• ਮਰਕਜ਼-ਏ-ਤਾਇਬਾ ਦੇ ਮੌਲਵੀ ਨੇ ਕੀਤੇ ਕਈ ਵੱਡੇ ਖ਼ੁਲਾਸੇ • ਅਹਾਤੇ ਦੇ ਅੰਦਰ ਅੱਤਵਾਦੀ ਕਮਾਂਡਰਾਂ ਦੇ 300 ਤੋਂ ਵੱਧ ਘਰ ਅੱਜ ਵੀ ਮੌਜੂਦ • ਲਸ਼ਕਰ ਬੇਸ ਨੂੰ ਮੁੜ ਸਰਗਰਮ ਕਰਨ ਦੀ ਕੋਸ਼ਿਸ਼
<br/>
ਅੰਮਿ੍ਤਸਰ, 3 ਫਰਵਰੀ (ਸੁਰਿੰਦਰ ਕੋਛੜ)-ਪਹਿਲਗਾਮ ਅੱਤਵਾਦੀ ਹਮਲੇ ਦਾ ਬਦਲਾ ਲੈਣ ਲਈ ਭਾਰਤੀ ਫ਼ੌਜ ਵਲੋਂ ਪਾਕਿਸਤਾਨ 'ਚ ਅੱਤਵਾਦੀ ਟਿਕਾਣਿਆਂ 'ਤੇ ਕੀਤੇ ਹਮਲਿਆਂ ਬਾਰੇ ਲਹਿੰਦੇ ਪੰਜਾਬ ਦੇ ਮੁਰੀਦਕੇ ਸ਼ਹਿਰ ਦੀ ਆਬਾਦੀ ਨੰਗਲ ਸਾਦਾ ਵਿਚਲੇ ਮਰਕਜ਼-ਏ-ਤਾਇਬਾ 'ਚ ਨੌਜਵਾਨਾਂ ਨੂੰ ਕੱਟੜਤਾ ਦਾ ਪਾਠ ਪੜਾਉਣ ਵਾਲੇ ਇਕ ਮੌਲਵੀ ਨੇ ਕਈ ਮਹੱਤਵਪੂਰਨ ਖ਼ੁਲਾਸੇ ਕੀਤੇ ਹਨ | ਦੱਸਣਯੋਗ ਹੈ ਕਿ ਮੁਰੀਦਕੇ ਸ਼ਹਿਰ 'ਚ ਲਸ਼ਕਰ-ਏ-ਤਾਇਬਾ ਹਥਿਆਰਬੰਦ ਅੱਤਵਾਦੀ ਸਮੂਹ ਦਾ ਹੈੱਡਕੁਆਟਰ ਮੌਜੂਦ ਹੈ | ਇਸ ਸਮੂਹ ਨੂੰ ਭਾਰਤ ਅਤੇ ਹੋਰ ਦੇਸ਼ਾਂ ਨੇ ਭਾਰਤੀ ਧਰਤੀ 'ਤੇ ਕਈ ਘਾਤਕ ਹਮਲਿਆਂ ਲਈ ਜ਼ਿੰਮੇਵਾਰ ਠਹਿਰਾਇਆ ਹੈ, ਜਿਸ 'ਚ ਨਵੰਬਰ 2008 ਵਿਚ ਮੁੰਬਈ 'ਚ ਹੋਏ ਹਮਲੇ ਵੀ ਸ਼ਾਮਿਲ ਹਨ | ਉਕਤ ਮੌਲਵੀ ਅਬਦੁਲ ਰਜ਼ਾਕ ਨੇ ਦੱਸਿਆ ਕਿ ਉਹ ਲਸ਼ਕਰ ਹੈੱਡਕੁਆਟਰ ਦੇ ਮਰਕਜ਼-ਏ-ਤਾਇਬਾ 'ਚ ਨੌਜਵਾਨਾਂ ਨੂੰ ਜਿਹਾਦ ਅਤੇ ਇਸਲਾਮ ਦੀ ਪੜ੍ਹਾਈ ਕਰਵਾਉਂਦਾ ਹੈ ਅਤੇ ਉਸ ਦਾ ਦਫ਼ਤਰ ਮਰਕਜ਼ ਦੇ ਕਮਰਾ ਨੰ: 9 (ਪ੍ਰਬੰਧਕੀ ਬਲਾਕ) 'ਚ ਮੌਜੂਦ ਸੀ | ਉਸ ਨੇ ਦੱਸਿਆ ਕਿ ਹੈੱਡਕੁਆਟਰ ਦੇ ਅੰਦਰ ਸਿਖਲਾਈ ਲੈਣ ਵਾਲੇ 2000 ਤੋਂ 3000 ਨੌਜਵਾਨ ਹਮੇਸ਼ਾ ਮੌਜੂਦ ਰਹਿੰਦੇ ਹਨ ਅਤੇ ਇਥੇ 300 ਤੋਂ ਵੱਧ ਕਮਾਂਡਰਾਂ (ਅੱਤਵਾਦੀ) ਅਤੇ ਮੁਲਾਣਿਆਂ ਦੀ ਰਿਹਾਇਸ਼ ਮੌਜੂਦ ਹੈ | ਇਨ੍ਹਾਂ 'ਚੋਂ ਬਹੁਤਿਆਂ ਨੂੰ ਪਹਿਲਗਾਮ ਅੱਤਵਾਦੀ ਹਮਲੇ ਬਾਅਦ ਭਾਰਤੀ ਕਾਰਵਾਈ ਦੇ ਡਰ ਤੋਂ ਕਿਸੇ ਗੁਪਤ ਥਾਂ 'ਤੇ ਭੇਜ ਦਿੱਤਾ ਗਿਆ ਸੀ | ਉਕਤ ਮੌਲਵੀ ਮੁਤਾਬਿਕ ਜਿਸ ਮਦਰਸੇ 'ਤੇ 7 ਮਈ ਨੂੰ ਪਾਕਿਸਤਾਨੀ ਸਮੇਂ ਮੁਤਾਬਿਕ ਰਾਤ 12.05 ਵਜੇ ਤੋਂ 12.15 ਤੱਕ ਲਗਾਤਾਰ 4 ਧਮਾਕੇ ਕੀਤੇ ਗਏ, ਉਸ ਦੇ ਬਿਲਕੁਲ ਨਾਲ ਇਕ ਪਾਸੇ ਲਸ਼ਕਰ ਚੀਫ਼ ਮੌਲਾਨਾ ਹਾਫ਼ਿਜ਼ ਸਈਦ ਅਤੇ ਦੂਜੇ ਪਾਸੇ ਉਸ ਦੀ ਸਕੀ ਭੈਣ ਅਤੇ ਅੱਤਵਾਦੀ ਆਗੂ ਅਬਦੁਲ ਰਹਿਮਾਨ ਮੱਕੀ ਦੀ ਘਰਵਾਲੀ ਦੀ ਰਿਹਾਇਸ਼ ਹੈ | ਉਸ ਨੇ ਕਿਹਾ ਕਿ ਹਮਲੇ ਵੇਲੇ ਅਮੀਰ (ਹਾਫ਼ਿਜ਼ ਸਈਦ) ਦੀ ਭੈਣ ਆਪਣੇ ਘਰ 'ਚ ਹੀ ਉਮੀਦ ਸੀ, ਪਰ ਉਸ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ | ਮੌਲਵੀ ਨੇ ਦਾਅਵੇ ਨਾਲ ਇਹ ਵੀ ਦੱਸਿਆ ਕਿ ਜਿਸ ਹਾਫ਼ਿਜ਼ ਸਈਦ ਨੂੰ ਪਾਕਿ ਸਰਕਾਰ ਵਲੋਂ ਜੇਲ੍ਹ 'ਚ ਬੰਦ ਰੱਖੇ ਜਾਣ ਦੇ ਦਾਅਵੇ ਕੀਤੇ ਜਾ ਰਹੇ ਹਨ, ਉਹ ਵਧੇਰੇਤਰ ਸਮਾਂ ਆਪਣੀ ਉਕਤ ਰਿਹਾਇਸ਼ ਜਾਂ ਮਰਕਜ਼-ਏ-ਤਾਇਬਾ ਮਦਰਸਾ ਵਿਖੇ ਹੀ ਰਹਿੰਦਾ ਹੈ | ਮੌਲਵੀ ਮੁਤਾਬਿਕ ਭਾਰਤੀ ਹਮਲੇ ਦੌਰਾਨ ਮੁਰੀਦਕੇ 'ਚ ਅੱਤਵਾਦੀ ਕਮਾਂਡਰ ਮੁਦੱਸਰ ਖੁੱਡੀਆ ਖ਼ਾਨ ਉਰਫ਼ ਅਬੂ ਜੰਦਾਲ, ਕਮਾਂਡਰ ਅਬਦੁਲ ਮਲਿਕ (ਖਾਨੇਵਾਲ), ਮੁਹੰਮਦ ਆਲਮ ਸਮੁੰਦਰੀ (ਫੈਸਲਾਬਾਦ), ਮੁਦਸਰ ਜ਼ੁਬੈਰ (ਕਸੂਰ) ਅਤੇ ਅਬੂ ਜੰਦਾਲ ਸਮੇਤ ਵੱਡੀ ਗਿਣਤੀ 'ਚ ਅੱਤਵਾਦੀ ਮਾਰੇ ਗਏ ਅਤੇ ਗੰਭੀਰ ਜ਼ਖ਼ਮੀ ਹੋਏ | ਉਸ ਨੇ ਇਹ ਵੀ ਦੱਸਿਆ ਕਿ ਸਰਕਾਰੀ ਸਹਾਇਤਾ (ਪਾਕਿਸਤਾਨੀ ਫ਼ੌਜ ਅਤੇ ਆਈ. ਐੱਸ. ਆਈ. ਵਲੋਂ ਮੁਹੱਈਆ ਕਰਵਾਈ ਗਈ ਫੰਡਿਗ) ਨਾਲ ਲਸ਼ਕਰ-ਏ-ਤਾਇਬਾ ਦੇ ਮੁੱਖ ਦਫ਼ਤਰ ਮਰਕਜ਼-ਏ-ਤਾਇਬਾ ਨੂੰ ਮੁੜ ਸਰਗਰਮ ਕਰਨ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਗਈਆਂ ਹਨ | 'ਆਪ੍ਰੇਸ਼ਨ ਸੰਧੂਰ' ਦੌਰਾਨ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਇਮਾਰਤਾਂ ਦੇ ਪੁਨਰ ਨਿਰਮਾਣ ਤੇ ਮੁਰੰਮਤ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ |
'ਆਪ੍ਰੇਸ਼ਨ ਸੰਧੂਰ' ਮੌਕੇ ਲਸ਼ਕਰ ਦੇ ਹੈੱਡਕੁਆਰਟਰ ਵਿਚ ਮੌਜੂਦ ਸੀ ਹਾਫ਼ਿਜ਼ ਸਈਦ ਦੀ ਭੈਣ
ਅਜੀਤ ਡੈਸਕ
04-02-2026