ਚੰਡੀਗੜ੍ਹ, 2 ਫਰਵਰੀ (ਅਜੀਤ ਬਿਊਰੋ)-ਪੰਜਾਬ ਸਰਕਾਰ ਦੀ ਸੜਕ ਸੁਰੱਖਿਆ ਫੋਰਸ (ਐਸ.ਐਸ.ਐਫ.) ਦੇ ਦੋ ਸਾਲ ਪੂਰੇ ਹੋਣ 'ਤੇ ਇਸ ਦੀ ਸ਼ਾਨਦਾਰ ਸਫਲਤਾ ਸਾਂਝੀ ਕਰਦਿਆਂ 'ਆਪ' ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਕਿਹਾ ਕਿ ਇਹ ਫੋਰਸ ਮੁੱਖ ਮੰਤਰੀ ਭਗਵੰਤ ਮਾਨ ਦੀ ਸਭ ਤੋਂ ਪ੍ਰਭਾਵਸ਼ਾਲੀ ਅਤੇ ਲੋਕ-ਪੱਖੀ ਪਹਿਲਕਦਮੀਆਂ ਵਿਚੋਂ ਇਕ ਵਜੋਂ ਉਭਰੀ ਹੈ, ਜੋ ਪੰਜਾਬ ਦੇ ਹਾਈਵੇਅ 'ਤੇ ਅਸਲ ਨਤੀਜੇ ਦੇ ਰਹੀ ਹੈ | ਪੰਨੂ ਨੇ ਦੱਸਿਆ ਕਿ ਜਦੋਂ ਦੋ ਸਾਲ ਪਹਿਲਾਂ ਐਸ.ਐਸ.ਐਫ. ਦੀ ਸ਼ੁਰੂਆਤ ਕੀਤੀ ਗਈ ਸੀ, ਤਾਂ ਸਾਲ 2023 ਵਿਚ ਪੰਜਾਬ ਦੇ ਹਾਈਵੇਅ 'ਤੇ ਹਾਦਸਿਆਂ ਕਾਰਨ 1,955 ਮੌਤਾਂ ਹੋਈਆਂ ਸਨ | ਸਾਲ 2024 ਵਿਚ ਇਹ ਅੰਕੜਾ ਤੇਜ਼ੀ ਨਾਲ ਘਟ ਕੇ 1,016 ਰਹਿ ਗਿਆ ਹੈ, ਜਿਸ ਦਾ ਮਤਲਬ ਹੈ ਕਿ ਐਸ.ਐਸ.ਐਫ. ਦੇ ਤੇਜ਼ ਅਤੇ ਪੇਸ਼ੇਵਰ ਹੁੰਗਾਰੇ ਸਦਕਾ ਸਿਰਫ ਇਕ ਸਾਲ ਵਿੱਚ 940 ਕੀਮਤੀ ਜਾਨਾਂ ਬਚਾਈਆਂ ਗਈਆਂ ਹਨ | ਘਾਤਕ ਹਾਦਸਿਆਂ ਦੇ ਮਾਮਲਿਆਂ ਵਿਚ ਲਗਪਗ 50 ਫੀਸਦੀ ਦੀ ਗਿਰਾਵਟ ਦੇਖੀ ਗਈ ਹੈ, ਜੋ ਪੰਜਾਬ ਭਰ ਵਿਚ ਹਾਈਵੇਅ ਸੁਰੱਖਿਆ 'ਚ ਵੱਡੇ ਸੁਧਾਰ ਨੂੰ ਦਰਸਾਉਂਦੀ ਹੈ | ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਐਸ.ਐਸ.ਐਫ. ਅਧੀਨ ਲਗਭਗ 1,500 ਵਿਸ਼ੇਸ਼ ਤੌਰ 'ਤੇ ਸਿਖਲਾਈ ਪ੍ਰਾਪਤ ਜਵਾਨ ਪੂਰਾ ਸਮਾਂ ਤਾਇਨਾਤ ਕੀਤੇ ਗਏ ਹਨ |
ਸੜਕ ਸੁਰੱਖਿਆ ਫੋਰਸ ਨੇ ਹਾਈਵੇਅ 'ਤੇ ਹੋਣ ਵਾਲੀਆਂ ਮੌਤਾਂ ਨੂੰ ਲਗਪਗ 50 ਫੀਸਦੀ ਘਟਾਇਆ-ਬਲਤੇਜ ਪੰਨੂ <br/>
ਅਜੀਤ ਡੈਸਕ
03-02-2026