ਜੱਦੀ ਘਰ ਪਹੁੰਚਣ 'ਤੇ ਵਿਖਾਇਆ ਗਿਆ ਪਰਿਵਾਰਕ ਪਿਛੋਕੜ ਨਾਲ ਸੰਬੰਧਿਤ ਮਾਲੀਆ ਰਿਕਾਰਡ
<br/>
ਅੰਮਿ੍ਤਸਰ, 3 ਫਰਵਰੀ (ਸੁਰਿੰਦਰ ਕੋਛੜ)-ਵਿਸ਼ਵ ਬੈਂਕ ਸਮੂਹ ਦੇ ਪ੍ਰਧਾਨ ਅਜੈ ਪਾਲ ਸਿੰਘ ਬੰਗਾ ਆਪਣੇ ਪਾਕਿਸਤਾਨ ਦੌਰੇ ਦੌਰਾਨ ਅੱਜ ਆਪਣੇ ਪੁਰਖਿਆਂ ਦੇ ਸ਼ਹਿਰ ਖ਼ੁਸ਼ਾਬ ਪਹੁੰਚੇ, ਜਿਥੇ ਉਨ੍ਹਾਂ ਦਾ ਚੇਅਰਮੈਨ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ (ਈ. ਟੀ. ਪੀ. ਬੀ.) ਕਮਰ ਜ਼ਮਾਨ ਨੇ ਨਿੱਘਾ ਸਵਾਗਤ ਕੀਤਾ | ਇਸ ਮੌਕੇ ਵਧੀਕ ਸਕੱਤਰ ਧਾਰਮਿਕ ਸਥਾਨ ਨਾਸਿਰ ਮੁਸ਼ਤਾਕ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਤਾਰਾ ਸਿੰਘ, ਭੁਪਿੰਦਰ ਸਿੰਘ ਲਵਲੀ ਸਮੇਤ ਕਮਿਸ਼ਨਰ, ਡਿਪਟੀ ਕਮਿਸ਼ਨਰ, ਜ਼ਿਲ੍ਹਾ ਅਧਿਕਾਰੀ ਤੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ | ਸਰਗੋਧਾ ਡਿਵੀਜ਼ਨ ਦੇ ਖ਼ੁਸ਼ਾਬ ਸ਼ਹਿਰ ਦੀ ਫੇਰੀ ਦੌਰਾਨ ਅਜੈ ਪਾਲ ਸਿੰਘ ਬੰਗਾ ਤੇ ਉਨ੍ਹਾਂ ਦੀ ਪਤਨੀ ਅਨੀਤਾ ਬੰਗਾ ਨੇ ਸ਼ਹਿਰ ਦੇ ਮੁੱਖ ਬਾਜ਼ਾਰ ਦੀ ਗਲੀ ਸਿੱਖਾਂਵਾਲੀ ਸਥਿਤ ਆਪਣੇ ਜੱਦੀ ਘਰ ਦਾ ਦੌਰਾ ਕੀਤਾ, ਜਿਥੇ ਉਨ੍ਹਾਂ ਨੂੰ ਉਨ੍ਹਾਂ ਦੇ ਪਰਿਵਾਰਕ ਪਿਛੋਕੜ ਨਾਲ ਸੰਬੰਧਿਤ ਮਾਲੀਆ ਰਿਕਾਰਡ ਵਿਖਾਇਆ ਗਿਆ | ਵਿਸ਼ਵ ਬੈਂਕ ਸਮੂਹ ਦੇ ਪ੍ਰਧਾਨ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਵਲੋਂ ਪ੍ਰਬੰਧਿਤ ਗੁਰਦੁਆਰਾ ਸਿੰਘ ਸਭਾ ਖ਼ੁਸ਼ਾਬ ਵਿਖੇ ਵੀ ਨਤਮਸਤਕ ਹੋਏ ਅਤੇ ਗੁਰਦੁਆਰਾ ਸਾਹਿਬ 'ਚ ਹਾਲ ਹੀ ਵਿਚ ਸ਼ੁਰੂ ਕਰਵਾਏ ਗਏ ਮੁਰੰਮਤ ਦੇ ਕੰਮ, ਪ੍ਰਬੰਧਕੀ ਪ੍ਰਬੰਧਾਂ ਅਤੇ ਸਹੂਲਤਾਂ ਦੀ ਸ਼ਲਾਘਾ ਕੀਤੀ | ਗੁਰਦੁਆਰਾ ਸਾਹਿਬ ਵਿਖੇ ਪਹੁੰਚਣ 'ਤੇ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਪ੍ਰੇਮ ਸਿੰਘ ਵਲੋਂ ਅਰਦਾਸ ਕੀਤੀ ਗਈ | ਈ. ਟੀ. ਪੀ. ਬੀ. ਦੇ ਵਧੀਕ ਸਕੱਤਰ (ਸ਼ਰਾਈਨਜ਼) ਨਾਸਿਰ ਮੁਸ਼ਤਾਕ ਨੇ ਸ. ਬੰਗਾ ਨੂੰ ਪਾਕਿ 'ਚ ਸਿੱਖ ਧਾਰਮਿਕ ਅਸਥਾਨਾਂ ਦੀ ਬਹਾਲੀ ਅਤੇ ਪ੍ਰਬੰਧਨ ਲਈ ਚੁੱਕੇ ਗਏ ਉਪਾਵਾਂ ਬਾਰੇ ਵਿਸਥਾਰ 'ਚ ਜਾਣਕਾਰੀ ਦਿੱਤੀ | ਇਸ ਮੌਕੇ ਬੋਰਡ ਦੇ ਚੇਅਰਮੈਨ ਕਮਰ ਜ਼ਮਾਨ ਨੇ ਅਜੈ ਪਾਲ ਸਿੰਘ ਬੰਗਾ ਨੂੰ ਵਿਸ਼ੇਸ਼ ਯਾਦਗਾਰੀ ਚਿੰਨ੍ਹ ਭੇਟ ਕੀਤੇ | ਸ. ਬੰਗਾ ਨੇ ਕਿਹਾ ਕਿ ਈ. ਟੀ. ਪੀ. ਬੀ. ਪਾਕਿ 'ਚ ਘੱਟ ਗਿਣਤੀ ਭਾਈਚਾਰਿਆਂ ਦੀ ਧਾਰਮਿਕ ਵਿਰਾਸਤ ਦੀ ਸੁਰੱਖਿਆ ਵਿਚ ਸਕਾਰਾਤਮਿਕ ਅਤੇ ਜ਼ਿੰਮੇਵਾਰ ਭੂਮਿਕਾ ਨਿਭਾਅ ਰਿਹਾ ਹੈ | ਕਮਰ ਜ਼ਮਾਨ ਨੇ ਕਿਹਾ ਕਿ ਬੋਰਡ ਧਾਰਮਿਕ ਵਿਰਾਸਤ ਦੀ ਸੰਭਾਲ ਲਈ ਕੌਮਾਂਤਰੀ ਮਾਪਦੰਡਾਂ ਨੂੰ ਲਾਗੂ ਕਰ ਰਿਹਾ ਹੈ ਅਤੇ ਸਿੱਖ ਤੀਰਥ ਯਾਤਰੀਆਂ ਲਈ ਮਿਸਾਲੀ ਮਹਿਮਾਨ ਨਿਵਾਜੀ ਤੇ ਧਾਰਮਿਕ ਸਹੂਲਤਾਂ ਨੂੰ ਯਕੀਨੀ ਬਣਾ ਰਿਹਾ ਹੈ |
ਪਾਕਿਸਤਾਨ 'ਚ ਆਪਣੇ ਪੁਰਖਿਆਂ ਦੇ ਸ਼ਹਿਰ ਖ਼ੁਸ਼ਾਬ ਪਹੁੰਚੇ ਅਜੈ ਪਾਲ ਸਿੰਘ ਬੰਗਾ
ਅਜੀਤ ਡੈਸਕ
04-02-2026