ਸ੍ਰੀ ਮੁਕਤਸਰ ਸਾਹਿਬ, 24 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਪੁਸਤਕਾਂ ਦਾ ਸਾਥ ਜ਼ਿੰਦਗੀ ਨੂੰ ਗਿਆਨ, ਚੇਤਨਾ ਸੁਹਜ, ਸਬਰ ਤੇ ਸਹਿਣਸ਼ੀਲਤਾ ਜਿਹੇ ਬੇਸ਼ਕੀਮਤੀ ਗੁਣਾਂ ਦੀ ਦਾਤ ਦਿੰਦਾ ਹੈ | ਇਹ ਵਿਚਾਰ ਪ੍ਰਗਟ ਕਰਦਿਆਂ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸਾਹਿਤ ਵਿਭਾਗ ਦੇ ਸੂਬਾਈ ਮੁਖੀ ਤੇ ਲੇਖਕ/ਚਿੰਤਕ ਰਾਮ ਸਵਰਨ ਲੱਖੇਵਾਲੀ ਨੇ ਪੁਸਤਕਾਂ ਨੂੰ ਮਨੁੱਖ ਦਾ ਸੱਚਾ ਦੋਸਤ ਦੱਸਿਆ | ਉਨ੍ਹਾਂ ਆਖਿਆ ਕਿ ਦੇਸ਼ ਦੁਨੀਆ ਦੇ ਵਿਕਸਤ ਮੁਲਕਾਂ ਵਿਚ ਪੁਸਤਕਾਂ ਦਾ ਅਹਿਮ ਰੋਲ ਰਿਹਾ ਹੈ | ਉਨ੍ਹਾਂ ਸੁਸਾਇਟੀ ਦੇ 40 ਸਾਲਾਂ ਦੇ ਸਫ਼ਰ ਦੌਰਾਨ ਵਿਗਿਆਨਕ ਚੇਤਨਾ ਲਈ ਪੁਸਤਕਾਂ ਵਲੋਂ ਨਿਭਾਈ ਚਾਨਣ ਵਰਗੀ ਭੂਮਿਕਾ ਨੂੰ ਇਕ ਮੀਲ ਪੱਥਰ ਦੱਸਿਆ | ਉਨ੍ਹਾਂ ਸਪੱਸ਼ਟ ਕੀਤਾ ਕਿ ਅਜੋਕੇ ਸਮਾਜ ਵਿਚ ਪੁਸਤਕਾਂ ਤੋਂ ਵਧ ਰਹੀ ਦੂਰੀ ਮਾਨਸਿਕ ਰੋਗਾਂ ਦੇ ਰਾਹ ਤੋਰ ਰਹੀ ਹੈ | ਨਤੀਜੇ ਵਜੋਂ ਇਕੱਲਤਾ, ਬੇਗਾਨਗੀ, ਉਦਾਸੀ ਤੇ ਮਾਨਸਿਕ ਤਣਾਅ ਨਿੱਤ ਦਿਨ ਫ਼ਲ ਫੁੱਲ ਰਿਹਾ ਹੈ | ਅਧਿਆਪਕਾਂ, ਮਾਪਿਆਂ ਤੇ ਵਿਦਿਆਰਥੀਆਂ ਵਲੋਂ ਬਣਾਈ ਪੁਸਤਕਾਂ ਤੋਂ ਦੂਰੀ ਤਲਖ਼ੀਆਂ, ਬੇਲੋੜੇ ਗ਼ੁੱਸੇ, ਖਿਝ ਤੇ ਖ਼ੱਜਲ-ਖ਼ੁਆਰੀ ਨੂੰ ਅਮਰ ਵੇਲ ਵਾਂਗ ਵਧਾ ਰਹੀ ਹੈ | ਉਨ੍ਹਾਂ ਆਖਿਆ ਕਿ ਘਰਾਂ ਵਿਚ ਪੁਸਤਕਾਂ ਬੁੱਧੀਮਾਨ ਮਾਪਿਆਂ ਤੇ ਪਿੰਡ, ਸ਼ਹਿਰ, ਕਸਬਿਆਂ ਵਿੱਚ ਬਣੀਆਂ ਲਾਇਬ੍ਰੇਰੀਆਂ ਸੱਭਿਅਕ ਸਮਾਜ ਦਾ ਮੁਹਾਂਦਰਾ ਹੁੰਦੀਆਂ ਹਨ | ਉਨ੍ਹਾਂ ਬਿਹਤਰ ਜੀਵਨ ਤੇ ਸਮਾਜ ਲਈ ਪੁਸਤਕਾਂ ਸੰਗ ਜਿਉਣ ਨੂੰ ਚੰਗੇਰੇ ਭਵਿੱਖ ਦਾ ਰਾਹ ਦੱਸਿਆ ਹੈ |