ਐੱਸ. ਏ. ਐੱਸ. ਨਗਰ, 30 ਜਨਵਰੀ (ਕਪਿਲ ਵਧਵਾ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੇ ਨਜ਼ਦੀਕੀ ਹਰਪ੍ਰੀਤ ਸਿੰਘ ਗੁਲਾਟੀ ਵਲੋਂ ਦਾਖ਼ਲ ਕੀਤੀ ਗਈ ਜ਼ਮਾਨਤ ਅਰਜ਼ੀ 'ਤੇ ਪੰਜਾਬ ਵਿਜੀਲੈਂਸ ਬਿਊਰੋ ਅੱਜ ਅਦਾਲਤ ਵਿਚ ਆਪਣਾ ਜਵਾਬ ਦਾਇਰ ਕਰੇਗੀ | ਇਸ ਦੇ ਨਾਲ ਹੀ ਵਿਜੀਲੈਂਸ ਵਲੋਂ ਪੇਸ਼ ਕੀਤੇ ਗਏ 11 ਹਜ਼ਾਰ ਸਫ਼ਿਆਂ ਵਾਲੇ ਵਿਸਥਾਰਪੂਰਵਕ ਦੋਸ਼ ਪੱਤਰ ਸੰਬੰਧੀ ਅਦਾਲਤ ਦੇ ਅਹਿਲਮਦ ਵਲੋਂ ਤਿਆਰ ਕੀਤੀ ਗਈ ਰਿਪੋਰਟ ਵੀ ਅਦਾਲਤ 'ਚ ਪੇਸ਼ ਕੀਤੀ ਜਾਵੇਗੀ | ਜ਼ਿਕਰਯੋਗ ਹੈ ਕਿ ਵਿਜੀਲੈਂਸ ਬਿਊਰੋ ਵਲੋਂ ਹਰਪ੍ਰੀਤ ਸਿੰਘ ਗੁਲਾਟੀ ਖ਼ਿਲਾਫ਼ ਕੁਝ ਦਿਨ ਪਹਿਲਾਂ ਦੋਸ਼ ਪੱਤਰ ਦਾਖ਼ਲ ਕੀਤਾ ਗਿਆ ਸੀ, ਜਿਸ ਤੋਂ ਦੋ ਦਿਨਾਂ ਬਾਅਦ ਬਚਾਅ ਪੱਖ ਦੇ ਵਕੀਲ ਵਲੋਂ ਜ਼ਮਾਨਤ ਅਰਜ਼ੀ ਅਦਾਲਤ ਵਿਚ ਪੇਸ਼ ਕੀਤੀ ਗਈ ਸੀ | ਦੋਵੇਂ ਮਾਮਲਿਆਂ 'ਤੇ 31 ਜਨਵਰੀ ਨੂੰ ਅਦਾਲਤ ਵਿਚ ਸੁਣਵਾਈ ਹੋਣੀ ਤੈਅ ਹੈ | ਅਦਾਲਤੀ ਕਾਰਵਾਈ ਦੌਰਾਨ ਜੱਜ ਹਰਦੀਪ ਸਿੰਘ ਵਲੋਂ ਦੋਸ਼ ਪੱਤਰ 'ਤੇ ਅਹਿਲਮਦ ਦੀ ਰਿਪੋਰਟ ਆਉਣ ਉਪਰੰਤ ਅਗਲੇਰੀ ਕਾਰਵਾਈ ਤੈਅ ਕੀਤੀ ਜਾਵੇਗੀ | ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਅਨੁਸਾਰ ਚਲਾਨ ਪੇਸ਼ ਕਰਨ ਮੌਕੇ ਮੁਲਜ਼ਮ ਨੂੰ ਨਿੱਜੀ ਤੌਰ 'ਤੇ ਅਦਾਲਤ 'ਚ ਪੇਸ਼ ਕੀਤਾ ਜਾਂਦਾ ਹੈ, ਜਦਕਿ ਬਿਕਰਮ ਸਿੰਘ ਮਜੀਠੀਆ ਨੂੰ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਅਦਾਲਤ ਅੱਗੇ ਪੇਸ਼ ਕੀਤਾ ਜਾਵੇਗਾ | ਗੌਰਤਲਬ ਹੈ ਕਿ 30 ਨਵੰਬਰ, 2025 ਨੂੰ ਗਿ੍ਫ਼ਤਾਰ ਕੀਤੇ ਗਏ ਹਰਪ੍ਰੀਤ ਸਿੰਘ ਗੁਲਾਟੀ ਖ਼ਿਲਾਫ਼ ਵਿਜੀਲੈਂਸ ਬਿਊਰੋ ਵਲੋਂ 60 ਦਿਨਾਂ ਦੀ ਨਿਰਧਾਰਤ ਮਿਆਦ ਅੰਦਰ ਦੋਸ਼ ਪੱਤਰ ਦਾਖ਼ਲ ਕੀਤਾ ਗਿਆ ਸੀ, ਜਿਸ ਕਾਰਨ ਮੁਲਜ਼ਮ ਲਈ 'ਡਿਫਾਲਟ ਬੇਲ' ਦਾ ਬਦਲ ਖ਼ਤਮ ਹੋ ਚੁੱਕਾ ਹੈ | ਹੁਣ ਗੁਲਾਟੀ ਦੀ ਜ਼ਮਾਨਤ ਬਾਰੇ ਫ਼ੈਸਲਾ ਅਦਾਲਤ ਵਲੋਂ ਕੇਸ ਦੇ ਤੱਥਾਂ ਅਤੇ ਪੇਸ਼ ਕੀਤੇ ਸਬੂਤਾਂ ਦੇ ਆਧਾਰ 'ਤੇ ਕੀਤਾ ਜਾਵੇਗਾ |