17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਅੱਜ ਪ੍ਰਧਾਨ ਮੰਤਰੀ ਵਰਚੂਅਲ ਮੀਟਿੰਗ ਰਾਹੀਂ ਅੰਤਰਰਾਸ਼ਟਰੀ ਹਲਵਾਰਾ ਹਵਾਈ ਅੱਡੇ ਦਾ ਕਰਨਗੇ ਉਦਘਾਟਨ

Ad Position 21
No active advertisement
ਅਜੀਤ ਡੈਸਕ 01-02-2026

ਕੇਂਦਰੀ ਹਵਾਬਾਜ਼ੀ ਮੰਤਰੀ ਨਾਇਡੂ, ਮੁੱਖ ਮੰਤਰੀ ਮਾਨ, ਕੇਂਦਰੀ ਮੰਤਰੀ ਬਿੱਟੂ, ਰਾਜਾ ਵੜਿੰਗ, ਡਾ. ਅਮਰ ਸਿੰਘ, ਭਾਰਤੀ ਹਵਾਈ ਫ਼ੌਜ ਦੇ ਅਧਿਕਾਰੀ ਸ਼ਾਮਿਲ ਹੋਣਗੇ
ਸ਼ਮਸ਼ੇਰ ਸਿੰਘ ਗਾਲਿਬ ਮਨਦੀਪ ਸਿੰਘ ਉੱਭੀ
ਜਗਰਾਉਂ/ਹਲਵਾਰਾ, 31 ਜਨਵਰੀ-ਛੇ ਸਾਲ ਤੋਂ ਲਮਕਿਆ ਆ ਰਿਹਾ ਹਲਵਾਰਾ ਦਾ ਅੰਤਰਰਾਸ਼ਟਰੀ ਹਵਾਈ ਅੱਡਾ ਪੁੂਰਾ ਹੋਣ ਜਾ ਰਿਹਾ ਹੈ | ਇਸ ਦਾ ਉਦਘਾਟਨ ਪ੍ਰ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਅਦ ਦੁਪਹਿਰ ਵਰਚੂਅਲ ਮੀਟਿੰਗ ਰਾਹੀਂ 1 ਫਰਵਰੀ ਨੂੰ ਬਾਅਦ ਦੁਪਹਿਰ ਕਰਨਗੇ | ਇਸ ਉਦਘਾਟਨ ਸਮੇਂ ਦੇਸ਼ ਦੇ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ, ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਇਕ, ਭਾਜਪਾ ਦੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਅਤੇ ਪੰਜਾਬ ਭਾਜਪਾ ਦੀ ਸੀਨੀਅਰ ਲੀਡਰਸ਼ਿਪ, ਕਾਂਗਰਸ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਲੋਕ ਸਭਾ ਮੈਂਬਰ ਡਾ. ਅਮਰ ਸਿੰਘ ਬੋਪਾਰਾਏ ਅਤੇ ਹਲਵਾਰਾ ਦੇ ਭਾਰਤੀ ਹਵਾਈ ਫ਼ੌਜ ਦੇ ਅਧਿਕਾਰੀ ਸ਼ਾਮਿਲ ਹੋਣਗੇ | ਦੱਸਣਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਹਵਾਈ ਅੱਡੇ ਦਾ ਦੌਰਾ ਕਰਕੇ ਇਸ ਨੂੰ ਆਪਣਾ 'ਡਰੀਮ ਪ੍ਰੋਜੈਕਟ' ਦੱਸਿਆ ਸੀ, ਉਹ ਲਗਾਤਾਰ ਇਸ ਨੂੰ ਮੁਕੰਮਲ ਕਰਵਾਉਣ ਲਈ ਕੇਂਦਰ
ਸਰਕਾਰ ਨਾਲ ਰਾਬਤਾ ਰੱਖ ਰਹੇ ਹਨ | ਲੋਕ ਸਭਾ ਮੈਂਬਰ ਡਾ. ਅਮਰ ਸਿੰਘ, ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ, ਸਾਬਕਾ ਰਾਜ ਸਭਾ ਮੈਂਬਰ ਤੇ ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਵੀ ਇਸ ਪ੍ਰੋਜੈਕਟ ਨੂੰ ਮੁਕੰਮਲ ਕਰਨ ਲਈ ਸਿਰਤੋੜ ਕੋਸ਼ਿਸ਼ਾਂ ਕਰ ਰਹੇ ਹਨ | ਇਸ ਹਵਾਈ ਅੱਡੇ ਦੇ ਸ਼ੁਰੂ ਹੋਣ ਨਾਲ ਜਿਥੇ ਭਾਰਤ ਦੇ ਮਾਨਚੈਸਟਰ ਸ਼ਹਿਰ ਲੁਧਿਆਣਾ ਨੂੰ ਵੱਡਾ ਲਾਭ ਮਿਲੇਗਾ, ਉਥੇ ਮਾਲਵੇ ਖੇਤਰ ਦੇ ਵਪਾਰੀਆਂ ਅਤੇ ਲੋਕਾਂ ਨੂੰ ਵੱਡੀ ਸਹੂਲਤ ਮਿਲੇਗੀ | ਦੱਸਣਯੋਗ ਹੈ ਕਿ 2007 ਵਿਚ ਸਵਰਗੀ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵਲੋਂ ਅੰਤਰਰਾਸ਼ਟਰੀ ਹਵਾਈ ਅੱਡਾ ਹਲਵਾਰਾ ਬਣਾਉਣ ਦਾ ਸੁਪਨਾ ਹੁਣ ਪੂਰਾ ਹੋਣ ਜਾ ਰਿਹਾ ਹੈ | ਉਨ੍ਹਾਂ ਲਗਭਗ 18 ਸਾਲ ਪਹਿਲਾਂ ਇਸ ਹਵਾਈ ਅੱਡੇ ਦੇ ਨਿਰਮਾਣ ਦਾ ਐਲਾਨ ਕੀਤਾ ਸੀ | 2007 ਵਿਚ ਆਪਣੇ ਪਹਿਲੇ ਕਾਰਜਕਾਲ ਦੌਰਾਨ ਤਤਕਾਲੀ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਲੁਧਿਆਣਾ ਦੇ ਪੇਂਡੂ ਖੇਤਰ ਵਿਚ ਉੱਤਰੀ ਭਾਰਤ ਦੇ ਅਹਿਮ ਭਾਰਤੀ ਹਵਾਈ ਫ਼ੌਜ ਦੇ ਸਟੇਸ਼ਨ ਹਲਵਾਰਾ ਦੇ ਨਾਲ ਇਸ ਹਵਾਈ ਅੱਡੇ ਦੇ ਨਿਰਮਾਣ ਦਾ ਐਲਾਨ ਕੀਤਾ ਸੀ | ਉਨ੍ਹਾਂ ਨੇ ਇਸ ਦਾ ਨਾਂਅ 'ਗ੍ਰੀਨਫੀਲਡ ਅੰਤਰਰਾਸ਼ਟਰੀ ਹਵਾਈ ਅੱਡਾ ਹਲਵਾਰਾ' ਰੱਖਿਆ ਸੀ | 2010 ਵਿਚ ਆਪਣੇ ਦੂਜੇ ਕਾਰਜਕਾਲ ਦੌਰਾਨ ਡਾ. ਮਨਮੋਹਨ ਸਿੰਘ ਇਸ ਹਵਾਈ ਅੱਡੇ ਦੇ ਨੀਂਹ ਪੱਥਰ ਰੱਖਣ ਦੇ ਸਮਾਰੋਹ ਵਿਚ ਨਿੱਜੀ ਤੌਰ 'ਤੇ ਸ਼ਾਮਿਲ ਹੋਏ ਸਨ | ਇਸ ਸਮੇਂ ਹੀ ਡਾ. ਮਨਮੋਹਨ ਸਿੰਘ ਨੇ ਹਲਵਾਰਾ ਨੂੰ ਹਵਾਈ ਅੱਡਾ ਬਣਾਉਣਾ ਤੈਅ ਕਰ ਲਿਆ ਸੀ | ਇਸ ਸੰਬੰਧੀ ਪਿੰਡ ਐਤੀਆਣਾ ਦੀ ਐਕਵਾਇਰ ਕੀਤੀ 162 ਏਕੜ ਜ਼ਮੀਨ ਵਿਚ ਬਣੇ ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਮੁਕੰਮਲ ਹੋਣ 'ਤੇ ਸੈਂਕੜੇ ਵਰਕਰ ਪੂਰੇ ਹਵਾਈ ਅੱਡੇ ਦੇ ਕੰਪਲੈਕਸ ਅਤੇ ਸੰਪਰਕ ਸੜਕ ਦੀ ਸਫ਼ਾਈ ਅਤੇ ਮੁਰੰਮਤ ਵਿਚ ਰੁੱਝੇ ਹੋਏ ਹਨ | ਜ਼ਿਲ੍ਹਾ ਪ੍ਰਸ਼ਾਸਨ ਅਣਥੱਕ ਮਿਹਨਤ ਕਰ ਰਿਹਾ ਹੈ ਅਤੇ ਸਾਰੇ ਵਿਭਾਗਾਂ ਦੇ ਅਧਿਕਾਰੀ ਹਵਾਈ ਅੱਡੇ 'ਤੇ ਆਪਣਾ ਕੰਮ ਪੂਰਾ ਕਰਨ ਲਈ ਰੁੱਝੇ ਹੋਏ ਹਨ | ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕਰਨ ਲਈ ਡੀ.ਆਈ.ਜੀ. ਸਤਿੰਦਰ ਸਿੰਘ ਅਤੇ ਐਸ.ਐਸ.ਪੀ. ਲੁਧਿਆਣਾ ਦਿਹਾਤੀ ਡਾ. ਅੰਕੁਰ ਗੁਪਤਾ ਨੇ ਹਵਾਈ ਅੱਡੇ ਦੀ ਨੇੜਿਓਾ ਨਿਗਰਾਨੀ ਲਈ ਸੁਰੱਖਿਆ ਬਲਾਂ ਦੀ ਤਾਇਨਾਤੀ ਦੇ ਆਦੇਸ਼ ਦਿੱਤੇ ਹਨ | ਹਵਾਈ ਅੱਡੇ ਦੇ ਸੀ.ਈ.ਓ. ਜਗੀਰ ਸਿੰਘ ਅਤੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ, ਜੋ ਇਸ ਕੰਮ ਦੀ ਨਿਗਰਾਨੀ ਕਰ ਰਹੇ ਹਨ, ਨੇ ਦੱਸਿਆ ਕਿ ਲੋਕ ਨਿਰਮਾਣ ਵਿਭਾਗ ਕਈ ਪੜਾਵਾਂ ਵਿਚ ਹਵਾਈ ਅੱਡੇ ਦਾ ਕੰਟਰੋਲ ਹਵਾਈ ਅੱਡਾ ਅਥਾਰਟੀ ਆਫ਼ ਇੰਡੀਆ ਨੂੰ ਸੌਂਪਿਆ ਜਾ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਏ.ਏ.ਆਈ. ਨੂੰ ਸੌਂਪ ਦਿੱਤਾ ਜਾਵੇਗਾ | ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਸਵੀਕਾਰ ਕੀਤਾ ਕਿ ਹਵਾਈ ਅੱਡੇ ਤੱਕ ਜਾਣ ਵਾਲੀ ਪਹੁੰਚ ਸੜਕ ਤੰਗ ਹੈ, ਜਿਸ ਕਾਰਨ ਉਡਾਣਾਂ ਸ਼ੁਰੂ ਹੋਣ ਤੋਂ ਬਾਅਦ ਆਵਾਜਾਈ ਨੂੰ ਸੰਭਾਲਣਾ ਮੁਸ਼ਕਿਲ ਹੋ ਸਕਦਾ ਹੈ, ਉਨ੍ਹਾਂ ਕਿਹਾ ਜੰਮੂ-ਕਟੜਾ-ਜਾਮਨਗਰ ਐਕਸਪ੍ਰੈਸਵੇਅ ਦਾ ਹਿੱਸਾ ਲੁਧਿਆਣਾ ਬਠਿੰਡਾ ਗ੍ਰੀਨਫੀਲਡ ਐਕਸਪ੍ਰੈਸਵੇਅ ਨੂੰ ਹਵਾਈ ਅੱਡੇ ਨੂੰ ਜਾਂਦੀ ਸੜਕ ਨਾਲ ਜੋੜਿਆ ਜਾਵੇਗਾ | ਨੇੜਲੇ ਭਵਿੱਖ ਵਿਚ ਹਲਵਾਰਾ ਤੋਂ ਹਵਾਈ ਅੱਡੇ ਤੱਕ ਪਹੁੰਚ ਸੜਕ ਨੂੰ ਵੀ 100 ਫੁੱਟ ਚੌੜਾ ਕਰਨ ਦੀਆਂ ਯੋਜਨਾ ਚੱਲ ਰਹੀ ਹੈ | ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਦੇ ਅਨੁਸਾਰ ਹਵਾਈ ਅੱਡੇ ਦੇ ਉਦਘਾਟਨ ਤੋਂ ਬਾਅਦ ਉਡਾਣਾਂ ਸ਼ੁਰੂ ਹੋਣ ਵਿਚ ਕਰੀਬ ਦੋ ਮਹੀਨੇ ਦਾ ਸਮਾਂ ਲੱਗੇ ਸਕਦਾ ਹੈ ਅਤੇ ਸੰਭਾਵਨਾ ਹੈ ਕਿ ਇਸ ਦੌਰਾਨ ਪਹੁੰਚ ਸੜਕ ਨੂੰ ਚੌੜਾ ਕਰ ਦਿੱਤਾ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਬੀ. ਸੀ. ਐੱਮ. ਆਰੀਆ ਸਕੂਲ ਲਲਤੋਂ ਵਿਖੇ ਸੜਕ ਸੁਰੱਖਿਆ ਜਾਗਰੂਕਤਾ ਸੈਸ਼ਨ ਕਰਵਾਇਆ <br/> ਅਗਲੀ ਖ਼ਬਰ 'ਅਜੀਤ' ਉਪ ਦਫ਼ਤਰ ਮੋਗਾ ਦੀ 25ਵੀਂ ਵਰ੍ਹੇਗੰਢ 'ਤੇ ਕਰਵਾਇਆ ਸਮਾਗਮ ਯਾਦਗਾਰੀ ਹੋ ਨਿੱਬੜਿਆ
Ad Position 24