ਹੁਸ਼ਿਆਰਪੁਰ, 3 ਫਰਵਰੀ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਹੁਸ਼ਿਆਰਪੁਰ-ਦਸੂਹਾ ਰੋਡ 'ਤੇ ਪੈਂਦੇ ਪਿੰਡ ਸਤੌਰ ਵਿਖੇ ਇਕ ਬੁਟੀਕ ਦੀ ਦੁਕਾਨ 'ਤੇ ਅਚਾਨਕ ਅੱਗ ਲੱਗਣ ਉਪਰੰਤ ਗੈਸ ਸਿਲੰਡਰ ਫੱਟ ਗਿਆ, ਜਿਸ ਦੇ ਚਲਦਿਆਂ ਮਾਂ-ਧੀ ਅਤੇ ਅੱਗ ਬੁਝਾਊ ਵਿਭਾਗ ਦੇ 2 ਕਰਮਚਾਰੀਆਂ ਸਮੇਤ 5 ਵਿਅਕਤੀ ਝੁਲਸ ਗਏ। ਜਾਣਕਾਰੀ ਅਨੁਸਾਰ ਅੱਜ ਸਵੇਰੇ ਕਰੀਬ 8 ਵਜੇ ਪਿੰਡ ਸਤੌਰ ਦੇ ਬਾਹਰਵਾਰ ਬਣੀ ਸੈਣੀ ਬੁਟੀਕ ਨਾਂਅ ਦੀ ਦੁਕਾਨ ਨੂੰ ਮਨਦੀਪ ਕੌਰ (25) ਪੁੱਤਰੀ ਅਮਰਜੀਤ ਸਿੰਘ ਤੇ ਉਸ ਦੀ ਮਾਂ ਰਾਜਵੀਰ ਕੌਰ (45) ਨੇ ਖੋਲ੍ਹਿਆ ਅਤੇ ਜਦੋਂ ਉਨ੍ਹਾਂ ਦੁਕਾਨ ਅੰਦਰ ਬਿਜਲੀ ਦਾ ਸਵਿੱਚ ਆਨ ਕੀਤਾ ਤਾਂ ਇਕਦਮ ਬੁਟੀਕ 'ਚ ਭਿਆਨਕ ਅੱਗ ਲੱਗ ਗਈ ਅਤੇ ਉਹ ਦੋਵੇਂ ਅੱਗ ਦੀ ਲਪੇਟ 'ਚ ਆ ਗਈਆਂ। ਘਟਨਾ ਦਾ ਪਤਾ ਲੱਗਣ 'ਤੇ ਨਾਲ ਲੱਗਦੀ ਦੁਕਾਨ ਦੇ ਮਾਲਕ ਤੇ ਹੋਰਨਾਂ ਵਲੋਂ ਉਕਤ ਮਾਂ-ਧੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ। ਬੁਰੀ ਤਰ੍ਹਾਂ ਅੱਗ ਦੀ ਲਪੇਟ 'ਚ ਆਈਆਂ ਮਾਂ-ਧੀ ਨੂੰ ਨਜ਼ਦੀਕ ਸੜਕ ਨਾਲ ਵਗਦੀ ਆਡ ਦੇ ਪਾਣੀ 'ਚ ਸੁੱਟ ਕੇ ਬੜੀ ਮੁਸ਼ਕਿਲ ਨਾਲ ਅੱਗ ਬੁਝਾਈ ਗਈ। ਇਸੇ ਦੌਰਾਨ ਉਨ੍ਹਾਂ ਨੂੰ ਬਚਾਉਂਦੇ ਹੋਏ ਪਿੰਡ ਦੇ ਵਾਸੀ ਗੁਰਨਾਮ ਸਿੰਘ ਪੁੱਤਰ ਸੋਹਣ ਸਿੰਘ ਦੇ ਹੱਥ ਵੀ ਝੁਲਸ ਗਏ, ਜਿਨ੍ਹਾਂ ਨੂੰ ਤੁਰੰਤ ਹੁਸ਼ਿਆਰਪੁਰ ਦੇ ਇਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਇਸੇ ਦੌਰਾਨ ਅੱਗ ਲੱਗਣ ਦੀ ਸੂਚਨਾ ਅੱਗ ਬੁਝਾਊ ਵਿਭਾਗ ਵਿਭਾਗ ਨੂੰ ਦਿੱਤੀ ਗਈ, ਜਿਸ 'ਤੇ ਅੱਗ ਬੁਝਾਊ ਵਿਭਾਗ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਜਦੋਂ ਹੀ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਤਾਂ ਅਚਾਨਕ ਦੁਕਾਨ 'ਚ ਗੈਸ ਸਿਲੰਡਰ ਫਟਣ ਨਾਲ ਜ਼ੋਰਦਾਰ ਧਮਾਕਾ ਹੋ ਗਿਆ ਅਤੇ ਵਿਭਾਗ ਦੇ ਦੋ ਮੁਲਾਜ਼ਮ ਮਨਜੀਤ ਸਿੰਘ ਤੇ ਪਰਮਜੀਤ ਸਿੰਘ ਵੀ ਅੱਗ ਦੀ ਲਪੇਟ 'ਚ ਆ ਗਏ, ਜਿਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਦਾਖਲ ਕਰਵਾਇਆ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਕੈਬਨਿਟ ਮੰਤਰੀ ਤੇ ਹਲਕਾ ਵਿਧਾਇਕ ਡਾ. ਰਵਜੋਤ ਸਿੰਘ, ਵਿਧਾਇਕ ਬ੍ਰਹਮ ਸ਼ੰਕਰ ਜਿੰਪਾ, ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਜ਼ਖ਼ਮੀਆਂ ਦਾ ਹਾਲ-ਚਾਲ ਪੁੱਛਣ ਲਈ ਸਿਵਲ ਹਸਪਤਾਲ ਅਤੇ ਕੇ.ਡੀ.ਐਮ. ਹਸਪਤਾਲ ਪਹੁੰਚੇ। ਡਾ. ਰਵਜੋਤ ਸਿੰਘ ਨੇ ਦੱਸਿਆ ਕਿ ਪਿੰਡ ਸਤੌਰ 'ਚ ਇਕ ਬੁਟੀਕ ਦੀ ਦੁਕਾਨ 'ਚ ਗੈਸ ਸਿਲੰਡਰ ਦੀ ਲੀਕਿਜ਼ ਨਾਲ ਲੱਗੀ ਅੱਗ ਤੇ ਸਿਲੰਡਰ ਫਟਣ ਨਾਲ ਜ਼ਖ਼ਮੀ ਹੋਏ ਵਿਅਕਤੀਆਂ ਦੇ ਇਲਾਜ ਲਈ ਉਨ੍ਹਾਂ ਵਲੋਂ ਹਰ ਸੰਭਵ ਮਦਦ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਅੱਗ ਲੱਗਣ ਨਾਲ ਦੁਕਾਨ ਦੇ ਹੋਏ ਨੁਕਸਾਨ ਲਈ ਵੀ ਆਰਥਿਕ ਮਦਦ ਕੀਤੀ ਜਾਵੇਗੀ।
ਬੁਟੀਕ 'ਚ ਅੱਗ ਲੱਗਣ ਉਪਰੰਤ ਫਟਿਆ ਗੈਸ ਸਿਲੰਡਰ, ਮਾਂ-ਧੀ ਸਮੇਤ 5 ਝੁਲਸੇ
ਅਜੀਤ ਡੈਸਕ
04-02-2026