ਮਲੋਟ, 10 ਅਪ੍ਰੈਲ (ਅਜਮੇਰ ਸਿੰਘ ਬਰਾੜ)-ਅੱਜ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਨੇ ਪਿੰਡ ਸਰਾਵਾਂ ਬੋਦਲਾ, ਕੱਟਿਆਂਵਾਲੀ ਤੇ ਹੋਰ ਉਨ੍ਹਾਂ ਪਿੰਡਾਂ ਦਾ ਦੌਰਾ ਕੀਤਾ, ਜਿੱਥੇ ਪਿਛਲੇ ਦਿਨੀਂ ਗੜ੍ਹੇਮਾਰੀ, ਝੱਖੜ ਤੇ ਭਾਰੀ ਮੀਂਹ ਕਰਕੇ ਕਣਕਾਂ ਦਾ ਨੁਕਸਾਨ ਹੋਇਆ | ਇਨ੍ਹਾਂ ਪਿੰਡਾਂ 'ਚ ਦੌਰਾ ਕਰਨ ਉਪਰੰਤ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਕਾਫ਼ੀ ਪਿੰਡਾਂ 'ਚ ਸੌ ਫ਼ੀਸਦੀ ਤੱਕ ਕਣਕ ਦਾ ਨੁਕਸਾਨ ਹੋ ਗਿਆ ਹੈ, ਜਦਕਿ 50 ਫ਼ੀਸਦੀ ਤੱਕ ਤਾਂ ਵੱਡੀ ਗਿਣਤੀ ਵਿਚ ਕਿਸਾਨਾਂ ਦੀ ਕਣਕ ਦਾ ਨੁਕਸਾਨ ਹੋ ਗਿਆ ਹੈ | ਉਨ੍ਹਾਂ ਕਿਹਾ ਕਿ ਕਈ ਪਿੰਡਾਂ 'ਚ ਸੇਮ ਕਰਕੇ ਕਣਕ ਵੱਢਣ ਵਿਚ ਵੀ ਮੁਸ਼ਕਿਲ ਪੇਸ਼ ਆ ਰਹੀ ਹੈ, ਕਿਉਂਕਿ ਜ਼ਮੀਨ ਗਿੱਲੀ ਹੋਣ ਤੇ ਸੇਮ ਦੀ ਮਾਰ ਕਰਕੇ ਜਲਦੀ ਸੁੱਕ ਨਹੀਂ ਰਹੀ | ਉਨ੍ਹਾਂ ਕਿਹਾ ਕਿ ਇਸ ਵਾਰ ਇਹ ਕਿਸਾਨਾਂ ਨੂੰ ਵੱਡਾ ਘਾਟਾ ਰਿਹਾ ਹੈ | ਸੂਬਾ ਪ੍ਰਧਾਨ ਨੇ ਕਿਹਾ ਕਿ ਇਸ ਸਾਲ ਪਹਿਲਾਂ ਝੋਨੇ ਦੀ ਫ਼ਸਲ ਦਾ ਝਾੜ ਘੱਟ ਰਿਹਾ ਤੇ ਹੁਣ ਕਣਕ ਦਾ ਝਾੜ ਅੱਧ ਨਾਲੋਂ ਵੀ ਘੱਟ ਹੁੰਦਾ ਜਾਪ ਰਿਹਾ ਹੈ | ਉਨ੍ਹਾਂ ਕਿਹਾ ਕਿ ਸਰਕਾਰ ਪਰਾਲੀ ਨੂੰ ਅੱਗ ਲਾਉਣ ਦੀ ਮਜ਼ਬੂਰੀ ਨੂੰ ਨਾ ਸਮਝਦੀ ਹੋਈ ਸਰਕਾਰ ਸੈਟੇਲਾਈਟ ਰਾਹੀਂ ਪਤਾ ਲਗਾ ਕੇ ਤੁਰੰਤ ਖੇਤਾਂ ਵਿਚ ਅੱਗ ਬੁਝਾਉਣ ਤੇ ਕਿਸਾਨਾਂ 'ਤੇ ਪਰਚੇ ਕੱਟਦੀ ਰਹੀ ਹੈ, ਪਰ ਹੁਣ ਜਦ ਕਿਸਾਨਾਂ ਦਾ ਨੁਕਸਾਨ ਹੋ ਗਿਆ ਹੈ ਤਾਂ ਮੁਆਵਜ਼ਾ ਤੁਰੰਤ ਦੇਣਾ ਬਣਦਾ ਹੈ ਤਾਂ ਸਰਕਾਰ ਵਿਸ਼ੇਸ਼ ਗਿਰਦਾਵਰੀ ਨਾ ਕਰਵਾ ਕੇ ਮੁਆਵਜ਼ਾ ਦੇਣ ਵਿਚ ਦੇਰੀ ਕਰ ਰਹੀ ਹੈ | ਸੂਬਾ ਪ੍ਰਧਾਨ ਨੇ ਮੰਗ ਕੀਤੀ ਕਿ ਸਰਕਾਰ ਉਸੇ ਤਕਨੀਕ ਸੈਟੇਲਾਈਟ ਰਾਹੀਂ ਕਿਸਾਨਾਂ ਦੇ ਹੋਏ ਨੁਕਸਾਨ ਦਾ ਤੁਰੰਤ ਜਾਇਜ਼ਾ ਲਏ ਅਤੇ ਸੈਟੇਲਾਈਟ ਰਾਹੀਂ ਹੀ ਗਿਣਤੀ ਕਰਕੇ ਤੁਰੰਤ ਵਾਂਗ ਮੁਆਵਜ਼ਾ ਦੇਵੇ | ਉਨ੍ਹਾਂ ਮੰਗ ਕੀਤੀ ਕਿ ਘੱਟੋ-ਘੱਟ ਕਿਸਾਨਾਂ ਨੂੰ 50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ | ਇਹ ਵੀ ਮੰਗ ਕੀਤੀ ਕਿ ਗੜੇ੍ਹਮਾਰੀ, ਜ਼ਿਆਦਾ ਮੀਂਹ ਤੇ ਝੱਖੜ ਨੇ ਕਣਕ ਦੀ ਨਮੀ ਵਿਚ ਵਾਧਾ ਕਰ ਦਿੱਤਾ ਹੈ ਅਤੇ ਕਣਕ ਦਾ ਰੰਗ ਕਾਲਾ ਪੈ ਗਿਆ ਹੈ, ਇਸ ਕਰਕੇ ਕੇਂਦਰ ਤੇ ਪੰਜਾਬ ਸਰਕਾਰ ਵੀ ਕਣਕ ਦੀ ਨਮੀ ਵਿਚ ਵੀ ਛੋਟ ਦੇਵੇ ਅਤੇ ਰੰਗ ਤੋਂ ਬਦਰੰਗ ਹੋਈ ਕਣਕ ਨੂੰ ਸਵੀਕਾਰ ਕਰੇ | ਸੂਬਾ ਪ੍ਰਧਾਨ ਨੇ ਕਿਹਾ ਕਿ ਉਹ 13 ਅਪ੍ਰੈਲ ਨੂੰ ਸੋਮਵਾਰ ਨੂੰ ਸ੍ਰੀ ਮੁਕਤਸਰ ਸਾਹਿਬ ਤੇ ਅੰਮਿ੍ਤਸਰ ਸਾਹਿਬ ਦੇ ਡਿਪਟੀ ਕਮਿਸ਼ਨਰਾਂ ਨੂੰ ਫ਼ਸਲਾਂ ਦੇ ਨੁਕਸਾਨ ਸੰਬੰਧੀ ਜਾਣਕਾਰੀ ਤੇ ਮੁਆਵਜ਼ੇ ਦੀ ਮੰਗ ਸੰਬੰਧੀ ਮੰਗ ਪੱਤਰ ਦੇਣਗੇ | ਇਸ ਮੌਕੇ ਸੂਬਾ ਜਨਰਲ ਸਕੱਤਰ ਜਗਦੇਵ ਸਿੰਘ ਕਾਨਿਆਂਵਾਲੀ, ਜ਼ਿਲ੍ਹਾ ਪ੍ਰਧਾਨ ਹਰਮਨਦੀਪ ਸਿੰਘ ਬਾਂਮ, ਮਲੋਟ-ਲੰਬੀ ਬਲਾਕ ਦੇ ਪ੍ਰਧਾਨ ਹਰਦੀਪ ਸਿੰਘ ਭੁੱਲਰ, ਪ੍ਰਧਾਨ ਤੇ ਪਿੰਡ ਸਰਾਵਾਂ ਬੋਦਲਾ ਦੇ ਸਰਪੰਚ ਸਤਨਾਮ ਸਿੰਘ, ਪ੍ਰਧਾਨ ਬੇਅੰਤ ਸਿੰਘ ਬੱਲਮਗੜ੍ਹ ਆਦਿ ਹਾਜ਼ਰ ਰਹੇ, ਜਿਨ੍ਹਾਂ ਨੇ ਸੂਬਾ ਪ੍ਰਧਾਨ ਦਾ ਸਵਾਗਤ ਵੀ ਕੀਤਾ |