08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਪਿੰਡ ਸੈਦਖੇੜੀ ਦੇ ਨੌਜਵਾਨ ਦੀ ਦੱਖਣੀ ਕੋਰੀਆ 'ਚ ਹੱਤਿਆ

Ad Position 21
No active advertisement
ਅਜੀਤ ਡੈਸਕ 04-02-2026

ਲੁੱਟ-ਖੋਹ ਦੀ ਨੀਅਤ ਨਾਲ ਕੀਤੀ ਹੱਤਿਆ ਉਪਰੰਤ ਘਰ ਨੂੰ ਵੀ ਲਗਾਈ ਅੱਗ
ਰਾਜਪੁਰਾ, 3 ਫਰਵਰੀ (ਜੀ.ਪੀ. ਸਿੰਘ)-ਰਾਜਪੁਰਾ ਦੇ ਪਿੰਡ ਸੈਦਖੇੜੀ ਵਾਸੀ ਨੱਥਾ ਸਿੰਘ ਪੁੱਤਰ ਦਰਸ਼ਨ ਸਿੰਘ ਦੀ ਦੱਖਣੀ ਕੋਰੀਆ ਦੇ ਸਨਣ ਸ਼ਹਿਰ ਵਿਚ 29 ਜਨਵਰੀ ਦੀ ਰਾਤ ਨੂੰ ਇਕ ਹੋਰ ਪੰਜਾਬੀ ਵਲੋਂ ਲੁੱਟ-ਖੋਹ ਦੀ ਨੀਅਤ ਨਾਲ ਸਿਰ ਵਿਚ ਕੋਈ ਚੀਜ਼ ਮਾਰ ਕੇ ਹੱਤਿਆ ਕਰ ਦੇਣ ਉਪਰੰਤ ਉਸ ਦੇ ਘਰ ਨੂੰ ਵੀ ਅੱਗ ਲਗਾ ਦਿੱਤੀ ਗਈ | ਸ਼ਿੰਦਰ ਸਿੰਘ ਵਾਸੀ ਸੈਦਖੇੜੀ ਨੇ ਦੱਸਿਆ ਕਿ ਉਸ ਦਾ ਭਤੀਜਾ ਨੱਥਾ ਸਿੰਘ (45) ਪਿਛਲੇ ਇਕ ਦਹਾਕੇ ਤੋਂ ਰੁਜ਼ਗਾਰ ਲਈ ਦੱਖਣੀ ਕੋਰੀਆ ਦੇ ਸ਼ਹਿਰ ਸਨਣ ਵਿਖੇ ਰਹਿ ਕੇ ਕਿਸੇ ਫੈਕਟਰੀ ਵਿਚ ਕੰਮ ਕਰ ਰਿਹਾ ਸੀ ਅਤੇ ਅਗਲੇ ਮਹੀਨੇ ਉਸ ਨੇ ਰਾਜਪੁਰਾ ਸਥਿਤ ਆਪਣੇ ਘਰ ਵਾਪਸ ਆਉਣਾ ਸੀ ਅਤੇ ਘਰ ਵਿਚ ਰੈਨੋਵੇਸ਼ਨ ਦਾ ਕੰਮ ਚੱਲ ਰਿਹਾ ਸੀ | ਲੰਘੇ ਦਿਨੀਂ ਉਨ੍ਹਾਂ ਨੂੰ ਕੋਰੀਆ ਤੋਂ ਫ਼ੋਨ ਆਇਆ ਕਿ ਉਨ੍ਹਾਂ ਦੇ ਭਤੀਜੇ ਨੱਥਾ ਸਿੰਘ ਦਾ ਪੰਜਾਬ ਦੇ ਕਿਸੇ ਹੋਰ ਵਿਅਕਤੀ ਵਲੋਂ ਜੋ ਕਿ ਉਸ ਦੇ ਘਰ ਨੇੜੇ ਹੀ ਰਹਿੰਦਾ ਸੀ ਨੇ ਲੁੱਟ-ਖੋਹ ਦੀ ਨੀਅਤ ਨਾਲ ਘਰ ਅੰਦਰ ਵੜ੍ਹ ਕੇ ਸਿਰ ਵਿਚ ਸੱਟ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਅਤੇ ਘਰ ਨੂੰ ਵੀ ਅੱਗ ਲਗਾ ਦਿੱਤੀ ਗਈ ਹੈ | ਸ਼ਿੰਦਰ ਸਿੰਘ ਨੇ ਦੱਸਿਆ ਕਿ ਪਤਾ ਲੱਗਾ ਹੈ ਕਿ ਨੱਥਾ ਸਿੰਘ ਦਾ ਹੱਤਿਆਰਾ ਪਾਤੜਾਂ ਦਾ ਰਹਿਣ ਵਾਲਾ ਕੋਈ ਬਜਾਜ ਨਾਂਅ ਦਾ ਵਿਅਕਤੀ ਹੈ ਅਤੇ ਉਸ ਦੀ ਨੱਥਾ ਸਿੰਘ ਦੇ ਹੱਥਾਂ ਅਤੇ ਗਲੇ ਵਿਚ ਪਾਏ ਸੋਨੇ ਦੇ ਗਹਣਿਆਂ ਨੂੰ ਦੇਖ ਕੇ ਨੀਅਤ ਖ਼ਰਾਬ ਹੋ ਗਈ ਤੇ ਉਸ ਨੇ ਲੁੱਟ-ਖੋਹ ਕਰਨ ਦੀ ਨੀਅਤ ਨਾਲ ਨੱਥਾ ਸਿੰਘ ਦੀ ਹੱਤਿਆ ਕਰ ਦਿੱਤੀ ਅਤੇ ਬਾਅਦ 'ਚ ਉਸ ਦੇ ਘਰ ਨੂੰ ਵੀ ਅੱਗ ਲਗਾ ਦਿੱਤੀ | ਨੱਥਾ ਸਿੰਘ ਆਪਣੇ ਪਿੱਛੇ ਆਪਣੀ ਪਤਨੀ ਕੁਲਵਿੰਦਰ ਕੌਰ, ਦੋ ਬੇਟੇ ਜਸਕਰਨ ਸਿੰਘ, ਅਸ਼ਵਿੰਦਰ ਸਿੰਘ ਅਤੇ ਇਕ ਬੇਟੀ ਅਮਨਦੀਪ ਕੌਰ ਨੂੰ ਛੱਡ ਗਿਆ ਹੈ | ਉਨ੍ਹਾਂ ਦੱਸਿਆ ਕਿ ਪਰਿਵਾਰ ਦੇ ਜੀਅ ਇਕ ਦੋ ਦਿਨਾਂ ਤੱਕ ਕਾਗਜ਼ਾਤ ਮੁਕੰਮਲ ਹੋਣ ਤੋਂ ਬਾਅਦ ਅੰਤਿਮ ਰਸਮਾਂ ਲਈ ਦੱਖਣੀ ਕੋਰੀਆ ਜਾ ਰਹੇ ਹਨ ਅਤੇ ਉਥੇ ਹੀ ਨੱਥਾ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ ਅਤੇ ਉਸ ਦੀ ਅੰਤਿਮ ਅਰਦਾਸ ਪਿੰਡ ਸੈਦਖੇੜੀ ਵਿਖੇ ਕਰਵਾਈ ਜਾਵੇਗੀ | ਪਿੰਡ ਦੇ ਸਰਪੰਚ ਪਰਮਜੀਤ ਸਿੰਘ ਤੇ ਕਾਂਗਰਸ ਦੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਰਬਜੋਤ ਸਿੰਘ ਸੈਦਖੇੜੀ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਦੱਖਣੀ ਕੋਰੀਆ ਸਥਿਤ ਭਾਰਤ ਦੇ ਰਾਜਦੂਤ ਰਾਹੀਂ ਦੱਖਣੀ ਕੋਰੀਆ ਦੀ ਸਰਕਾਰ ਨਾਲ ਸੰਪਰਕ ਕਰਕੇ ਹੱਤਿਆਰੇ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਉਣ ਲਈ ਯਤਨ ਕਰਨ |

Ad Position 22
No active advertisement
ਪਿਛਲੀ ਖ਼ਬਰ ਮਨਦੀਪ ਸਿੰਘ ਲਾਚੋਵਾਲ ਨਿਗਰਾਨ ਇੰਜੀਨੀਅਰ ਵਜੋਂ ਪਦ ਉੱਨਤ ਅਗਲੀ ਖ਼ਬਰ 'ਆਪ੍ਰੇਸ਼ਨ ਸੰਧੂਰ' ਮੌਕੇ ਲਸ਼ਕਰ ਦੇ ਹੈੱਡਕੁਆਰਟਰ ਵਿਚ ਮੌਜੂਦ ਸੀ ਹਾਫ਼ਿਜ਼ ਸਈਦ ਦੀ ਭੈਣ
Ad Position 24