ਡਾ. ਬਰਜਿੰਦਰ ਸਿੰਘ ਹਮਦਰਦ, ਸਪੀਕਰ ਕੁਲਤਾਰ ਸਿੰਘ ਸੰਧਵਾਂ, ਵਿਧਾਇਕ ਡਾ. ਅਰੋੜਾ, ਵਿਧਾਇਕ ਬਿਲਾਸਪੁਰ,
ਵਿਧਾਇਕ ਲਾਡੀ ਢੋਸ, ਡੀ.ਸੀ. ਸਾਗਰ ਸੇਤੀਆ ਸਮੇਤ ਅਨੇਕਾਂ ਸ਼ਖ਼ਸੀਅਤਾਂ ਨੇ ਕੀਤੀ ਸ਼ਿਰਕਤ
'ਅਜੀਤ' ਦੇਸ਼-ਵਿਦੇਸ਼ 'ਚ ਵੱਸਦੇ ਪੰਜਾਬੀਆਂ ਦਾ ਆਪਣਾ ਅਖ਼ਬਾਰ-ਡਾ. ਹਮਦਰਦ
'ਅਜੀਤ' ਅਖ਼ਬਾਰ ਪੰਜਾਬ ਦੇ ਲੋਕਾਂ ਦਾ ਰਾਹ ਦਸੇਰਾ ਤੇ ਚਾਨਣ ਮੁਨਾਰਾ-ਸਪੀਕਰ ਕੁਲਤਾਰ ਸਿੰਘ ਸੰਧਵਾਂ
ਡਾ. ਬਰਜਿੰਦਰ ਸਿੰਘ ਹਮਦਰਦ ਨੇ 'ਅਜੀਤ' ਦੀ ਸਮੁੱਚੀ ਟੀਮ ਨੂੰ ਸਫ਼ਲਤਾ ਪੂਰਵਕ ਸਮਾਗਮ ਲਈ ਦਿੱਤੀਆਂ ਵਧਾਈਆਂ
ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ, ਅਸ਼ੋਕ ਬਾਂਸਲ
ਮੋਗਾ, 31 ਜਨਵਰੀ-'ਅਜੀਤ' ਉਪ ਦਫ਼ਤਰ ਮੋਗਾ ਦੀ 25ਵੀਂ ਵਰ੍ਹੇਗੰਢ ਸਥਾਨਕ ਸ਼ਹਿਰ ਦੇ ਆਈ.ਐਸ.ਐਫ. ਕਾਲਜ ਫ਼ਿਰੋਜ਼ਪੁਰ ਰੋਡ ਮੋਗਾ ਵਿਖੇ ਮਨਾਈ ਗਈ, ਜੋ ਯਾਦਗਾਰੀ ਹੋ ਨਿੱਬੜੀ | ਇਸ ਵਿਸ਼ੇਸ਼ ਸਮਾਗਮ ਵਿਚ 'ਅਜੀਤ' ਪ੍ਰਕਾਸ਼ਨ ਸਮੂਹ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਮੌਕੇ ਪ੍ਰਮੁੱਖ ਸ਼ਖ਼ਸੀਅਤਾਂ ਵਿਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ, ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨਿਹਾਲ ਸਿੰਘ ਵਾਲਾ, ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ, ਡਿਪਟੀ ਕਮਿਸ਼ਨਰ ਸਾਗਰ ਸੇਤੀਆ, ਮੈਡਮ ਸਰਵਿੰਦਰ ਕੌਰ ਚੀਫ਼ ਐਗਜ਼ੀਕਿਊਟਿਵ, ਮੈਡਮ ਗੁਰਜੋਤ ਕੌਰ ਸੀਨੀਅਰ ਐਗਜ਼ੀਕਿਊਟਿਵ, 'ਅਜੀਤ' ਦੇ ਟਰੱਸਟੀ ਗੁਰਚਰਨ ਸਿੰਘ ਸਿਆਲ, ਸਤਨਾਮ ਸਿੰਘ ਮਾਣਕ ਕਾਰਜਕਾਰੀ ਸੰਪਾਦਕ, ਅਵਤਾਰ ਸਿੰਘ ਸ਼ੇਰਗਿੱਲ ਨਿਊਜ਼ ਐਡੀਟਰ, ਵਿਕਾਸ ਸਚਦੇਵਾ ਸੰਪਾਦਕ ਸਮਾਚਾਰ ਵਿਭਾਗ, ਸੰਤ ਬਾਬਾ ਗੁਰਮੀਤ ਸਿੰਘ ਖੋਸਾ ਕੋਟਲਾ, ਸੰਤ ਬਾਬਾ ਗੁਰਦੀਪ ਸਿੰਘ ਚੰਦ ਪੁਰਾਣਾ, ਬਾਬਾ ਮਹਿੰਦਰ ਸਿੰਘ ਜਨੇਰ ਟਕਸਾਲ, ਬੀ.ਬੀ.ਐਸ. ਗਰੁੱਪ ਦੇ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ, ਆਈ.ਐਸ.ਐਫ. ਕਾਲਜ ਦੇ ਚੇਅਰਮੈਨ ਪ੍ਰਵੀਨ ਗਰਗ ਸਮੇਤ ਅਨੇਕਾਂ ਸ਼ਖ਼ਸੀਅਤਾਂ ਸ਼ਾਮਿਲ ਹੋਈਆਂ | ਸਮਾਗਮ ਦੀ ਸ਼ੁਰੂਆਤ ਨੈਸ਼ਨਲ ਕਾਨਵੈਂਟ ਸਕੂਲ ਦੇ ਬੱਚਿਆਂ ਵਲੋਂ ਸ਼ਬਦ ਗਾਇਣ ਨਾਲ ਕੀਤੀ ਗਈ | ਇਸ ਮੌਕੇ ਗਰੇਟ ਪੰਜਾਬ ਪਿ੍ੰਟਰ ਦੇ ਐਮ.ਡੀ. ਨਵੀਨ ਸਿੰਗਲਾ ਵਲੋਂ ਲਿਆਂਦਾ ਗਿਆ ਕੇਕ ਵੀ ਡਾ. ਬਰਜਿੰਦਰ ਸਿੰਘ ਹਮਦਰਦ ਵਲੋਂ ਕੱਟਿਆ ਗਿਆ | ਇਸ ਮੌਕੇ 'ਅਜੀਤ' ਪ੍ਰਕਾਸ਼ਨ ਸਮੂਹ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ 'ਅਜੀਤ' ਦੀ ਕਾਮਯਾਬੀ ਵਿਚ ਸਾਡੇ ਸਮੁੱਚੇ ਪੰਜਾਬ ਵਿਚ ਬਣੇ ਹੋਏ ਉਪ ਦਫ਼ਤਰਾਂ ਦਾ ਅਹਿਮ ਰੋਲ ਤੇ ਯੋਗਦਾਨ ਹੈ | ਉਨ੍ਹਾਂ ਅੱਜ ਉਪ ਦਫ਼ਤਰ ਮੋਗਾ ਦੀ 25ਵੀਂ ਵਰ੍ਹੇਗੰਢ 'ਤੇ ਖ਼ੁਸ਼ੀ ਮਹਿਸੂਸ ਕਰਦੇ ਹੋਏ ਕਿਹਾ ਕਿ ਉਪ ਦਫ਼ਤਰ ਮੋਗਾ ਦੇ ਇੰਚਾਰਜ ਸੁਰਿੰਦਰਪਾਲ ਸਿੰਘ ਤੇ ਉਨ੍ਹਾਂ ਦੀ ਸਮੁੱਚੀ ਟੀਮ ਵਧਾਈ ਦੀ ਪਾਤਰ ਹੈ | ਉਨ੍ਹਾਂ ਕਿਹਾ ਕਿ ਅਦਾਰਾ 'ਅਜੀਤ' ਨੇ ਇਕ ਅਖ਼ਬਾਰ ਵਜੋਂ ਹੀ ਕੰਮ ਨਹੀਂ ਕੀਤਾ, ਸਗੋਂ ਪੰਜਾਬ, ਮਾਂ ਬੋਲੀ, ਪੰਜਾਬੀਅਤ ਤੇ ਪੰਜਾਬ ਦੇ ਹਿਤਾਂ ਲਈ ਵੀ ਕੰਮ ਕੀਤਾ ਹੈ, ਜਦੋਂ ਵੀ ਕਿਤੇ ਪੰਜਾਬ ਅੰਦਰ ਕੋਈ ਵੀ ਆਫ਼ਤ ਜਾਂ ਮੁਸ਼ਕਿਲ ਦੀ ਘੜੀ ਆਈ ਤਾਂ ਅਦਾਰਾ 'ਅਜੀਤ' ਨੇ ਹਮੇਸ਼ਾ ਸਾਥ ਦਿੱਤਾ |
ਡਾ. ਬਰਜਿੰਦਰ ਸਿੰਘ ਹਮਦਰਦ ਨੇ ਕਿਹਾ ਕਿ 'ਅਜੀਤ' ਨੂੰ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਪਰ 'ਅਜੀਤ' ਹਰ ਚੁਣੌਤੀ ਵਿਚ ਜੇਤੂ ਹੋ ਕੇ ਨਿਕਲਿਆ | ਬੀਤੇ ਸਮੇਂ ਵਿਚ ਵੀ 'ਅਜੀਤ' ਨੂੰ ਜੋ ਵੱਡੀ ਚੁਣੌਤੀ ਆਈ ਉਸ ਚੁਣੌਤੀ ਵਿਚ ਜਿੱਤ ਪ੍ਰਾਪਤ ਕੀਤੀ | ਉਨ੍ਹਾਂ ਕਿਹਾ ਕਿ 'ਅਜੀਤ' ਨੂੰ ਕਈ ਵਾਰ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਝੁਕਾਉਣ ਦੀ ਕੋਸ਼ਿਸ਼ ਕੀਤੀ ਪਰ 'ਅਜੀਤ' ਨਾ ਕਦੇ ਝੁਕਿਆ ਤੇ ਨਾ ਹੀ ਕਦੇ ਝੁਕੇਗਾ, ਕਿਉਂਕਿ 'ਅਜੀਤ' ਨੇ ਹਮੇਸ਼ਾ ਆਪਣੇ ਫ਼ਰਜ਼ਾਂ ਦੀ ਪੂਰਤੀ ਕੀਤੀ ਹੈ, ਇਸੇ ਕਰਕੇ 'ਅਜੀਤ' ਲੋਕਾਂ ਦੇ ਰੋਮ-ਰੋਮ ਵਿਚ ਵੱਸਦਾ ਹੈ | ਡਾ. ਹਮਦਰਦ ਨੇ ਕਿਹਾ ਕਿ 'ਅਜੀਤ' ਦੇਸ਼-ਵਿਦੇਸ਼ 'ਚ ਵੱਸਦੇ ਪੰਜਾਬੀਆਂ ਦਾ ਆਪਣਾ ਅਖ਼ਬਾਰ ਹੈ, ਜਿਸ ਨੇ ਹਮੇਸ਼ਾ ਪੰਜਾਬ ਦੀ ਲੜਾਈ ਇਕੱਠੇ ਹੋ ਕੇ ਲੜੀ | ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਬੋਲਦਿਆਂ ਕਿਹਾ ਕਿ 'ਅਜੀਤ' ਨੇ ਪੰਜਾਬ ਦੇ ਹਿਤਾਂ ਦੀ ਲੜਾਈ ਲੜਦਿਆਂ ਹਮੇਸ਼ਾ ਹੀ ਬੇਬਾਕੀ ਨਾਲ ਲਿਖਿਆ ਹੈ ਅਤੇ ਅਦਾਰਾ 'ਅਜੀਤ' ਇਕ ਅਖ਼ਬਾਰ ਹੀ ਨਹੀਂ, ਸਗੋਂ ਪੰਜਾਬ ਦੇ ਲੋਕਾਂ ਲਈ ਇਕ ਰਾਹ ਦਸੇਰਾ ਤੇ ਚਾਨਣ ਮੁਨਾਰਾ ਵੀ ਹੈ, ਜਿਸ ਨੇ ਹਮੇਸ਼ਾ ਹੀ ਪੰਜਾਬ, ਪੰਜਾਬੀਅਤ ਦੀ ਭਲਾਈ ਲਈ ਅਨੇਕ ਯਤਨ ਕੀਤੇ | ਹਲਕਾ ਨਿਹਾਲ ਸਿੰਘ ਵਾਲਾ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਕਿਹਾ ਕਿ ਉਨ੍ਹਾਂ ਨੂੰ ਅਦਾਰਾ 'ਅਜੀਤ' ਵਿਚ 16 ਸਾਲ ਕੰਮ ਕਰਨ ਦਾ ਮੌਕਾ ਮਿਲਿਆ, ਜਿਸ ਨਾਲ ਇਲਾਕੇ ਵਿਚ ਉਸ ਦੀ ਇਕ ਵੱਖਰੀ ਪਛਾਣ ਸੀ, ਜਿਸ ਸਦਕਾ ਉਹ ਦੋ ਵਾਰ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹੇ ਜੋ ਕਿ 'ਅਜੀਤ' ਸਦਕਾ ਸੰਭਵ ਹੋ ਸਕਿਆ ਤੇ ਉਹ ਹਮੇਸ਼ਾ 'ਅਜੀਤ' ਪ੍ਰਕਾਸ਼ਨ ਸਮੂਹ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਦੇ ਰਿਣੀ ਰਹਿਣਗੇ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਤੀਰਥ ਸਿੰਘ ਮਾਹਲਾ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਖਣਮੁਖ ਭਾਰਤੀ ਪੱਤੋ, ਜ਼ਿਲ੍ਹਾ ਪ੍ਰਧਾਨ ਨਿਹਾਲ ਸਿੰਘ ਤਲਵੰਡੀ ਭੰਗੇਰੀਆ, ਭਾਜਪਾ ਦੇ ਬੁਲਾਰੇ ਨਿਧੜਕ ਸਿੰਘ ਬਰਾੜ, ਸਾਬਕਾ ਮੰਤਰੀ ਡਾ. ਮਾਲਤੀ ਥਾਪਰ, ਬਲੂਮਿੰਗ ਬਡਜ਼ ਸਕੂਲ ਦੇ ਚੇਅਰਮੈਨ ਸੰਜੀਵ ਕੁਮਾਰ ਸੈਣੀ, ਜਸਵਿੰਦਰ ਸਿੰਘ ਸਿੱਧੂ ਡਾਇਰੈਕਟਰ ਗਮਾਡਾ ਨੇ ਵੀ 'ਅਜੀਤ' ਉਪ ਦਫ਼ਤਰ ਮੋਗਾ ਦੀ 25ਵੀਂ ਵਰ੍ਹੇਗੰਢ 'ਤੇ ਆਪਣੇ ਵਿਚਾਰ ਪੇਸ਼ ਕਰਦਿਆਂ ਸਮਾਗਮ ਦੇ ਮੁੱਖ ਮਹਿਮਾਨ ਡਾ. ਬਰਜਿੰਦਰ ਸਿੰਘ ਹਮਦਰਦ ਤੇ ਮੋਗਾ ਦੀ ਸਮੁੱਚੀ ਟੀਮ ਨੂੰ ਸਫਲਤਾ ਪੂਰਵਕ ਸਮਾਗਮ ਨੇਪਰੇ ਚੜ੍ਹਨ 'ਤੇ ਵਧਾਈ ਦਿੰਦਿਆਂ 'ਅਜੀਤ' ਦੀ ਦਿਨ ਦੁੱਗਣੀ ਤੇ ਰਾਤ ਚੌਗੁਣੀ ਤਰੱਕੀ ਦੀ ਕਾਮਨਾ ਕੀਤੀ | ਇਸ ਮੌਕੇ ਆਈ.ਐਸ.ਐਫ. ਕਾਲਜ ਦੇ ਚੇਅਰਮੈਨ ਪ੍ਰਵੀਨ ਗਰਗ ਅਤੇ ਡਾਇਰੈਕਟਰ ਡਾ. ਜੀ.ਡੀ. ਗੁਪਤਾ ਨੇ ਕਾਲਜ ਦੇ ਵਿਹੜੇ ਵਿਚ 25ਵੀਂ ਵਰ੍ਹੇਗੰਢ ਵਿਚ ਪੁੱਜੀਆਂ ਸ਼ਖ਼ਸੀਅਤਾਂ ਦਾ ਕਾਲਜ ਵਲੋਂ ਧੰਨਵਾਦ ਕੀਤਾ | ਸਮਾਗਮ ਦੇ ਅਖੀਰ ਵਿਚ ਮੋਗਾ ਉਪ ਦਫ਼ਤਰ ਇੰਚਾਰਜ ਸੁਰਿੰਦਰਪਾਲ ਸਿੰਘ ਨੇ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਪੁੱਜੇ ਡਾ. ਬਰਜਿੰਦਰ ਸਿੰਘ ਹਮਦਰਦ, ਜ਼ਿਲ੍ਹਾ ਮੋਗਾ ਦੀ ਸਮੁੱਚੀ ਟੀਮ ਤੇ ਪੁੱਜੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕਰਦਿਆਂ 'ਅਜੀਤ' ਉਪ ਦਫ਼ਤਰ ਮੋਗਾ ਦੀ 25ਵੀਂ ਵਰ੍ਹੇਗੰਢ 'ਤੇ ਸਭ ਨੂੰ ਮੁਬਾਰਕਬਾਦ ਦਿੱਤੀ | ਸਮਾਗਮ ਦੌਰਾਨ ਬੀ.ਬੀ.ਐਸ. ਗਰੁੱਪ ਦੇ ਬੱਚਿਆਂ ਨੂੰ ਡਾ. ਬਰਜਿੰਦਰ ਸਿੰਘ ਹਮਦਰਦ ਦੇ ਗੀਤਾਂ 'ਤੇ ਸ਼ਾਨਦਾਰ ਕੋਰੀਉਗਰਾਫ਼ੀਆਂ ਪੇਸ਼ ਕਰ ਕੇ ਦਰਸ਼ਕਾਂ ਦਾ ਮਨ ਮੋਹ ਲਿਆ | ਸਮਾਗਮ ਦੌਰਾਨ ਸਟੇਜ ਦਾ ਸੰਚਾਲਨ ਸਟੇਜ ਦੇ ਧਨੀ ਮੈਡਮ ਭਵਦੀਪ ਕੋਹਲੀ, ਮੈਡਮ ਜੱਸ ਢਿੱਲੋਂ ਨੇ ਬਾਖ਼ੂਬੀ ਨਿਭਾਇਆ | ਇਸ ਸਮੇਂ ਉਘੇ ਲੋਕ ਗਾਇਕ ਰਣਜੀਤ ਮਨੀ ਤੇ ਜੀ.ਐਸ. ਪੀਟਰ ਨੇ ਆਪਣੇ ਖ਼ੂਬਸੂਰਤ ਗੀਤਾਂ ਰਾਹੀਂ ਦਰਸ਼ਕਾਂ ਨੂੰ ਕੀਲੀ ਰੱਖਿਆ ਅਤੇ ਸਮੇਂ ਨੂੰ ਬੰਨ੍ਹ ਕੇ ਰੱਖ ਦਿੱਤਾ | ਇਸ ਮੌਕੇ ਹੋਰਨਾਂ ਤੋਂ ਇਲਾਵਾ ਇਸ਼ਤਿਹਾਰ ਮੈਨੇਜਰ ਹਰਪ੍ਰੀਤ ਸਿੰਘ, ਉਪ ਦਫ਼ਤਰਾਂ ਦੇ ਇੰਚਾਰਜ ਜੇ.ਪੀ. ਸਿੰਘ, ਵੈਬ ਇੰਚਾਰਜ ਸੋਨੀਆ ਗੋਸਵਾਮੀ, ਪਰਮਜੀਤ ਕੌਰ ਸੈਣੀ 'ਅਜੀਤ' ਵੈਬ, ਸੁਖਵਿੰਦਰ ਸਿੰਘ ਫੁੱਲ ਇੰਚਾਰਜ ਉਪ ਦਫ਼ਤਰ ਸੰਗਰੂਰ, ਗੁਰਪ੍ਰੀਤ ਸਿੰਘ ਲਾਡੀ ਇੰਚਾਰਜ ਉਪ ਦਫ਼ਤਰ ਬਰਨਾਲਾ, ਅੰਮਿ੍ਤਪਾਲ ਸਿੰਘ ਵਲਾਨ ਇੰਚਾਰਜ ਉਪ ਦਫ਼ਤਰ ਬਠਿੰਡਾ, ਸ਼ਮਸ਼ੇਰ ਸਿੰਘ ਗ਼ਾਲਿਬ ਇੰਚਾਰਜ ਉਪ ਦਫ਼ਤਰ ਜਗਰਾਉਂ, ਰਣਜੀਤ ਸਿੰਘ ਢਿੱਲੋਂ ਸਟਾਫ਼ ਰਿਪੋਰਟਰ ਸ੍ਰੀ ਮੁਕਤਸਰ ਸਾਹਿਬ, ਮਾਲਵਿਕਾ ਸੂਦ ਸੱਚਰ ਹਲਕਾ ਇੰਚਾਰਜ ਕਾਂਗਰਸ, ਡਾ. ਹਰਜੋਤ ਕਮਲ ਸਾਬਕਾ ਵਿਧਾਇਕ ਤੇ ਜ਼ਿਲ੍ਹਾ ਪ੍ਰਧਾਨ ਭਾਜਪਾ, ਤਰਸੇਮ ਸਿੰਘ ਮੱਲ੍ਹਾ ਪ੍ਰਧਾਨ ਨਗਰ ਕੌਂਸਲ ਤਲਵੰਡੀ ਭਾਈ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਪ੍ਰਮੁੱਖ ਸ਼ਖਸੀਅਤਾਂ ਮੌਜੂਦ ਸਨ |
'ਅਜੀਤ' ਉਪ ਦਫ਼ਤਰ ਮੋਗਾ ਦੀ 25ਵੀਂ ਵਰ੍ਹੇਗੰਢ 'ਤੇ ਕਰਵਾਇਆ ਸਮਾਗਮ ਯਾਦਗਾਰੀ ਹੋ ਨਿੱਬੜਿਆ
ਅਜੀਤ ਡੈਸਕ
01-02-2026