08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਨਸ਼ਿਆਂ ਵਿਰੁੱਧ ਜੰਗ ਨੂੰ ਲੋਕ ਅੰਦੋਲਨ ਬਣਾਉਣ ਦੀ ਲੋੜ-ਰਾਜਪਾਲ ਕਟਾਰੀਆ <br/>

Ad Position 21
No active advertisement
ਅਜੀਤ ਡੈਸਕ 04-02-2026

* 9 ਤੋਂ 12 ਫਰਵਰੀ ਤੱਕ ਸਰਹੱਦੀ ਜ਼ਿਲ੍ਹਿਆਂ 'ਚ ਕੱਢੀ ਜਾਵੇਗੀ 4 ਦਿਨਾ ਪੈਦਲ ਯਾਤਰਾ * ਤਰਨ ਤਾਰਨ ਤੋਂ ਹੋਵੇਗੀ ਸ਼ੁਰੂਆਤ, ਅਬੋਹਰ ਵਿਖੇ ਹੋਵੇਗੀ ਸਮਾਪਤੀ
ਚੰਡੀਗੜ੍ਹ, 3 ਫਰਵਰੀ (ਸੰਦੀਪ ਕੁਮਾਰ ਮਾਹਨਾ)–ਨਸ਼ਿਆਂ ਦੇ ਵਧਦੇ ਰੁਝਾਨ 'ਤੇ ਰੋਕ ਲਗਾਉਣ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ 9 ਤੋਂ 12 ਫਰਵਰੀ ਤੱਕ ਸਰਹੱਦੀ ਜ਼ਿਲਿ੍ਹਆਂ ਤਰਨ ਤਾਰਨ, ਫ਼ਿਰੋਜ਼ਪੁਰ ਅਤੇ ਫ਼ਾਜ਼ਿਲਕਾ 'ਚ ਚਾਰ ਦਿਨਾਂ ਦੀ ਪੈਦਲ ਯਾਤਰਾ ਕੱਢਣਗੇ | ਇਸ ਯਾਤਰਾ ਦਾ ਮੁੱਖ ਮਕਸਦ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਲੋਕਾਂ ਨੂੰ ਸੁਚੇਤ ਕਰਨਾ ਅਤੇ ਇਸ ਲੜਾਈ ਨੂੰ ਲੋਕ ਅੰਦੋਲਨ ਦਾ ਰੂਪ ਦੇਣਾ ਹੈ | ਇਹ ਜਾਣਕਾਰੀ ਰਾਜਪਾਲ ਕਟਾਰੀਆ ਨੇ ਅੱਜ ਪੰਜਾਬ ਲੋਕ ਭਵਨ ਵਿਖੇ ਨਸ਼ਿਆਂ ਵਿਰੁੱਧ ਜਾਗਰੂਕਤਾ ਮੁਹਿੰਮ ਸੰਬੰਧੀ ਬੁਲਾਈ ਗਈ ਪੈੱ੍ਰਸ ਕਾਨਫ਼ਰੰਸ ਦੌਰਾਨ ਦਿੱਤੀ | ਉਨ੍ਹਾਂ ਦੱਸਿਆ ਕਿ ਇਹ ਪੈਦਲ ਯਾਤਰਾ ਪੰਜਾਬ ਰੈੱਡ ਕਰਾਸ ਸੁਸਾਇਟੀ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਹੈ, ਜਿਸ 'ਚ ਵੱਡੀ ਗਿਣਤੀ ਵਿਚ ਨੌਜਵਾਨਾਂ, ਸਮਾਜਿਕ ਸੰਗਠਨਾਂ ਅਤੇ ਸੇਵਾਦਾਰਾਂ ਦੀ ਹਿੱਸੇਦਾਰੀ ਰਹੇਗੀ | ਰਾਜਪਾਲ ਕਟਾਰੀਆ ਨੇ ਕਿਹਾ ਕਿ ਨਸ਼ਿਆਂ ਦੀ ਸਮੱਸਿਆ ਸਿਰਫ਼ ਪੰਜਾਬ ਜਾਂ ਦੇਸ਼ ਤੱਕ ਸੀਮਿਤ ਨਹੀਂ, ਸਗੋਂ ਇਹ ਇੱਕ ਵਿਸ਼ਵ ਪੱਧਰੀ ਚੁਣੌਤੀ ਹੈ | ਉਨ੍ਹਾਂ ਕਿਹਾ ਕਿ ਨਸ਼ਿਆਂ ਵਿਰੁੱਧ ਲੜਾਈ ਵਿਚ ਸਖ਼ਤ ਕਾਨੂੰਨੀ ਕਾਰਵਾਈ ਦੇ ਨਾਲ-ਨਾਲ ਲਗਾਤਾਰ ਜਾਗਰੂਕਤਾ, ਨਸ਼ਾ ਪੀੜਤਾਂ ਦਾ ਪੁਨਰਵਾਸ ਅਤੇ ਉਨ੍ਹਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨਾ ਬੇਹੱਦ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਨਸ਼ਾ ਪੀੜਤ ਵਿਅਕਤੀਆਂ ਨੂੰ ਇੱਜ਼ਤ ਨਾਲ ਮੁੜ ਸਮਾਜ ਦੀ ਮੁੱਖ ਧਾਰਾ ਨਾਲ ਜੋੜਿਆ ਜਾਣਾ ਚਾਹੀਦਾ ਹੈ ਤਾਂ ਜੋ ਉਹ ਖ਼ੁਦਮੁਖ਼ਤਿਆਰ ਜੀਵਨ ਜੀਅ ਸਕਣ | ਰਾਜਪਾਲ ਨੇ ਸਮਾਜਿਕ, ਧਾਰਮਿਕ, ਰਾਜਨੀਤਿਕ ਅਤੇ ਸਿੱਖਿਆ ਸੰਸਥਾਵਾਂ, ਗੈਰ-ਸਰਕਾਰੀ ਸੰਗਠਨਾਂ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਵਿਚ ਸਰਗਰਮ ਹਿੱਸੇਦਾਰੀ ਕਰਕੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ 'ਚ ਆਪਣਾ ਯੋਗਦਾਨ ਪਾਉਣ | ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਇਹ ਮੁਹਿੰਮ ਤਦ ਹੀ ਸਫ਼ਲ ਹੋ ਸਕਦੀ ਹੈ, ਜਦੋਂ ਹਰ ਵਰਗ ਦੇ ਲੋਕ ਇਸ ਨਾਲ ਜੁੜਨ ਅਤੇ ਇਸ ਨੂੰ ਆਪਣੀ ਲੜਾਈ ਸਮਝ ਕੇ ਅੱਗੇ ਵਧਾਉਣ | ਉਨ੍ਹਾਂ ਭਰੋਸਾ ਜਤਾਇਆ ਕਿ ਸਾਂਝੀ ਕੋਸ਼ਿਸ਼ਾਂ ਨਾਲ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦਾ ਟੀਚਾ ਹਾਸਲ ਕੀਤਾ ਜਾ ਸਕਦਾ ਹੈ | ਪੈਦਲ ਯਾਤਰਾ ਦਾ ਵਿਸਥਾਰਪੂਰਕ ਪ੍ਰੋਗਰਾਮ ਇਸ ਤਰ੍ਹਾਂ ਹੈ-9 ਫਰਵਰੀ (ਸਵੇਰੇ 11.30 ਵਜੇ) ਤਰਨ ਤਾਰਨ ਸ੍ਰੀ ਗੁਰੂ ਅਰਜਨ ਦੇਵ ਸਕੂਲ ਤੋਂ ਪੁਲਿਸ ਗਾਰਡਜ਼ ਰਾਹੀਂ ਪੁਲਿਸ ਲਾਈਨਜ਼ ਤੱਕ, 10 ਫਰਵਰੀ (ਸਵੇਰੇ 11.30 ਵਜੇ)- ਫ਼ਿਰੋਜ਼ਪੁਰ ਸਰਾਗੜ੍ਹੀ ਮੈਮੋਰੀਅਲ ਤੋਂ ਗਵਰਨਮੈਂਟ ਸਕੂਲ ਆਫ਼ ਐਮੀਨੈਂਸ, ਫ਼ਿਰੋਜ਼ਪੁਰ ਸ਼ਹਿਰ ਤੱਕ, 11 ਫਰਵਰੀ (ਦੁਪਹਿਰ 12 ਵਜੇ)- ਫ਼ਾਜ਼ਿਲਕਾ ਸੰਜੀਵ ਸਿਨੇਮਾ ਤੋਂ ਘੰਟਾ ਘਰ, ਫ਼ਾਜ਼ਿਲਕਾ ਤੱਕ, 12 ਫਰਵਰੀ (ਸਵੇਰੇ 11.30 ਵਜੇ)- ਅਬੋਹਰ (ਜ਼ਿਲ੍ਹਾ ਫ਼ਾਜ਼ਿਲਕਾ) ਨਗਰ ਨਿਗਮ ਦਫ਼ਤਰ ਤੋਂ ਡੀ.ਏ.ਵੀ. ਕਾਲਜ, ਅਬੋਹਰ ਤੱਕ ਹੋਵੇਗਾ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇ ਕਈ ਜ਼ਿਲਿ੍ਹਆਂ 'ਚ ਛਾਈ ਰਹੀ ਸੰਘਣੀ ਧੁੰਦ <br/> ਅਗਲੀ ਖ਼ਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੋ ਕਹਿੰਦੇ ਹਨ ਉਹ ਕਰਦੇ ਹਨ-ਨਾਇਬ ਸਿੰਘ ਸੈਣੀ
Ad Position 24