ਅੰਮਿ੍ਤਸਰ, 3 ਫਰਵਰੀ (ਜਸਵੰਤ ਸਿੰਘ ਜੱਸ)-ਸਮਾਜ ਸੇਵੀ ਸੰਸਥਾ ਅੰਮਿ੍ਤਸਰ ਵਿਕਾਸ ਮੰਚ ਨੇ ਸ਼੍ਰੋਮਣੀ ਕਮੇਟੀ ਨੂੰ ਸ੍ਰੀ ਹਰਿਮੰਦਰ ਸਾਹਿਬ ਸਮੂਹ ਦੇ ਨਾਲ ਲੱਗਦੀ ਅਤੇ ਪਰਿਕਰਮਾ ਵਿਚੋਂ ਪੂਰੀ ਨਜ਼ਰ ਆਉਂਦੀ ਜਗ੍ਹਾ 'ਤੇ ਬਹੁਮੰਜ਼ਿਲਾ ਇਮਾਰਤ ਦੀ ਉਸਾਰੀ ਕਰਕੇ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ 450 ਸਾਲ ਪੁਰਾਣੀ ਵਿਰਾਸਤੀ ਮਹਿਮਾ ਅਤੇ ਸੁੰਦਰਤਾ ਨੂੰ ਗ੍ਰਹਿਣ ਲੱਗਣ ਤੋਂ ਬਚਾਉਣ ਦੀ ਅਪੀਲ ਕੀਤੀ ਹੈ | ਮੰਚ ਦੇ ਸਰਪ੍ਰਸਤ ਮਨਮੋਹਣ ਸਿੰਘ ਬਰਾੜ, ਪਿ੍ੰਸੀਪਲ ਕੁਲਵੰਤ ਸਿੰਘ ਅਣਖੀ, ਪ੍ਰਧਾਨ ਸੁਰਿੰਦਰਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਰਾਜਵਿੰਦਰ ਸਿੰਘ ਗਿੱਲ ਅਤੇ ਸਕੱਤਰ ਕਵਲਜੀਤ ਸਿੰਘ ਨੇ ਸ਼੍ਰੋਮਣੀ ਕਮੇਟੀ ਅਤੇ ਕਾਰ ਸੇਵਾ ਸੰਪਰਦਾ ਵਲੋਂ ਕੀਤੀ ਜਾ ਰਹੀ ਉਕਤ ਉਸਾਰੀ ਸੰਬੰਧੀ ਪ੍ਰਤੀਕਰਮ ਪ੍ਰ੍ਰਗਟ ਕਰਦਿਆਂ ਕਿਹਾ ਹੈ ਕਿ ਅਕਾਲ ਤਖ਼ਤ ਸਾਹਿਬ ਦੇ ਪਿਛਲੇ ਪਾਸੇ ਗਲਿਆਰੇ ਵਿਚ ਸਿੰਘ ਸਾਹਿਬਾਨ ਦੀ ਰਿਹਾਇਸ਼ ਲਈ ਉਸਾਰੀ ਅਧੀਨ ਬਹੁਮੰਜ਼ਿਲਾ ਇਮਾਰਤ ਦੀ ਮੁੜ ਉਸਾਰੀ ਰੋਕ ਦਿੱਤੀ ਜਾਵੇ ਅਤੇ ਇਸ ਦੀਆਂ ਉਪਰਲੀਆਂ ਮੰਜ਼ਿਲਾਂ, ਜੋ ਪਰਿਕਰਮਾ ਵਿਚੋਂ ਨਜ਼ਰ ਆ ਰਹੀਆਂ ਹਨ, ਨੂੰ ਢਾਹ ਦਿੱਤਾ ਜਾਵੇ | ਉਨ੍ਹਾਂ ਕਿਹਾ ਕਿ ਮੰਚ ਨੂੰ ਸ਼ੋ੍ਰਮਣੀ ਕਮੇਟੀ ਵਲੋਂ ਉਸਾਰੀ ਜਾ ਰਹੀ ਇਮਾਰਤ 'ਤੇ ਇਤਰਾਜ ਨਹੀਂ, ਬਲਕਿ ਚਿੰਤਾ ਇਸ ਗੱਲ ਦੀ ਹੈ ਕਿ ਇਸ ਦੀ ਆੜ ਵਿਚ ਵਪਾਰਕ ਅਦਾਰੇ ਵੀ ਬਹੁਮੰਜ਼ਿਲਾ ਇਮਾਰਤਾਂ ਨਾ ਉਸਾਰਣੀਆਂ ਸ਼ੁਰੂ ਕਰ ਦੇਣ | ਉਨ੍ਹਾਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ ਦੇ ਆਲੇ-ਦੁਆਲੇ ਉਸਾਰੀ ਜਾਣ ਵਾਲੀ ਹਰ ਨਵੀਂ ਇਮਾਰਤ ਦਾ ਨਕਸ਼ਾ ਅਤੇ ਉਸਾਰੀ ਮਿਉਂਸਪਲ ਬਾਈਲਾਜ਼ ਨੂੰ ਧਿਆਨ ਵਿਚ ਰੱਖ ਕੇ ਹੀ ਉਸਾਰੀ ਕੀਤੀ ਜਾਣੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਆਸਪਾਸ ਵੱਧ ਤੋਂ ਵੱਧ 38.5 ਫੁੱਟ ਉੱਚਾਈ ਨਿਰਧਾਰਤ ਕੀਤੀ ਗਈ ਹੈ ਤਾਂ ਕਿ ਇਤਿਹਾਸਕ, ਧਾਰਮਿਕ ਅਤੇ ਸੱਭਿਆਚਾਰਕ ਪੱਖੋਂ ਅੰਮਿ੍ਤਸਰ ਦੀ ਵਿਰਾਸਤੀ ਆਭਾ ਸੁਰੱਖਿਅਤ ਅਤੇ ਬਹਾਲ ਰਹਿ ਸਕੇ |
ਸ਼ੋ੍ਰਮਣੀ ਕਮੇਟੀ ਦਾ ਪੱਖ
ਇਸੇ ਦੌਰਾਨ ਸ਼ੋ੍ਰਮਣੀ ਕਮੇਟੀ ਦੇ ਇਕ ਬੁਲਾਰੇ ਨੇ ਸੰਪਰਕ ਕੀਤੇ ਜਾਣ 'ਤੇ ਕਿਹਾ ਕਿ ਉਕਤ ਸਿੰਘ ਸਾਹਿਬਾਨ ਦੀ ਰਿਹਾਇਸ਼ ਜੋ ਕਿ ਬਾਹਰ ਗਲਿਆਰੇ ਵਿਚ ਉਸਾਰੀ ਅਧੀਨ ਹੈ, ਦੀ ਹੋਰ ਕੋਈ ਨਵੀਂ ਮੰਜ਼ਿਲ ਨਹੀਂ ਉਸਾਰੀ ਜਾ ਰਹੀ, ਕੇਵਲ ਪਹਿਲਾਂ ਤੋਂ ਖੜੇ ਕੀਤੇ ਪਿੱਲਰਾਂ 'ਤੇ ਹੀ ਉਸਾਰੀ ਹੋਣੀ ਹੈ | ਉਨ੍ਹਾਂ ਕਿਹਾ ਕਿ ਇਹ ਇਮਾਰਤ ਕੋਈ ਨਿੱਜੀ ਇਮਾਰਤ ਨਹੀਂ, ਬਲਕਿ ਸਿੱਖ ਭਵਨ ਨਿਰਮਾਣ ਕਲਾ ਤਹਿਤ ਹੀ ਇਸ ਦੀ ਉਸਾਰੀ ਕੀਤੀ ਜਾ ਰਹੀ ਹੈ |
ਤਰਲੋਚਨ ਸਿੰਘ ਵਲੋਂ ਜਥੇਦਾਰ ਨੂੰ ਪੱਤਰ ਲਿਖ ਕੇ ਦਖਲ ਦੇਣ ਦੀ ਅਪੀਲ
ਇਸੇ ਦੌਰਾਨ ਸਿੱਖ ਵਿਦਵਾਨ ਤੇ ਸਾਬਕਾ ਸੰਸਦ ਮੈਂਬਰ ਤਰਲੋਚਨ ਸਿੰਘ ਨੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਪੱਤਰ ਲਿਖ ਕੇ ਉਕਤ ਮਾਮਲੇ ਵਿਚ ਤੁਰੰਤ ਦਖਲ ਦੇਣ ਦੀ ਅਪੀਲ ਕੀਤੀ ਹੈ | ਉਨ੍ਹਾਂ ਕਿਹਾ ਕਿ ਉਹ ਜਦੋਂ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸਨ, ਉਸ ਸਮੇਂ ਡਿਪਟੀ ਕਮਿਸ਼ਨਰ ਅੰਮਿ੍ਤਸਰ ਵਲੋਂ ਇਹ ਹੁਕਮ ਕਢਵਾਇਆ ਸੀ ਕਿ ਸ੍ਰੀ ਦਰਬਾਰ ਸਾਹਿਬ ਦੇ ਚੌਗਿਰਦੇ ਵਿਚ ਕੋਈ ਏਨੀ ਉੱਚੀ ਇਮਾਰਤ ਨਹੀਂ ਬਣੇਗੀ, ਜੋ ਪਰਿਕਰਮਾ ਵਿਚੋਂ ਜਾਂ ਕਿਸੇ ਕੈਮਰੇ ਦੀ ਤਸਵੀਰ ਵਿਚ ਨਜ਼ਰ ਆਉਦੀ ਹੋਵੇ | ਇਸ ਹੁਕਮ ਦੇ ਤਹਿਤ ਸਰਾਂ ਵਿਚ ਇਕ ਪਾਣੀ ਦੀ ਟੈਂਕੀ ਜੋ ਮਿਉਂਸਪਲ ਕਮੇਟੀ ਨੇ ਬਣਾਈ ਸੀ, ਉਹ ਢਾਹ ਦਿੱਤੀ ਗਈ ਸੀ ਤੇ ਪ੍ਰਕਾਸ਼ਨ ਹਾਊਸਾਂ ਵਾਲਿਆਂ ਦੇ ਬੋਰਡ ਉਤਾਰ ਦਿੱਤੇ ਗਏ ਸਨ ਪਰ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਸ਼੍ਰੋਮਣੀ ਕਮੇਟੀ ਵਲੋਂ ਹੁਣ ਇਕ ਬਹੁਮੰਜਿਲਾ ਇਮਾਰਤ ਸਿੰਘ ਸਾਹਿਬਾਨ ਦੀ ਰਿਹਾਇਸ਼ ਲਈ ਬਣਾਈ ਜਾ ਰਹੀ ਹੈ ਅਤੇ ਕਈ ਹੋਟਲ ਵਾਲੇ ਸਿਫਾਰਿਸ਼ਾਂ ਪਾ ਕੇ ਉੱਚੀਆਂ ਇਮਾਰਤਾਂ ਬਣਾ ਰਹੇ ਹਨ | ਉਨ੍ਹਾਂ ਜਥੇਦਾਰ ਨੂੰ ਅਪੀਲ ਕੀਤੀ ਕਿ ਉਹ ਇਸ 'ਤੇ ਰੋਕ ਲਗਾ ਕੇ ਇਸ ਬਾਰੇ ਸਾਰੀਆਂ ਸੰਬੰਧਿਤ ਸਰਕਾਰੀ ਅਤੇ ਗ਼ੈਰ-ਸਰਕਾਰੀ ਸੰਸਥਾਵਾਂ ਨੂੰ ਆਦੇਸ਼ ਜਾਰੀ ਕਰਨ |
ਸ੍ਰੀ ਹਰਿਮੰਦਰ ਸਾਹਿਬ ਦੇ ਨਜ਼ਦੀਕ ਗਲਿਆਰੇ 'ਚ ਬਹੁਮੰਜ਼ਿਲਾ ਇਮਾਰਤ ਦੀ ਮੁੜ ਉਸਾਰੀ 'ਤੇ ਇਤਰਾਜ਼ <br/>
ਅਜੀਤ ਡੈਸਕ
04-02-2026