ਅੰਮਿ੍ਤਸਰ/ਚੰਡੀਗੜ੍ਹ, 25 ਜਨਵਰੀ (ਹਰਮਿੰਦਰ ਸਿੰਘ, ਸੰਦੀਪ ਕੁਮਾਰ ਮਾਹਨਾ)- ਪਹਾੜੀ ਰਾਜਾਂ ਦੇ ਉੱਚਿਆਂ ਇਲਾਕਿਆਂ 'ਚ ਹੋਈ ਤਾਜ਼ਾ ਬਰਫ਼ਬਾਰੀ ਦਾ ਅਸਰ ਪੰਜਾਬ ਤੇ ਹਰਿਆਣਾ ਦੇ ਮੈਦਾਨੀ ਇਲਾਕਿਆਂ 'ਚ ਦੇਖਣ ਨੂੰ ਮਿਲ ਰਿਹਾ ਹੈ | ਭਾਵੇਂਕਿ ਇਨ੍ਹਾਂ ਦੋਵੇਂ ਸੂਬਿਆਂ ਦੇ ਦਿਨ ਦੇ ਸਮੇਂ ਧੁੱਪ ਲੱਗ ਰਹੀ ਹੈ ਪਰ ਉਸ ਦੇ ਨਾਲ ਚੱਲਣ ਵਾਲੀਆਂ ਸੀਤ ਹਵਾਵਾਂ ਕਾਂਬਾ ਛੇੜ ਰਹੀਆਂ ਹਨ | ਪਿਛਲੇ 24 ਘੰਟਿਆਂ 'ਚ ਇਨ੍ਹਾਂ ਦੋਵੇਂ ਸੁਬਿਆਂ ਦੇ ਕਈ ਇਲਾਕਿਆਂ 'ਚ ਧੁੰਦ ਵੀ ਪਈ ਹੈ ਪਰ ਅਗਲੇ 24 ਘੰਟਿਆਂ 'ਚ ਕਈ ਹਿੱਸਿਆਂ ਵਿਚ ਹਲਕੀ ਬਦਲਵਾਹੀ ਹੋਣ ਦੀ ਸੰਭਾਵਨਾ ਹੈ | ਪਿਛਲੇ 24 ਘੰਟਿਆਂ ਵਿਚ ਪੰਜਾਬ ਦਾ ਫਿਰੋਜ਼ਪੁਰ ਸਭ ਤੋਂ ਠੰਢਾ ਰਿਹਾ, ਜਿਥੇ ਰਾਤ ਦੇ ਸਮੇਂ ਘੱਟ ਤੋਂ ਘੱਟ ਤਾਪਮਾਨ 3.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ | ਇਸੇ ਦੌਰਾਨ ਬਠਿੰਡਾ 'ਚ ਘੱਟ ਤੋਂ ਘੱਟ ਤਾਪਮਾਨ 4.0 ਡਿਗਰੀ ਸੈਲਸੀਅਸ, ਗੁਰਦਾਸਪੁਰ 'ਚ 4.5 ਡਿਗਰੀ ਸੈਲਸੀਅਸ, ਅੰਮਿ੍ਤਸਰ 'ਚ 4.7 ਡਿਗਰੀ ਸੈਲਸੀਅਸ, ਲੁਧਿਆਣਾ 'ਚ 7.4 ਡਿਗਰੀ ਸੈਲਸੀਅਸ ਤੱਕ ਤਾਪਮਾਨ ਦਰਜ ਕੀਤਾ ਗਿਆ ਹੈ |