ਅੰਮਿ੍ਤਸਰ/ਚੰਡੀਗੜ੍ਹ, 30 ਜਨਵਰੀ (ਹਰਮਿੰਦਰ ਸਿੰਘ, ਸੁਖਵਿੰਦਰ ਸਿੰਘ ਸ਼ਾਨ)-ਪੰਜਾਬ ਤੇ ਹਰਿਆਣਾ ਦੇ ਕਈ ਇਲਾਕਿਆਂ 'ਚ ਅਗਲੇ 24 ਘੰਟਿਆਂ 'ਚ ਬਦਲ ਛਾਏ ਰਹਿਣ ਅਤੇ 1 ਫਰਵਰੀ ਨੂੰ ਕਈ ਇਲਾਕਿਆਂ 'ਚ ਗਰਜ ਚਮਕ ਦੇ ਨਾਲ ਮੀਂਹ ਪੈਣ ਦੇ ਆਸਾਰ ਹਨ, ਜਦੋਂਕਿ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਠੰਢੀਆਂ ਹਵਾਵਾਂ ਵੀ ਚੱਲਣਗੀਆਂ | ਦੂਜੇ ਪਾਸੇ, ਲੰਘੇ 24 ਘੰਟਿਆਂ ਦੌਰਾਨ ਦਿਨ ਅਤੇ ਰਾਤ ਦੇ ਤਾਪਮਾਨ ਵਿਚ ਵਾਧਾ ਦਰਜ਼ ਕੀਤਾ ਗਿਆ ਹੈ | ਪੰਜਾਬ ਦੇ ਬਠਿੰਡਾ 'ਚ ਘੱਟ ਤੋਂ ਘੱਟ ਤਾਪਮਾਨ 5.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦੋਂਕਿ ਫਰੀਦਕੋਟ 'ਚ ਵੱਧ ਤੋਂ ਵੱਧ ਤਾਪਮਾਨ 23.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ | ਇਸੇ ਦੌਰਾਨ ਹਰਿਆਣਾ ਦੇ ਮਹੇਂਦਰਗੜ੍ਹ ਵਿਖੇ ਘੱਟ ਤੋਂ ਘੱਟ ਤਾਪਮਾਨ 5.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦੋਂਕਿ ਫਰੀਦਾਬਾਦ 'ਚ ਵੱਧ ਤੋਂ ਵੱਧ ਤਾਪਮਾਨ 23.8 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ |