ਚੰਡੀਗੜ੍ਹ, 2 ਫਰਵਰੀ (ਸੰਦੀਪ ਕੁਮਾਰ ਮਾਹਨਾ)ਕੇਂਦਰੀ ਬਜਟ ਨੂੰ ਲੈ ਕੇ ਪੰਜਾਬ ਦੀਆਂ ਵਿਰੋਧੀ ਧਿਰਾਂ ਅਤੇ ਸੂਬਾ ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਪ੍ਰਤੀਕ੍ਰਿਆਵਾਂ 'ਤੇ ਟਿੱਪਣੀ ਕਰਦਿਆਂ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਇਸ ਨੂੰ ਵਿਕਸਤ ਭਾਰਤ ਦੇ ਟੀਚੇ ਵੱਲ ਇਕ ਮਜ਼ਬੂਤ ਕਦਮ ਕਰਾਰ ਦਿੱਤਾ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਇਸ ਬਜਟ ਦੀ ਆਲੋਚਨਾ ਕਰਨ ਵਾਲੀਆਂ ਪਾਰਟੀਆਂ ਤੱਥਾਂ ਤੋਂ ਕੋਰੀਆਂ ਹਨ ਅਤੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ | ਉਨ੍ਹਾਂ ਕਿਹਾ ਕਿ ਹਕੀਕਤ ਇਹ ਹੈ ਕਿ ਕੇਂਦਰੀ ਬਜਟ ਦਾ ਸਿੱਧਾ ਅਤੇ ਅਸਿੱਧਾ ਲਾਭ ਪੰਜਾਬ ਨੂੰ ਮਿਲੇਗਾ | ਅੱਜ ਚੰਡੀਗੜ੍ਹ ਸਥਿਤ ਪਾਰਟੀ ਦੇ ਸੂਬਾਈ ਦਫ਼ਤਰ ਵਿਖੇ ਜਾਖੜ ਨੇ ਕਿਹਾ ਕਿ ਕੇਂਦਰੀ ਬਜਟ ਦੀ ਹਰੇਕ ਮਦ ਦਾ ਸਿੱਧਾ ਜਾਂ ਅਸਿੱਧਾ ਲਾਭ ਪੰਜਾਬ ਨੂੰ ਮਿਲੇਗਾ | ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੁਦ ਸਪਸ਼ਟ ਕੀਤਾ ਹੈ ਕਿ ਜਲੰਧਰ, ਅੰਮਿ੍ਤਸਰ, ਲੁਧਿਆਣਾ, ਹੁਸ਼ਿਆਰਪੁਰ, ਮੋਗਾ ਤੇ ਫ਼ਿਰੋਜ਼ਪੁਰ ਵਰਗੇ ਸ਼ਹਿਰਾਂ 'ਚ ਵਿਕਾਸ ਕਾਰਜਾਂ ਨੂੰ ਇਸ ਬਜਟ ਨਾਲ ਵੱਡਾ ਹੁਲਾਰਾ ਮਿਲੇਗਾ | ਕੇਂਦਰ ਸਰਕਾਰ ਵਲੋਂ 1.70 ਲੱਖ ਕਰੋੜ ਰੁਪਏ ਦੀ ਖਾਦ ਸਬਸਿਡੀ ਦਿੱਤੀ ਜਾ ਰਹੀ ਹੈ, ਜਿਸ ਦਾ ਵੱਡਾ ਲਾਭ ਪੰਜਾਬ ਦੇ ਕਿਸਾਨਾਂ ਨੂੰ ਮਿਲਦਾ ਹੈ | ਇਸ ਤੋਂ ਇਲਾਵਾ ਅਨਾਜ ਦੀ ਸਰਕਾਰੀ ਖਰੀਦ ਲਈ ਵੀ ਕੇਂਦਰੀ ਬਜਟ ਦਾ ਵੱਡਾ ਹਿੱਸਾ ਪੰਜਾਬ ਤੱਕ ਪਹੁੰਚਦਾ ਹੈ | ਜਾਖੜ ਨੇ ਦੱਸਿਆ ਕਿ 'ਖੇਲੋ ਇੰਡੀਆ' ਅਭਿਆਨ ਨਾਲ ਖੇਡਾਂ ਨੂੰ ਉਤਸ਼ਾਹ ਮਿਲੇਗਾ ਅਤੇ ਖੇਡ ਸਮੱਗਰੀ ਦਾ ਮੁੱਖ ਕੇਂਦਰ ਹੋਣ ਕਾਰਨ ਜਲੰਧਰ ਦੇ ਉਦਯੋਗ ਨੂੰ ਵੱਡਾ ਲਾਭ ਹੋਵੇਗਾ | ਭਾਜਪਾ ਕੋਲ ਪੰਜਾਬ ਦੇ ਵਿਕਾਸ ਲਈ ਸਪਸ਼ਟ ਖਾਕਾ ਹੈ ਅਤੇ ਕੇਂਦਰ ਸਰਕਾਰ ਸੂਬੇ ਦੀ ਹਰ ਸੰਭਵ ਮਦਦ ਲਈ ਤਿਆਰ ਹੈ |
ਬਜਟ ਦੀ ਹਰੇਕ ਮਦ ਦਾ ਪੰਜਾਬ ਨੂੰ ਮਿਲੇਗਾ ਸਿੱਧਾ ਲਾਭ- ਸੁਨੀਲ ਜਾਖੜ <br/>
ਅਜੀਤ ਡੈਸਕ
03-02-2026