ਖਰੜ-ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਕੁਲਵੰਤ ਸਿੰਘ ਤਿ੍ਪੜੀ (ਸਰਪੰਚ) ਦਾ ਜਨਮ ਪਿੰਡ ਤਿ੍ਪੜੀ ਵਿਖੇ ਪਿਤਾ ਸ. ਅਮਰਜੀਤ ਸਿੰਘ ਅਤੇ ਮਾਤਾ ਮਨਜੀਤ ਕੌਰ ਦੀ ਕੁੱਖੋਂ ਕਿਸਾਨ ਪਰਿਵਾਰ 'ਚ ਹੋਇਆ | ਉਹ ਮਿੱਠੜੇ ਸੁਭਾਅ ਦੇ ਮਾਲਕ ਤੇ ਮਿੱਤਰਾਂ ਦੇ ਮਿੱਤਰ ਸਨ ਅਤੇ ਸਭ ਨੂੰ ਹੱਸ ਕੇ ਮਿਲਣ ਵਾਲੇ ਇਨਸਾਨ ਸਨ | ਉਨ੍ਹਾਂ ਵੱਖ-ਵੱਖ ਸਮਾਜ ਸੇਵੀ ਅਤੇ ਕਲੱਬਾਂ ਨਾਲ ਜੁੜ ਕੇ ਹਰ ਖੇਤਰ 'ਚ ਆਪਣੀ ਵੱਖਰੀ ਪਛਾਣ ਬਣਾਈ | ਕੁਲਵੰਤ ਸਿੰਘ ਨੇ ਮੁੱਢਲੀ ਪੜ੍ਹਾਈ ਪਿੰਡ ਦੇ ਹੀ ਸਕੂਲ ਤੋਂ ਪ੍ਰਾਪਤ ਕੀਤੀ ਸੀ ਤੇ ਪੜ੍ਹਾਈ ਤੋਂ ਬਾਅਦ ਕਿਸਾਨੀ 'ਚ ਆਪਣੇ ਪਿਤਾ ਨਾਲ ਹੱਥ ਵਟਾਉਣਾ ਸ਼ੁਰੂ ਕੀਤਾ | ਆਪ ਦੇ ਪਿਤਾ ਅਮਰਜੀਤ ਸਿੰਘ, ਪਤਨੀ ਹਰਪ੍ਰੀਤ ਕੌਰ ਅਤੇ ਉਹ ਵੀ ਪਿੰਡ ਤਿ੍ਪੜੀ ਦੇ ਸਰਪੰਚ ਰਹੇ ਅਤੇ ਸਹਿਜੇ-ਸਹਿਜੇ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਕਿਸਾਨ ਯੂਨੀਅਨ ਨਾਲ ਰਾਬਤਾ ਕਾਇਮ ਕਰਦੇ ਹੋਏ ਕਿਸਾਨੀ ਸੰਘਰਸ਼ ਅਤੇ ਪੰਜਾਬ ਦੇ ਮਸਲਿਆਂ ਲਈ ਅੱਗੇ ਆਉਣਾ ਸ਼ੁਰੂ ਕੀਤਾ | ਉਨ੍ਹਾਂ ਦਿੱਲੀ 'ਚ ਚੱਲੇ ਕਿਸਾਨੀ ਸੰਘਰਸ਼ 'ਚ ਅੱਗੇ ਹੋ ਕੇ ਕੰਮ ਕੀਤਾ, ਜਦੋਂਕਿ ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਸਕੱਤਰ ਵਜੋਂ ਸੇਵਾਵਾਂ ਨਿਭਾਉਂਦਿਆਂ ਪਾਰਟੀ ਦੀ ਮਜ਼ਬੂਤੀ ਲਈ ਵੀ ਕੰਮ ਕੀਤਾ | ਖ਼ੂਨਦਾਨ ਕੈਂਪ ਸਮੇਤ ਕਬੱਡੀ ਕੱਪ ਕਰਵਾਉਣੇ ਉਨ੍ਹਾਂ ਦੀ ਪਹਿਲੀ ਪਸੰਦ ਸੀ | ਕੁਲਵੰਤ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਦੇ ਨੇੜਲੇ ਸਾਥੀਆਂ ਵਜੋਂ ਵੀ ਜਾਣੇ ਜਾਂਦੇ ਸਨ | ਉਹ ਪਿਛਲੇ ਦਿਨੀਂ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਅਕਾਲ ਚਲਾਣਾ ਕਰ ਗਏ ਹਨ | ਪਰਿਵਾਰ ਵਲੋਂ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸਹਿਜ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ (ਲੰਬਿਆਂ) ਫੇਜ਼-8 ਸੈਕਟਰ-62 ਮੁਹਾਲੀ ਵਿਖੇ 26 ਜਨਵਰੀ, ਦਿਨ ਸੋਮਵਾਰ ਨੂੰ ਦੁਪਹਿਰ 12 ਤੋਂ 1 ਵਜੇ ਤੱਕ ਹੋਵੇਗੀ, ਜਿਥੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਤੇ ਕਿਸਾਨ ਜਥੇਬੰਦੀਆਂ ਦੇ ਆਗੂ ਅਤੇ ਸਮਾਜ ਸੇਵੀ, ਸੱਜਣ, ਮਿੱਤਰ ਸ਼ਰਧਾਜ਼ਲੀਆਂ ਭੇਟ ਕਰਨਗੇ | ਗੁਰਮੁੱਖ ਸਿੰਘ ਮਾਨ