇ ਵਿਗੜੇ ਮਿਜ਼ਾਜ਼ ਨੇ ਕਿਸਾਨਾਂ ਦੀ ਚਿੰਤਾ ਵਧਾਈ
ਸ੍ਰੀ ਮੁਕਤਸਰ ਸਾਹਿਬ, 11 ਅਕਤੂਬਰ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਇਲਾਕੇ ਵਿਚ ਅੱਜ ਸਵੇਰੇ ਬੇਮੌਸਮੀ ਬਾਰਿਸ਼ ਕਾਰਨ ਅਨਾਜ ਮੰਡੀਆਂ ਵਿਚ ਪਿਆ ਝੋਨਾ ਭਿੱਜ ਜਾਣ ਦਾ ਸਮਾਚਾਰ ਹੈ। ਅਚਾਨਕ ਮੌਸਮ ਦੇ ਬਦਲੇ ਮਿਜਾਜ਼ ਨੇ ਕਿਸਾਨਾਂ ਨੂੰ ਚਿੰਤਾ ਵਿਚ ਪਾ ਦਿੱਤਾ।
ਬ
ਬਾਰਿਸ਼ ਮਗਰੋਂ ਸੁਕਾਉਣ ਲਈ ਝੋਨੇ ਨੂੰ ਹਵਾ ਲਵਾ ਰਿਹਾ ਕਿਸਾਨ ਜਗਸੀਰ ਸਿੰਘ ਲੁੰਡੇਵਾਲਾ। ਤਸਵੀਰ: ਰਣਜੀਤ ਸਿੰਘ ਢਿੱਲੋਂ
12-10-2026
ਸ੍ਰੀ ਮੁਕਤਸਰ ਸਾਹਿਬ, 11 ਅਕਤੂਬਰ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਇਲਾਕੇ ਵਿਚ ਅੱਜ ਸਵੇਰੇ ਬੇਮੌਸਮੀ ਬਾਰਿਸ਼ ਕਾਰਨ ਅਨਾਜ ਮੰਡੀਆਂ ਵਿਚ ਪਿਆ ਝੋਨਾ ਭਿੱਜ ਜਾਣ ਦਾ ਸਮਾਚਾਰ ਹੈ। ਅਚਾਨਕ ਮੌਸਮ ਦੇ ਬਦਲੇ ਮਿਜਾਜ਼ ਨੇ ਕਿਸਾਨਾਂ ਨੂੰ ਚਿੰਤਾ ਵਿਚ ਪਾ ਦਿੱਤਾ। ਇਸ ਵਾਰ ਪਹਿਲਾਂ ਬਹੁਤ ਘੱਟ ਬਾਰਿਸ਼ ਹੋਈ ਅਤੇ ਟਿਊਬਵੈੱਲ ਤੇ ਨਹਿਰੀ ਪਾਣੀ ਦੇ ਸਹਾਰੇ ਕਿਸਾਨਾਂ ਵਲੋਂ ਝੋਨਾ ਪਾਲਿਆ ਗਿਆ ਪਰ ਹੁਣ ਜਦੋਂ ਝੋਨਾ ਪੱਕ ਕੇ ਤਿਆਰ ਹੋ ਗਿਆ ਹੈ ਅਤੇ ਵਢਾਈ ਦਾ ਕੰਮ ਚੱਲ ਰਿਹਾ ਹੈ, ਉਸ ਸਮੇਂ ਅਚਾਨਕ ਮੌਸਮ ਵਿਗੜ ਕਰਕੇ ਬਰਸਾਤ ਦੀ ਸ਼ੁਰੂਆਤ ਹੋਈ ਤੇ ਕਿਸਾਨ ਫਿਕਰ ਵਿਚ ਪੈ ਗਏ। ਹੁਣ ਕਿਸਾਨ ਰੱਬ ਅੱਗੇ ਚੰਗੇ ਦਿਨ ਲਗਾਉਣ ਲਈ ਅਰਜੋਈਆਂ ਕਰ ਰਹੇ ਹਨ। ਮੌਸਮ ਵਿਭਾਗ ਵਲੋਂ ਦੋ ਦਿਨ ਮੀਂਹ ਪੈਣ ਦੀ ਪੇਸ਼ਗਨੋਈ ਕੀਤੀ ਗਈ ਸੀ। ਭਾਵੇਂ ਕਣਕ ਦੀਆਂ ਭਰੀਆਂ ਬੋਰੀਆਂ ਤੇ ਢੇਰੀਆਂ ਨੂੰ ਬਚਾਉਣ ਲਈ ਤਰਪਾਲਾ ਆਦਿ ਦਾ ਪ੍ਰਬੰਧ ਕੀਤਾ ਗਿਆ ਸੀ ਪਰ ਫ਼ਿਰ ਵੀ ਕਈ ਥਾਵਾਂ ’ਤੇ ਝੋਨੇ ਦੀਆਂ ਬੋਰੀਆਂ ਤੇ ਢੇਰੀਆਂ ਹੇਠਾਂ ਦੀ ਬਾਰਿਸ਼ ਦਾ ਪਾਣੀ ਲੰਘਣ ਕਰਕੇ ਝੋਨਾ ਭਿੱਜ ਗਿਆ। ਦੁਪਹਿਰ ਸਮੇਂ ਧੁੱਪ ਨਿਕਲਣ ਮਗਰੋਂ ਅਨਾਜ ਮੰਡੀ ਵਿਚ ਢੇਰੀਆਂ ਨੂੰ ਖਿਲਾਰ ਕੇ ਕਿਸਾਨਾਂ ਤੇ ਮਜ਼ਦੂਰਾਂ ਵਲੋਂ ਝੋਨਾ ਸੁਕਾਇਆ ਜਾ ਰਿਹਾ ਸੀ। ਕਿਸਾਨਾਂ ਵਲੋਂ ਝੋਨੇ ਦੀਆਂ ਢੇਰੀਆਂ ਨੂੰ ਪਤਲਾ ਕਰਕੇ ਦੂਰ-ਦੂਰ ਤੱਕ ਖਿਲਾਰਿਆ ਗਿਆ ਤੇ ਝੋਨੇ ਨੂੰ ਸੁਕਾਉਣ ’ਤੇ ਲੱਗੇ ਹੋਏ ਸਨ। ਇਸ ਮੌਕੇ ਪਿੰਡ ਲੁੰਡੇਵਾਲਾ ਦੇ ਕਿਸਾਨ ਜਗਸੀਰ ਸਿੰਘ ਨੇ ਦੱਸਿਆ ਕਿ ਅਚਾਨਕ ਬਾਰਿਸ਼ ਕਾਰਨ ਅਨਾਜ ਮੰਡੀਆਂ ਵਿਚ ਪਿਆ ਝੋਨਾ ਭਿੱਜ ਗਿਆ ਹੈ ਪਰ ਬਾਅਦ ਵਿਚ ਧੁੱਪ ਨਿਕਲਣ ਕਾਰਨ ਕਿਸਾਨਾਂ ਨੂੰ ਰਾਹਤ ਮਿਲੀ ਤੇ ਝੋਨਾ ਸੁਕਾਇਆ ਜਾ ਰਿਹਾ ਹੈ। ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਸੂਬਾ ਜਨਰਲ ਸਕੱਤਰ ਜਗਦੇਵ ਸਿੰਘ ਕਾਨਿਆਂਵਾਲੀ ਤੇ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਜ਼ਿਲ੍ਹਾ ਪ੍ਰਧਾਨ ਰੁਪਿੰਦਰ ਸਿੰਘ ਡੋਹਕ ਨੇ ਦੱਸਿਆ ਕਿ ਕਰੀਬ ਦੋ ਤਿੰਨ ਘੰਟੇ ਸ੍ਰੀ ਮੁਕਤਸਰ ਸਾਹਿਬ ਵਿਧਾਨ ਸਭਾ ਵਿਚ ਪੈਂਦੇ ਹਿਠਾੜ ਇਲਾਕੇ ਦੇ ਪਿੰਡਾਂ ਵਿਚ ਕਿਣਮਿਣ ਹੁੰਦੀ ਰਹੀ। ਇੰਝ ਲੱਗ ਰਿਹਾ ਸੀ ਜਿਵੇਂ ਸਾਉਣ ਦੀ ਝੜੀ ਲੱਗੀ ਹੋਵੇ ਪਰ ਹਵਾਵਾਂ ਨਾ ਵਗਣ ਕਾਰਨ ਝੋਨੇ ਦੀ ਪੱਕੀ ਫ਼ਸਲ ਦਾ ਡਿੱਗਣ ਤੋਂ ਬਚਾਅ ਰਿਹਾ। ਉਨ੍ਹਾਂ ਦੱਸਿਆ ਕਿ ਸ਼ਹਿਰ ਦੀਆਂ ਅਨਾਜ ਮੰਡੀਆਂ ਵਿਚ ਝੋਨੇ ਦੀ ਆਮਦ ਚੱਲ ਰਹੀ ਹੈ ਪਰ ਪੇਂਡੂ ਖਰੀਦ ਕੇਂਦਰਾਂ ’ਤੇ ਵਿਰਲਾ ਟਾਵਾਂ ਝੋਨਾ ਆਇਆ ਹੈ। ਆਉਣ ਵਾਲੇ ਦਿਨਾਂ ਵਿਚ ਝੋਨੇ ਦੀ ਵਢਾਈ ਦਾ ਕੰਮ ਤੇਜ਼ ਹੋਵੇਗਾ। ਉਨ੍ਹਾਂ ਦੱਸਿਆ ਕਿ ਲੰਬੀ ਸਮੇਤ ਹੋਰ ਖੇਤਰਾਂ ਅਤੇ ਗਿੱਦੜਬਾਹਾ ਦੇ ਕੁਝ ਪਿੰਡਾਂ ਵਿਚੋਂ ਜ਼ਿਆਦਾ ਬਾਰਿਸ਼ ਪੈਣ ਦੀਆਂ ਸੂਚਨਾਵਾਂ ਮਿਲੀਆਂ ਹਨ। ਗਰਜ ਚਮਕ ਨਾਲ ਸੰਘਣੀ ਬੱਦਲਵਾਈ ਮਗਰੋਂ ਬਾਰਿਸ਼ ਸ਼ੁਰੂ ਹੋਈ ਅਤੇ ਕਰੀਬ ਦੋ ਘੰਟੇ ਬਾਰਿਸ਼ ਚੱਲਦੀ ਰਹੀ। ਗਨੀਮਤ ਇਹ ਰਹੀ ਕਿ ਤੇਜ਼ ਹਵਾਵਾਂ ਨਹੀਂ ਚੱਲੀਆਂ ਅਤੇ ਕੁਝ ਸਮੇਂ ਬਾਅਦ ਅਸਮਾਨ ਸਾਫ਼ ਹੋ ਗਿਆ ਤੇ ਧੁੱਪ ਨਿਕਲ ਆਈ। ਅਨਾਜ ਮੰਡੀ ਸ੍ਰੀ ਮੁਕਤਸਰ ਸਾਹਿਬ ਵਿਖੇ ਬਾਰਿਸ਼ ਮਗਰੋਂ ਪਹੁੰਚੇ ਖ਼ੁਰਾਕ ਤੇ ਸਿਵਲ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਵੀ ਕਿਸਾਨਾਂ ਨਾਲ ਗੱਲਬਾਤ ਕੀਤੀ ਤੇ ਕਿਹਾ ਕਿ ਖ਼ਰੀਦ ਪ੍ਰਬੰਧਾਂ ਵਿਚ ਕੋਈ ਵੀ ਢਿੱਲ ਨਹੀਂ ਰਹਿਣ ਦਿੱਤੀ ਜਾਵੇਗੀ ਅਤੇ ਕਿਸਾਨਾਂ, ਮਜ਼ਦੂਰਾਂ, ਆੜ੍ਹਤੀਆਂ ਤੇ ਮਿੱਲਰਾਂ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ।