ਅੰਮਿ੍ਤਸਰ, 23 ਜਨਵਰੀ (ਸੁਰਿੰਦਰ ਕੋਛੜ)-ਪਿਛਲੇ ਤਿੰਨ ਸਾਲਾਂ ਤੋਂ ਪਾਕਿਸਤਾਨ ਦੇ ਕਰਾਚੀ ਸ਼ਹਿਰ 'ਚ ਫਸੀ ਰੇਹਾਨਾ ਸ਼ੇਖ਼ ਨੇ ਵੀਡੀਓ ਸੁਨੇਹੇ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਸ ਨੂੰ ਉਸ ਦੇ ਪਤੀ ਅਤੇ ਬੱਚਿਆਂ ਕੋਲ ਵਾਪਸ ਜਾਣ ਦੀ ਆਗਿਆ ਦਿੱਤੀ ਜਾਵੇ | ਉਸ ਨੇ ਹੰਝੂ ਭਰੀਆਂ ਅੱਖਾਂ ਨਾਲ ਕਿਹਾ ਕਿ ਮੈਂ ਮਾਂ ਹਾਂ, ਮੈਨੂੰ ਮੇਰੇ ਬੱਚਿਆਂ ਨਾਲ ਰਹਿਣ ਦਿਓ, ਮੈਨੂੰ ਉਨ੍ਹਾਂ ਦੀ ਬਹੁਤ ਜ਼ਰੂਰਤ ਹੈ | ਦੱਸਣਯੋਗ ਹੈ ਕਿ ਮੂਲ ਰੂਪ 'ਚ ਕਰਾਚੀ ਦੀ ਰਹਿਣ ਵਾਲੀ ਰੇਹਾਨਾ ਦਾ ਨਿਕਾਹ ਸਾਲ 2015 'ਚ ਰਾਜਕੋਟ (ਗੁਜਰਾਤ) ਦੇ ਪਰਵੇਜ਼ ਸ਼ੇਖ਼ ਨਾਲ ਹੋਇਆ | ਵਿਆਹ ਤੋਂ ਬਾਅਦ ਉਸ ਨੇ ਭਾਰਤ ਸਰਕਾਰ ਦੇ ਨਿਯਮਾਂ ਅਨੁਸਾਰ ਵੀਜ਼ਾ ਅਤੇ ਹੋਰ ਜ਼ਰੂਰੀ ਪ੍ਰਕਿਰਿਆਵਾਂ ਪੂਰੀਆਂ ਕੀਤੀਆਂ ਅਤੇ ਆਪਣੇ ਪਤੀ ਨਾਲ ਭਾਰਤ 'ਚ ਰਹਿਣ ਲੱਗੀ | ਰੇਹਾਨਾ ਦਾ ਵੀਜ਼ਾ ਸਮੇਂ-ਸਮੇਂ 'ਤੇ ਵਧਾਇਆ ਜਾਂਦਾ ਰਿਹਾ | ਇਸ ਸਮੇਂ ਦੌਰਾਨ ਉਸ ਦੇ ਦੋ ਬੱਚੇ ਹੋਏ | ਸਾਲ 2022 'ਚ ਵੀਜ਼ਾ ਖ਼ਤਮ ਹੋਣ 'ਤੇ ਰੇਹਾਨਾ ਨੂੰ ਸੰਬੰਧਿਤ ਅਧਿਕਾਰੀਆਂ ਨੇ ਵੀਜ਼ਾ ਪ੍ਰਕਿਰਿਆ ਪੂਰੀ ਕਰਨ ਲਈ ਪਾਕਿ ਜਾਣ ਦੀ ਸਲਾਹ ਦਿੱਤੀ | ਇਸ 'ਤੇ ਉਹ ਦਸੰਬਰ 2022 ਦੇ ਅੰਤ 'ਚ ਆਪਣੇ ਪਤੀ ਅਤੇ ਦੋ ਛੋਟੇ ਬੱਚਿਆਂ ਨਾਲ ਕਰਾਚੀ ਚਲੀ ਗਈ | ਪਾਕਿ ਪਹੁੰਚਣ ਤੋਂ ਬਾਅਦ ਰੇਹਾਨਾ ਨੇ ਵੀਜ਼ਾ ਨਵੀਨੀਕਰਨ ਪ੍ਰਕਿਰਿਆ ਦੁਬਾਰਾ ਸ਼ੁਰੂ ਕੀਤੀ | ਇਸ ਸਮੇਂ ਦੌਰਾਨ ਪਰਵੇਜ਼ ਅਤੇ ਬੱਚੇ ਲਗਭਗ ਢਾਈ ਮਹੀਨੇ ਕਰਾਚੀ 'ਚ ਰਹੇ | ਪਰਿਵਾਰ ਨੂੰ ਉਮੀਦ ਸੀ ਕਿ ਉਸ ਦਾ ਵੀਜ਼ਾ ਜਲਦੀ ਹੀ ਮਿਲ ਜਾਵੇਗਾ ਅਤੇ ਉਹ ਭਾਰਤ ਵਾਪਸ ਆ ਜਾਵੇਗੀ | ਬਦਕਿਸਮਤੀ ਨਾਲ ਰੇਹਾਨਾ ਦਾ ਵੀਜ਼ਾ ਨਵਿਆਇਆ ਨਹੀਂ ਜਾ ਸਕਿਆ ਅਤੇ ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਪਾਕਿ ਸਰਹੱਦਾਂ ਬੰਦ ਹੋ ਜਾਣ ਅਤੇ ਦੋਵਾਂ ਮੁਲਕਾਂ ਵਿਚਾਲੇ ਸੰਬੰਧ ਹੋਰ ਤਣਾਅਪੂਰਨ ਹੋਣ ਕਰਕੇ ਉਹ ਪਾਕਿਸਤਾਨ 'ਚ ਫਸ ਗਈ |