• ਔਸਤਨ 15 ਤੋਂ 20 ਫ਼ੀਸਦੀ ਵਿਆਹੇ ਜੋੜੇ ਪ੍ਰਭਾਵਿਤ • ਹਰ ਮਹੀਨੇ 1000 ਤੋਂ 1200 ਤੱਕ ਜੋੜੇ ਲੈ ਰਹੇ ਆਈ.ਵੀ.ਐਫ. ਵਿਧੀ ਦਾ ਸਹਾਰਾ
<br/>
ਸੱਤਪਾਲ ਸਿੰਘ ਸਿਵੀਆਂ
ਬਠਿੰਡਾ, 3 ਫਰਵਰੀ-ਬੇਸ਼ੱਕ ਦੇਸ਼ ਦੀ ਆਬਾਦੀ ਵਿਚ ਆਏ ਦਿਨ ਵੱਡਾ ਵਾਧਾ ਹੋ ਰਿਹਾ ਹੈ ਪਰ ਦੂਜੇ ਪਾਸੇ ਪੰਜਾਬ ਸੂਬੇ ਲਈ ਇਸ ਪੱਖ ਤੋਂ ਸ਼ੁੱਭ ਸੰਕੇਤ ਨਹੀਂ ਹਨ, ਕਿਉਂਕਿ ਜੋ ਪੰਜਾਬ ਕਦੇ ਤੰਦਰੁਸਤ ਜਵਾਨੀ ਅਤੇ ਮਜ਼ਬੂਤ ਪਰਿਵਾਰਕ ਢਾਂਚੇ ਲਈ ਜਾਣਿਆ ਜਾਂਦਾ ਸੀ, ਉਹ ਅੱਜ ਬਾਂਝਪਣ ਵਰਗੀ ਵੱਡੀ ਅਤੇ ਗੰਭੀਰ ਸਮੱਸਿਆ ਨਾਲ ਜੂਝ ਰਿਹਾ, ਜਿਸ ਦੀ ਨੌਜਵਾਨ ਪੀੜੀ ਵਿਚ ਇਹ ਦਰ ਤੇਜ਼ੀ ਨਾਲ ਵਧ ਰਹੀ ਹੈ | ਵਿਆਹ ਦੇ ਕਈ ਸਾਲ ਬਾਅਦ ਵੀ ਸੰਤਾਨ ਨਾ ਹੋਣਾ ਹੁਣ ਵਿਰਲੀ-ਟਾਂਵੀ ਨਹੀਂ, ਸਗੋਂ ਆਮ ਗੱਲ ਬਣਦੀ ਜਾ ਰਹੀ ਹੈ | ਇਹ ਸਮੱਸਿਆ ਸਿਰਫ਼ ਮੈਡੀਕਲ ਨਹੀਂ, ਸਗੋਂ ਸਮਾਜਿਕ, ਆਰਥਿਕ ਅਤੇ ਮਨੋਵਿਗਿਆਨਕ ਪੱਖੋਂ ਤੋਂ ਵੀ ਡੂੰਘਾ ਅਸਰ ਪਾ ਰਹੀ ਹੈ | ਡਾਕਟਰੀ ਮਾਹਿਰਾਂ ਮੁਤਾਬਿਕ ਪੰਜਾਬ ਦੇ ਕਈ ਇਲਾਕਿਆਂ ਵਿਚ ਔਸਤਨ 15 ਤੋਂ 20 ਫ਼ੀਸਦੀ ਵਿਆਹੇ ਜੋੜੇ, ਭਾਵ ਹਰ 6-7 ਵਿਆਹੇ ਜੋੜਿਆਂ 'ਚੋਂ ਇਕ ਜੋੜਾ ਬਾਂਝਪਨ ਦੀ ਸਮੱਸਿਆ ਨਾਲ ਪ੍ਰਭਾਵਿਤ ਹੈ ਅਤੇ ਇਹ ਗਿਣਤੀ ਸ਼ਹਿਰੀ ਖੇਤਰਾਂ 'ਚ ਹੋਰ ਵੀ ਵੱਧ ਹੈ | ਔਲਾਦ ਦਾ ਸੁੱਖ ਪ੍ਰਾਪਤ ਕਰਨ ਲਈ ਪ੍ਰਭਾਵਿਤ ਜੋੜੇ ਦੇਸੀ ਵਿਧੀ-ਵਿਧਾਨ ਤੋਂ ਇਲਾਵਾ ਡਾਕਟਰੀ ਸਹਾਇਤਾ ਵੀ ਵੱਡੇ ਪੱਧਰ 'ਤੇ ਲੈ ਰਹੇ ਹਨ ਅਤੇ ਇਹੀ ਕਾਰਨ ਹੈ ਕਿ ਪੰਜਾਬ ਅੰਦਰ ਆਈ.ਵੀ.ਐਫ. ਹਸਪਤਾਲਾਂ/ਕੇਂਦਰਾਂ ਦੀ ਗਿਣਤੀ ਦਿਨੋਂ-ਦਿਨ ਵਧਦੀ ਜਾ ਰਹੀ ਹੈ, ਜਿਸ ਦਾ ਹਰ ਮਹੀਨੇ 1000 ਤੋਂ ਲੈ ਕੇ 1250 ਤੱਕ ਜੋੜੇ ਸਹਾਰਾ ਲੈ ਰਹੇ ਹਨ | ਇਹ ਵਿਧੀ ਕਾਫੀ ਮਹਿੰਗੀ ਹੋਣ ਕਾਰਨ ਗਰੀਬ ਅਤੇ ਮੱਧਵਰਗੀ ਪਰਿਵਾਰ ਇਸ ਦਾ ਸਹਾਰਾ ਲੈਣ ਤੋਂ ਅਸਮਰਥ ਦਿਖਾਈ ਦਿੰਦੇ ਹਨ, ਜਿਸ ਕਾਰਨ ਸੂਬੇ ਅੰਦਰ ਇਕੱਲੇ ਬਾਂਝਪਣ ਦੀ ਸਮੱਸਿਆ ਕਾਰਨ ਪੈਦਾ ਹੁੰਦੇ ਘਰੇਲੂ ਤਣਾਅ ਕਾਰਨ ਸਾਲਾਨਾ 2700 ਤੋਂ ਲੈ ਕੇ 4000 ਦੇ ਵਿਚਕਾਰ ਪਤੀ-ਪਤਨੀ ਦੇ ਰਿਸ਼ਤੇ ਟੁੱਟ ਰਹੇ ਹਨ | ਬਾਂਝਪਣ ਦੀ ਸਮੱਸਿਆ ਤੋਂ ਇਕੱਲੀਆਂ ਔਰਤਾਂ ਹੀ ਨਹੀਂ, ਸਗੋਂ ਮਰਦ ਵੀ ਪੀੜਤ ਹਨ, ਜਿਸ ਦਾ ਮਰਦਾਂ (ਮੁੰਡਿਆਂ) ਵਿਚ ਮੁੱਖ ਕਾਰਨ ਨਸ਼ਿਆਂ ਦੀ ਅੰਨੀ ਵਰਤੋਂ ਮੰਨੀ ਜਾ ਰਹੀ ਹੈ | ਖੇਤੀ 'ਚ ਬੇਹਿਸਾਬ ਕੀਟਨਾਸ਼ਕਾਂ ਦੀ ਵਰਤੋਂ, ਕਸਰਤ ਦੀ ਘਾਟ, ਜੰਕ ਫੂਡ, ਤਲੀਆਂ ਚੀਜ਼ਾਂ ਦੀ ਵੱਧ ਵਰਤੋਂ ਵੀ ਇਨਸਾਨ ਦੇ ਹਾਰਮੋਨਲ ਸਿਸਟਮ ਨੂੰ ਨੁਕਸਾਨ ਕਰਦੀ ਹੈ | ਕੁੜੀਆਂ 'ਚ ਹਾਰਮੋਨਲ ਗੜਬੜੀ, ਅਨਿਯਮਿਤ ਮਾਹਵਾਰੀ, ਭਵਿੱਖ ਉੱਜਵਲ ਬਣਾਉਣ ਅਤੇ ਸਮਾਜਿਕ ਕਾਰਨਾਂ ਕਰਕੇ ਦੇਰੀ ਨਾਲ ਵਿਆਹ ਕਰਵਾਉਣ ਦੀ ਮੁਸ਼ਕਲ ਬਾਂਝਪਣ ਦੀ ਸਮੱਸਿਆ ਨੂੰ ਵਧਾਉਂਦੀ ਹੈ ਅਤੇ 30 ਸਾਲ ਦੀ ਉਮਰ ਤੋਂ ਬਾਅਦ ਮਨੁੱਖ ਦੀ ਉਪਜਾਊ ਸਮਰੱਥਾ ਘਟਣ ਲੱਗਦੀ ਹੈ | ਭਾਰਤੀ ਮੈਡੀਕਲ ਅਧਿਐਨਾਂ ਦੇ ਅਨੁਸਾਰ 1980 ਦੇ ਦਹਾਕੇ ਵਿਚ ਔਸਤ ਵੀਰਜ਼ ਗਿਣਤੀ 60 ਮਿਲੀਅਨ (ਐਮ.ਐੱਲ.) ਸੀ, ਜੋ ਹੁਣ ਕਈ ਪੰਜਾਬੀ ਨੌਜਵਾਨਾਂ ਵਿਚ 20 ਮਿਲੀਅਨ ਤੋਂ ਘੱਟ ਰਹਿ ਗਈ ਹੈ, ਜਿਸ ਦਾ 15 ਮਿਲੀਅਨ ਤੋਂ ਘੱਟ ਹੋਣਾ ਬਹੁਤ ਖ਼ਤਰਨਾਕ ਸਾਬਤ ਹੋ ਸਕਦਾ | ਪੰਜਾਬ ਦੇ ਲਗਭਗ 30-35 ਫ਼ੀਸਦੀ ਨੌਜਵਾਨ ਮੁੰਡੇ ਕਿਸੇ ਨਾ ਕਿਸੇ ਨਸ਼ੇ ਦੇ ਆਦੀ ਮੰਨੇ ਜਾ ਰਹੇ ਹਨ, ਜਿਸ ਦੇ ਪ੍ਰਭਾਵ ਨਾਲ ਵੀਰਜ਼ ਦੀ ਕਾਰਜਕੁਸ਼ਲਤਾ 40 ਤੋਂ 50 ਫ਼ੀਸਦੀ ਤੱਕ ਘਟਦੀ ਹੈ, ਜਿਸ ਦਾ ਟੈਸਟੋਸਟੇਰੋਨ ਹਾਰਮੋਨ 'ਤੇ ਸਿੱਧਾ ਅਸਰ ਪੈਂਦਾ ਹੈ | ਸ਼ਹਿਰੀ ਪੰਜਾਬ ਵਿਚ 20 ਤੋਂ 25 ਫ਼ੀਸਦੀ ਔਰਤਾਂ ਪ੍ਰਜਨਣ ਨਾਲ ਪ੍ਰਭਾਵਿਤ, ਜਿਨ੍ਹਾਂ ਵਿਚ ਗਰਭ ਠਹਿਰਣ ਦੀ ਸੰਭਾਵਨਾ 30 ਤੋਂ 40 ਫ਼ੀਸਦੀ ਘਟ ਜਾਂਦੀ ਹੈ | ਪੰਜਾਬ ਵਿਚ ਵਧ ਰਹੀ ਬਾਂਝਪਣ ਦੀ ਸਮੱਸਿਆ ਇਕ ਚੁੱਪ ਸੰਕਟ ਹੈ, ਜੋ ਭਵਿੱਖ ਦੀ ਪੀੜ੍ਹੀ ਅਤੇ ਸਮਾਜਕ ਢਾਂਚੇ ਲਈ ਵੱਡੀ ਚੁਣੌਤੀ ਬਣ ਸਕਦੀ ਹੈ | ਜੇਕਰ ਸਮੇਂ ਸਿਰ ਸਰਕਾਰਾਂ ਨੇ ਨੀਤੀਗਤ, ਸਮਾਜਿਕ ਅਤੇ ਡਾਕਟਰੀ ਕਦਮ ਨਾ ਚੁੱਕੇ ਤਾਂ ਸੂਬੇ ਅੰਦਰ ਇਹ ਸਮੱਸਿਆ ਹੋਰ ਭਿਆਨਕ ਰੂਪ ਧਾਰ ਸਕਦੀ ਹੈ ਅਤੇ ਇਹ ਸਮੱਸਿਆ ਪੰਜਾਬ ਅੰਦਰ ਪਹਿਲਾਂ ਤੋਂ ਹੀ ਚੱਲ ਰਹੇ 'ਇਕ ਬੱਚਾ' ਪੈਦਾ ਕਰਨ ਦੇ ਰੁਝਾਨ ਲਈ ਵੀ ਵੱਡਾ ਖ਼ਤਰਾ ਬਣ ਸਕਦੀ ਹੈ | ਇਸ ਸਮੱਸਿਆ ਨੂੰ ਲੁਕਾਉਣ ਦੀ ਬਜਾਏ ਇਸ ਨਾਲ ਨਜਿੱਠਣ ਲਈ ਸਰਕਾਰਾਂ ਅਤੇ ਸਮਾਜ ਨੂੰ ਇੱਕਜੁੱਟ ਹੋ ਕੇ ਵੱਡੀ ਜਾਗਰੂਕਤਾ ਮੁਹਿੰਮ ਚਲਾਉਣ ਦੀ ਲੋੜ ਹੈ |
ਪੰਜਾਬ ਅੰਦਰ ਚਿੰਤਾਜਨਕ ਹਾਲਾਤ ਵੱਲ ਵਧ ਰਹੀ ਹੈ 'ਬਾਂਝਪਣ' ਦੀ ਸਮੱਸਿਆ
ਅਜੀਤ ਡੈਸਕ
04-02-2026