ਭਾਕਿਯੂ (ਕਾਦੀਆਂ) ਦੇ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਵਲੋਂ ਗੜੇਮਾਰੀ ਪ੍ਰਭਾਵਿਤ ਪਿੰਡਾਂ ਦਾ ਦੌਰਾ
ਅਜੀਤ ਡੈਸਕ
11-04-2026
ਮੰਡੀ ਲੱਖੇਵਾਲੀ, 10 ਅਪ੍ਰੈਲ (ਮਿਲਖ ਰਾਜ)-ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਵਲੋਂ ਗੜੇ੍ਹਮਾਰੀ ਤੋਂ ਪ੍ਰਭਾਵਿਤ ਪਿੰਡ ਭਾਗਸਰ, ਲੱਖੇਵਾਲੀ, ਗੰਧੜ, ਚੱਕ ਸ਼ੇਰੇਵਾਲਾ, ਨੰਦਗੜ੍ਹ ਆਦਿ ਪਿੰਡਾਂ ਦਾ ਦੌਰਾ ਕੀਤਾ ਗਿਆ ਤੇ ਪੀੜਤ ਕਿਸਾਨਾਂ ਨਾਲ ਉਨ੍ਹਾਂ ਦਾ ਦਰਦ ਵੰਡਾਇਆ | ਪਿੰਡ ਗੰਧੜ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਆਖਿਆ ਕਿ ਇਨ੍ਹਾਂ ਪਿੰਡਾਂ 'ਚ 100 ਫ਼ੀਸਦੀ ਨੁਕਸਾਨ ਦਾ ਮੰਜ਼ਰ ਵੇਖ ਮਨ ਬਹੁਤ ਦੁਖੀ ਹੋਇਆ ਹੈ | ਪੱਕੀ ਪਕਾਈ ਫ਼ਸਲ ਇਕਦਮ ਕੁਦਰਤੀ ਕਰੋਪੀ ਦੀ ਭੇਟ ਚੜ੍ਹ ਗਈ ਹੈ, ਜਿਸ ਉਪਰ ਕਿਸਾਨ ਪਰਿਵਾਰਾਂ ਦੀਆਂ ਸਾਰੀਆਂ ਲੋੜਾਂ, ਉਮੰਗਾਂ ਪੂਰੀਆਂ ਹੋਣੀਆਂ ਸਨ | ਉਨ੍ਹਾਂ 'ਆਪ' ਸਰਕਾਰ 'ਤੇ ਰੋਸ ਜਤਾਇਆ ਕਿ ਮਾਮੂਲੀ ਅੱਗ ਦਾ ਝੱਟ-ਪੱਟ ਪਤਾ ਲਗਾਉਣ ਵਾਲੇ ਸੈਟੇਲਾਈਟ ਹੁਣ ਕਿੱਥੇ ਹਨ, ਹੁਣ ਕਿਸਾਨਾਂ ਦਾ ਹੋਇਆ ਨੁਕਸਾਨ ਇਨ੍ਹਾਂ ਨੂੰ ਕਿਉਂ ਨਹੀਂ ਦਿਸਦਾ |
ਸ. ਕਾਦੀਆਂ ਨੇ ਦੱਸਿਆ ਕਿ ਅਜੇ ਤੱਕ ਸਰਕਾਰ ਵਲੋਂ ਗਿਰਦਾਵਰੀ ਕਰਵਾਉਣ ਵਿਚ ਵੀ ਦੇਰੀ ਕੀਤੀ ਜਾ ਰਹੀ ਹੈ | ਉਨ੍ਹਾਂ ਕਿਸਾਨਾਂ ਨੂੰ ਹੌਂਸਲਾ ਦਿੰਦਿਆਂ ਆਖਿਆ ਕਿ ਉਹ ਤੇ ਉਨ੍ਹਾਂ ਦੀ ਟੀਮ ਪੂਰੇ ਪੰਜਾਬ ਦੇ ਕਿਸਾਨਾਂ ਨੂੰ ਅਪੀਲ ਕਰੇਗੀ ਕਿ 'ਕਿਰਤ ਕਰੋ, ਵੰਡ ਛਕੋ' ਦੇ ਸਿਧਾਂਤ 'ਤੇ ਚੱਲਦਿਆਂ ਇਨ੍ਹਾਂ ਪੀੜਤ ਕਿਸਾਨਾਂ ਦੀ ਵੱਧ ਤੋਂ ਵੱਧ ਮਦਦ ਕਰੀਏ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਹਰਮਨਦੀਪ ਸਿੰਘ ਬਾਂਮ, ਗੁਰਤੇਜ ਸਿੰਘ ਉਦੇਕਰਨ, ਗੁਰਦਰਸ਼ਨ ਸਿੰਘ ਰੁਪਾਣਾ, ਅਵਤਾਰ ਸਿੰਘ ਫੂਲੇਵਾਲਾ, ਨਿਰਮਲ ਸੰਗੂਧੌਣ, ਸੁਰਜੀਤ ਸਿੰਘ, ਗੁਰਪ੍ਰੀਤ ਸਿੰਘ ਗੰਧੜ, ਪੂਰਨ ਸਿੰਘ ਇਕਾਈ ਪ੍ਰਧਾਨ, ਬੱਬੂ ਸਿਵੀਆ ਨੰਦਗੜ੍ਹ, ਗੁਰਵਿੰਦਰ ਸਿੰਘ, ਨਾਮਦਾਰ ਸਿੰਘ ਸਹਾਰਨ, ਗੁਰਜੰਟ ਸਿੰਘ ਬਾਠ, ਰੁਪਿੰਦਰ ਸਿੰਘ ਆਦਿ ਹਾਜ਼ਰ ਸਨ |