ਕੋਟਕਪੂਰਾ, 8 ਮਾਰਚ (ਮੋਹਰ ਸਿੰਘ ਗਿੱਲ)-ਪੇਂਡੂ ਖੇਤਰ ਦੇ ਨਰੇਗਾ ਵਰਕਰਾਂ ਨੂੰ 125 ਦਿਨ ਕੰਮ ਦੇਣ ਲਈ ਕੇਂਦਰ ਸਰਕਾਰ ਜੋ ਨਵੀਂ ਯੋਜਨਾ ਲਿਆ ਰਹੀ ਹੈ, ਉਸ ਤਹਿਤ ਸੂਬਿਆਂ ਨੂੰ 40 ਫ਼ੀਸਦੀ ਹਿੱਸਾ ਪਾਉਣਾ ਪਵੇਗਾ, ਜੇਕਰ ਪੰਜਾਬ ਸਰਕਾਰ ਮਜ਼ਦੂਰਾਂ ਦੀ ਹਮਾਇਤੀ ਹੈ ਤਾਂ ਆਪਣਾ ਬਣਦਾ 40 ਫ਼ੀਸਦੀ ਹਿੱਸਾ ਪਾਉਣਾ ਚਾਹੀਦਾ ਹੈ | ਇਹ ਪ੍ਰਗਟਾਵਾ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੇ ਸੂਬਾਈ ਆਗੂ ਕਾਮਰੇਡ ਗੋਰਾ ਸਿੰਘ ਪਿਪਲੀ ਨੇ ਪਿੰਡ ਚੰਦਬਾਜਾ ਦੇ ਨਰੇਗਾ ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਸੰਸਾਰ ਵਿਚ ਸਰਮਾਏਦਾਰੀ ਦੀ ਲੱਗੀ ਦੌੜ ਕਾਰਨ ਕਈ ਦੇਸ਼ ਇਕ ਦੂਜੇ ਨਾਲ ਆਮ ਲੋਕਾਂ ਤੇ ਬੱਚਿਆਂ ਦੇ ਖੂਨ ਨਾਲ ਹੋਲੀ ਖੇਡ ਰਹੇ ਹਨ, ਜੋ ਕਿ ਮਨੁੱਖਤਾ ਲਈ ਬਹੁਤ ਸ਼ਰਮਸ਼ਾਰ ਗੱਲ ਹੈ | ਉਨ੍ਹਾਂ ਕਿਹਾ ਕਿ ਜਲਦ ਤੋਂ ਜਲਦ ਜੰਗ ਬੰਦ ਹੋਣੀ ਚਾਹੀਦੀ ਹੈ ਤਾਂ ਕਿ ਬੱਚਿਆਂ ਅਤੇ ਆਮ ਲੋਕਾਂ ਦਾ ਘਾਣ ਬੰਦ ਕੀਤਾ ਜਾ ਸਕੇ | ਉਨ੍ਹਾਂ ਕਿਹਾ ਕਿ ਜੇਕਰ 31 ਮਾਰਚ ਤੋਂ ਪਹਿਲਾਂ ਮਜ਼ਦੂਰਾਂ ਦੇ ਕੰਮਾਂ ਦੇ ਮਿਹਨਤਾਨੇ ਦੀ ਅਦਾਇਗੀ ਨਹੀਂ ਹੁੰਦੀ ਤਾਂ ਨਰੇਗਾ ਮਜ਼ਦੂਰ ਵੱਡੀ ਪੱਧਰ 'ਤੇ ਸੰਘਰਸ਼ ਕਰਨ ਲਈ ਮਜਬੂਰ ਹੋਣਗੇ | ਇਸ ਮੌਕੇ ਨਰੇਗਾ ਮਜ਼ਦੂਰਾਂ ਨੇ ਪੰਜਾਬ ਅਤੇ ਕੇਂਦਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ | ਇਸ ਮੌਕੇ ਸਰਬਜੀਤ ਕੌਰ ਮੇਟ, ਗੇਜ ਸਿੰਘ, ਬੋਹੜ ਸਿੰਘ, ਪ੍ਰੀਤੀ ਕੌਰ, ਸਿਮਰਜੀਤ ਕੌਰ ਆਦਿ ਹਾਜ਼ਰ ਸਨ |