ਸ੍ਰੀ ਮੁਕਤਸਰ ਸਾਹਿਬ, 28 ਮਈ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਤੋਂ ਮਲੋਟ ਰੋਡ 'ਤੇ ਅੱਜ ਦੁਪਹਿਰ ਸਮੇਂ ਸੜਕ ਦੇ ਦੋਵੇਂ ਪਾਸੇ ਖੇਤਾਂ ਵਿਚ ਕਣਕ ਦੇ ਨਾੜ ਨੂੰ ਲਾਈ ਅੱਗ ਰਾਹਗੀਰਾਂ ਦੀ ਪ੍ਰੇਸ਼ਾਨੀ ਦਾ ਸਬੱਬ ਬਣੀ ਰਹੀ | ਸੜਕ ਤੇ ਚਾਰ-ਚੁਫ਼ੇਰੇ ਫ਼ੈਲਿਆ ਧੂੰਆਂ ਮੁੱਖ ਸੜਕ ਤੋਂ ਗੁਜ਼ਰ ਰਹੀਆਂ ਗੱਡੀਆਂ ਲਈ ਮੁਸੀਬਤ ਬਣ ਰਿਹਾ ਸੀ | ਪਹਿਲਾਂ ਵੀ ਸੜਕ ਦੇ ਨੇੜੇ ਲਾਈ ਅੱਗ ਕਰਕੇ ਫ਼ੈਲੇ ਧੂੰਏਾ ਨਾਲ ਕਈ ਹਾਦਸੇ ਵਾਪਰ ਚੁੱਕੇ ਹਨ, ਪਰ ਅਜੇ ਵੀ ਇਸ ਨੁਕਸਾਨ ਤੋਂ ਕੋਈ ਸਬਕ ਨਹੀਂ ਸਿੱਖਦਾ | ਧੂੰਏਾ ਕਾਰਨ ਜਿੱਥੇ ਚਾਰ-ਚੁਫ਼ੇਰੇ ਵਾਤਾਵਰਨ 'ਤੇ ਮਾੜਾ ਅਸਰ ਪੈਂਦਾ ਹੈ ਅਤੇ ਪ੍ਰਦੂਸ਼ਣ ਫ਼ੈਲਦਾ ਹੈ, ਉੱਥੇ ਹੀ ਵੱਡੀ ਗਿਣਤੀ ਵਿਚ ਨੇੜੇ ਜੋ ਦਰੱਖ਼ਤ ਹੁੰਦੇ ਹਨ, ਉਹ ਅੱਗ ਦੀ ਲਪੇਟ ਵਿਚ ਆਉਣ ਨਾਲ ਝੁਲਸੇ ਜਾਂਦੇ ਹਨ ਅਤੇ ਛੋਟੇ ਬੂਟੇ ਤਾਂ ਬਿਲਕੁਲ ਖ਼ਤਮ ਹੋ ਜਾਂਦੇ ਹਨ | ਅੱਜ ਇਸ ਧੂੰਏਾ ਵਿਚੋਂ ਹੀ ਵੱਡੀ ਗਿਣਤੀ 'ਚ ਕਾਰਾਂ, ਹੋਰ ਗੱਡੀਆਂ, ਮੋਟਰਸਾਈਕਲ ਸਵਾਰ ਤੇ ਬੱਸਾਂ ਮੁਸ਼ਕਿਲ ਨਾਲ ਲੰਘਦੀਆਂ ਰਹੀਆਂ | ਸਖ਼ਤ ਗਰਮੀ ਤੇ ਸੜਕ ਦੇ ਕਿਨਾਰੇ ਅੱਗ ਦੇ ਬਲ ਰਹੇ ਭਾਂਬੜ ਅਤੇ ਧੂੰਆਂ ਦੋਪਹੀਆ ਵਾਹਨਾਂ ਦੇ ਚਾਲਕਾਂ ਅਤੇ ਸਵਾਰਾਂ ਲਈ ਹੋਰ ਵੀ ਮੁਸ਼ਕਿਲ ਖੜ੍ਹੀ ਕਰ ਰਿਹਾ ਸੀ | ਕਈ ਪੰਛੀ ਅਤੇ ਮਿੱਤਰ ਕੀੜੇ ਵੀ ਅੱਗ ਦੀ ਲਪੇਟ ਵਿਚ ਆ ਰਹੇ ਹਨ | ਪਾਬੰਦੀ ਦੇ ਬਾਵਜੂਦ ਵੀ ਕਣਕ ਦੇ ਨਾੜ ਨੂੰ ਅੱਗ ਲਾਉਣ ਦਾ ਸਿਲਸਿਲਾ ਜਾਰੀ ਹੈ |