ਫ਼ਰੀਦਕੋਟ, 11 ਜੂਨ (ਸਰਬਜੀਤ ਸਿੰਘ)-ਇੱਥੋਂ ਦੀ ਮਾਡਰਨ ਕੇਂਦਰੀ ਜੇਲ੍ਹ ਵਿਚ ਜੇਲ੍ਹ ਅਧਿਕਾਰੀਆਂ ਵਲੋਂ ਜੇਲ੍ਹ ਕਰਮਚਾਰੀਆਂ ਦੀ ਸਹਾਇਤਾ ਬੈਰਕਾਂ ਦੀ ਅਚਾਨਕ ਕੀਤੀ ਗਈ ਚੈਕਿੰਗ ਦੌਰਾਨ ਇਕ ਹਵਾਲਾਤੀ ਪਾਸੋਂ ਇਕ ਮੋਬਾਈਲ ਫੋਨ ਸਮੇਤ ਸਿੰਮ ਦੇ ਬਰਾਮਦ ਕੀਤਾ ਗਿਆ ਹੈ | ਸਿਟੀ ਪੁਲਿਸ ਵਲੋਂ ਜੇਲ੍ਹ ਅਧਿਕਾਰੀ ਦੀ ਸ਼ਿਕਾਇਤ ਦੇ ਆਧਾਰ 'ਤੇ ਹਵਾਲਾਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ | ਪ੍ਰਾਪਤ ਸੂਚਨਾ ਅਨੁਸਾਰ ਕਰਮਜੀਤ ਸਿੰਘ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ, ਫ਼ਰੀਦਕੋਟ ਵਲੋਂ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ ਜੇਲ੍ਹ ਕਰਮਚਾਰੀਆਂ ਵਲੋਂ ਬਲਾਕ ਨੰਬਰ 4 ਦੀ ਬੈਰਕ ਨੰਬਰ 3 ਦੀ ਅਚਾਨਕ ਤਲਾਸ਼ੀ ਲਈ ਗਈ ਤਾਂ ਕਥਿਤ ਤੌਰ 'ਤੇ ਹਵਾਲਾਤੀ ਲਵਪ੍ਰੀਤ ਸਿੰਘ ਪੁੱਤਰ ਮੁਖਤਿਆਰ ਸਿੰਘ ਪਾਸੋਂ ਇਕ ਮੋਬਾਈਲ ਫੋਨ ਸਮੇਤ ਸਿੰਮ ਦੇ ਬਰਾਮਦ ਕੀਤਾ ਗਿਆ | ਸਹਾਇਕ ਥਾਣੇਦਾਰ ਗੁਰਪਾਲ ਸਿੰਘ ਨੇ ਦੱਸਿਆ ਕਿ ਜੇਲ੍ਹ ਅਧਿਕਾਰੀ ਦੀ ਸ਼ਿਕਾਇਤ ਦੇ ਆਧਾਰ 'ਤੇ ਥਾਣਾ ਸਿਟੀ ਫ਼ਰੀਦਕੋਟ ਪੁਲਿਸ ਵਿਖੇ ਹਵਾਲਾਤੀ ਖ਼ਿਲਾਫ਼ ਜੇਲ੍ਹ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ |