ਸ੍ਰੀ ਮੁਕਤਸਰ ਸਾਹਿਬ, 10 ਅਪ੍ਰੈਲ (ਹਰਮਹਿੰਦਰ ਪਾਲ)-ਸ਼ਹਿਰ ਵਿਚ ਦਿਨੋਂ-ਦਿਨ ਚੋਰੀ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ | ਇਸੇ ਤਰ੍ਹਾਂ ਸ੍ਰੀ ਮੁਕਤਸਰ ਸਾਹਿਬ ਦੀ ਖੱਡੀਆਂ ਵਾਲੀ ਗਲੀ ਵਿਚ ਵਿਚ ਸਵੇਰੇ ਕਰੀਬ 4 ਤੋਂ 5 ਵਜੇ ਦੇ ਵਿਚਕਾਰ ਚੋਰਾਂ ਨੇ ਦੋ ਘਰਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ | ਮਿਲੀ ਜਾਣਕਾਰੀ ਅਨੁਸਾਰ ਇਕ ਘਰ ਵਿਚੋਂ 3 ਮੋਬਾਈਲ ਫ਼ੋਨ ਚੋਰੀ ਕਰ ਲਏ ਗਏ, ਜਦਕਿ ਦੂਜੇ ਘਰ 'ਚੋਂ ਇਕ ਮੋਬਾਈਲ ਤੇ ਕੁਝ ਨਗਦੀ ਰਕਮ ਚੋਰੀ ਹੋਣ ਦਾ ਸਮਾਚਾਰ ਹੈ | ਦੱਸਿਆ ਜਾ ਰਿਹਾ ਹੈ ਕਿ ਇਹ ਚੋਰੀਆਂ ਸਵੇਰੇ ਕਰੀਬ 4 ਤੋਂ 5 ਵਜੇ ਦੇ ਵਿਚਕਾਰ ਹੋਈਆਂ | ਘਟਨਾ ਤੋਂ ਬਾਅਦ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਤੇ ਲੋਕਾਂ ਵਿਚ ਡਰ ਪਾਇਆ ਜਾ ਰਿਹਾ ਹੈ | ਇਸ ਸੰਬੰਧੀ ਨਰਿੰਦਰ ਕਾਲੜਾ ਨੇ ਦੱਸਿਆ ਕਿ ਬੀਤੀ ਰਾਤ ਉਹ ਆਪਣੇ ਘਰ ਵਿਚ ਸੌ ਰਹੇ ਸੀ, ਤਾਂ ਉਨ੍ਹਾਂ ਦੀ ਛੱਤ ਉਪਰੋਂ ਕੋਈ ਅਣਪਛਾਤਾ ਵਿਅਕਤੀ ਘਰ ਦੇ ਅੰਦਰ ਦਾਖ਼ਲ ਹੋ ਕੇ ਉਨ੍ਹਾਂ ਦੇ ਤਿੰਨ ਮੋਬਾਇਲ ਫ਼ੋਨ ਚੋਰੀ ਕਰਕੇ ਲੈ ਗਿਆ, ਜਿਸ ਦਾ ਪਤਾ ਉਨ੍ਹਾਂ ਨੂੰ ਸਵੇਰੇ ਲੱਗਾ | ਇਸ ਸੰਬੰਧ 'ਚ ਉਨ੍ਹਾਂ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਵਿਚ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ | ਪੁਲਿਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ | ਦੂਜੇ ਪਾਸੇ ਗਲੀ ਵਾਸੀ ਸੋਨੂੰ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ ਉਨ੍ਹਾਂ ਘਰੋਂ ਇਕ ਮੋਬਾਇਲ ਤੇ ਇਕ ਪਰਸ ਜਿਸ ਵਿਚ 12-13 ਹਜ਼ਾਰ ਰੁਪਏ ਨਗਦੀ ਸੀ, ਜਿਸ ਨੂੰ ਕੋਈ ਅਣਪਛਾਤਾ ਵਿਅਕਤੀ ਚੋਰੀ ਕਰਕੇ ਲੈ ਗਿਆ ਹੈ | ਇਸ ਸੰਬੰਧੀ ਉਨ੍ਹਾਂ ਨੇ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਵਿਖੇ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ |