• ਮੁੱਖ ਮੰਤਰੀ ਸੈਣੀ ਪਹੁੰਚੇ ਨਾਭਾ ਦੇ ਸ਼ਾਹੀ ਹੀਰਾ ਮਹਿਲ • ਸ਼ਾਹੀ ਪਰਿਵਾਰ ਨੂੰ ਦਿੱਤੀ ਦਸਤਾਰਬੰਦੀ ਸਮਾਗਮ ਦੀ ਵਧਾਈ
<br/>
ਨਾਭਾ, 3 ਫਰਵਰੀ (ਜਗਨਾਰ ਸਿੰਘ ਦੁਲੱਦੀ)-ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅੱਜ ਨਾਭਾ ਦੇ ਸ਼ਾਹੀ ਪਰਿਵਾਰ ਨੂੰ ਮਿਲਣ ਲਈ ਸ਼ਾਹੀ ਮਹਿਲ ਹੀਰਾ ਮਹਿਲ ਵਿਖੇ ਪਹੁੰਚੇ, ਜਿਥੇ ਸ਼ਾਹੀ ਪਰਿਵਾਰ ਵਲੋਂ ਮੁੱਖ ਮੰਤਰੀ ਹਰਿਆਣਾ ਨਾਇਬ ਸਿੰਘ ਸੈਣੀ ਦਾ ਸਵਾਗਤ ਕੀਤਾ ਗਿਆ | ਮੁੱਖ ਮੰਤਰੀ ਸੈਣੀ ਵਲੋਂ ਸਭ ਤੋਂ ਪਹਿਲਾਂ ਗੁਰਦੁਆਰਾ ਸਿਰੋਪਾਉ ਸਾਹਿਬ ਵਿਖੇ ਨਤਮਸਤ ਹੋਏ ਅਤੇ ਕੁੰਵਰ ਅਭੀਉਦੇ ਪ੍ਰਤਾਪ ਸਿੰਘ ਦੀ ਦਸਤਾਰਬੰਦੀ ਦੀ ਸ਼ਾਹੀ ਪਰਿਵਾਰ ਨੂੰ ਵਧਾਈ ਦਿੱਤੀ ਗਈ | ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੋ ਕਹਿੰਦੇ ਹਨ ਉਹ ਕਰਦੇ ਹਨ | ਉਨ੍ਹਾਂ ਕਿਹਾ ਕਿ ਜੋ ਪਿਛਲੇ ਦਿਨੀਂ ਅਮਰੀਕਾ ਵਲੋਂ ਟੈਰਿਫ ਵਿਚ ਵਾਧਾ ਕੀਤਾ ਗਿਆ ਸੀ, ਉਸ ਨੂੰ ਪ੍ਰਧਾਨ ਮੰਤਰੀ ਵਲੋਂ ਬਹੁਤ ਹੀ ਘੱਟ ਕਰਵਾਇਆ ਗਿਆ ਹੈ, ਜੋ ਕਿ ਵਪਾਰੀ ਵਰਗ ਲਈ ਬਹੁਤ ਵਧੀਆ ਤੇ ਸਲਾਹੁਣਯੋਗ ਫ਼ੈਸਲਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੀ ਅਮਨ-ਕਾਨੂੰਨ ਦੀ ਸਥਿਤੀ ਬਿਲਕੁਲ ਡਾਵਾਂ ਡੋਲ ਹੋ ਚੁੱਕੀ ਹੈ, ਨਿਤ ਦਿਨ ਚੋਰੀਆਂ ਤੋਂ ਇਲਾਵਾ ਹੱਤਿਅਵਾਂ ਹੋ ਰਹੀਆਂ ਹਨ ਅਤੇ ਨਸ਼ਾ ਵੀ ਪਿਛਲੀਆਂ ਸਰਕਾਰਾਂ ਦੇ ਮੁਕਾਬਲੇ ਬੇਤਹਾਸ਼ਾ ਵਧਿਆ ਹੈ | ਐਸ. ਵਾਈ. ਐਲ. ਮੁੱਦੇ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਹਰਿਆਣਾ ਦੇ ਮੁੱਖ ਮੰਤਰੀ ਸੈਣੀ ਨੇ ਕਿਹਾ ਕਿ ਇਹ ਮਾਮਲਾ ਕੋਰਟ ਦੇ ਅਧੀਨ ਹੈ, ਜਿਸ ਕਰਕੇ ਉਹ ਇਸ ਪ੍ਰਤੀ ਜ਼ਿਆਦਾ ਨਹੀਂ ਕਹਿਣਗੇ | ਉਨ੍ਹਾਂ ਨਾਲ ਹੀ ਕਿਹਾ ਕਿ ਹਰਿਆਣਾ ਤੇ ਪੰਜਾਬ ਦੋਵਾਂ ਭਰਾ ਹਨ, ਇਸ ਕਰਕੇ ਸਾਡਾ ਕੁਝ ਵੀ ਵੰਡਿਆ ਨਹੀਂ ਹੋਇਆ | ਸੈਣੀ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਸੰਬੰਧੀ ਪੁੱਛੇ ਗਏ ਸਵਾਲ ਦੇ ਜਵਾਬ 'ਚ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਇਕੱਲਿਆਂ ਹੀ ਚੋਣਾਂ ਲੜਨਗੇ | ਇਸ ਮੌਕੇ ਮਹਾਰਾਣੀ ਉਮਾ ਸਿੰਘ, ਰਾਜਾ ਭਾਨੂ ਪ੍ਰਤਾਪ ਸਿੰਘ, ਰਾਣੀ ਪ੍ਰੀਤੀ ਸਿੰਘ, ਕੁੰਵਰ ਅਭੀਉਦੇ ਪ੍ਰਤਾਪ ਸਿੰਘ, ਹਰਮੇਸ਼ ਗੋਇਲ ਜਿਲਾ ਪ੍ਰਧਾਨ ਭਾਜਪਾ ਦਿਹਾਤੀ, ਅਮਨ ਗੁਪਤਾ ਪ੍ਰਧਾਨ ਗਊਸ਼ਾਲਾ ਕਮੇਟੀ ਆਦਿ ਮੌਜੂਦ ਸਨ |
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੋ ਕਹਿੰਦੇ ਹਨ ਉਹ ਕਰਦੇ ਹਨ-ਨਾਇਬ ਸਿੰਘ ਸੈਣੀ
ਅਜੀਤ ਡੈਸਕ
04-02-2026