ਸ੍ਰੀ ਅਨੰਦਪੁਰ ਸਾਹਿਬ, 21 ਫਰਵਰੀ (ਕਰਨੈਲ ਸਿੰਘ, ਜੇ ਐਸ ਨਿੱਕੂਵਾਲ)-ਨਿਰਮਲ ਭੇਖ ਸੰਤ ਸਮਾਜ ਵਲੋਂ ਪੁਰਾਤਨ ਰਵਾਇਤਾਂ ਅਨਸਾਰ ਇਸ ਵਾਰ ਵੀ 2 ਮਾਰਚ ਨੂੰ ਹੋਲਾ ਮਹੱਲਾ ਦੀ ਆਰੰਭਤਾਂ ਮੌਕੇ ਗੁਰਦੁਆਰਾ ਟਿੱਬਾ ਸਾਹਿਬ ਚੱਕ ਹੋਲਗੜ੍ਹ ਸ੍ਰੀ ਅਨੰਦਪੁਰ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨਮਾਈ ਅਤੇ ਪੰਜ ਪਿਆਰਿਆਂ ਦੀ ਅਗਵਾਈ 'ਚ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ | ਇਸ ਨਗਰ ਕੀਰਤਨ ਸੰਬੰਧੀ ਨਿਰਮਲ ਭੇਖ ਸੰਤ ਸਮਾਜ ਦੇ ਆਗੂ ਸੰਤ ਬਾਬਾ ਕਰਮਜੀਤ ਸਿੰਘ ਅਤੇ ਸੰਤ ਬਾਬਾ ਬਲਬੀਰ ਸਿੰਘ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ 2 ਮਾਰਚ ਨੂੰ ਡੇਰਾ ਗੁਰਦੁਆਰਾ ਟਿੱਬਾ ਸਾਹਿਬ ਤੋਂ ਨਗਰ ਕੀਰਤਨ ਸਵੇਰੇ 9 ਵਜੇ ਆਰੰਭ ਹੋ ਕੇ ਨੰਗਲ-ਸ੍ਰੀ ਅਨੰਦਪੁਰ ਸਾਹਿਬ ਮੁੱਖ ਮਾਰਗ ਤੋਂ ਹੋ ਕੇ ਬਸ ਅੱਡਾ, ਪੰਜ ਪਿਆਰਾ ਪਾਰਕ, ਸੰਤ ਬਾਬਾ ਸੰਤੋਖ ਸਿੰਘ ਪਾਲਦੀ ਵਾਲਿਆਂ ਦੇ ਅਸਥਾਨ 'ਤੇ ਹੁੰਦਾ ਹੋਇਆ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪਹੁੰਚ ਕੇ ਸੰਪੂਰਨ ਹੋਵੇਗਾ | ਉਨ੍ਹਾਂ ਦੱਸਿਆ ਕਿ 27 ਫਰਵਰੀ, 2026 ਨੂੰ ਡੇਰਾ ਗੁਰਦੁਆਰਾ ਟਿੱਬਾ ਸਾਹਿਬ ਚੱਕ ਹੋਲਗੜ੍ਹ ਵਿਖੇ ਹੋਲਾ ਮਹੱਲੇ ਸੰਬੰਧੀ ਧਾਰਮਿਕ ਸਮਾਗਮਾਂ ਦੀ ਸ਼ੁਰੂਆਤ ਅਖੰਡ ਪਾਠਾਂ ਦੀ ਲੜੀ ਦੀ ਆਰੰਭਤਾ ਨਾਲ ਹੋਵੇਗੀ, ਜਿਸ ਦੀ ਸੰਪੂਰਨਤਾ 5 ਮਾਰਚ ਨੂੰ ਹੋਵੇਗੀ | ਉਨ੍ਹਾਂ ਦੱਸਿਆ ਕਿ ਇਸ ਦੌਰਾਨ ਗੁਰਦੁਆਰਾ ਸਾਹਿਬ ਵਿਖੇ ਧਾਰਮਿਕ ਦੀਵਾਨਾਂ 'ਚ ਪੰਥ ਪ੍ਰਸਿੱਧ ਕੀਰਤਨੀ, ਢਾਡੀ, ਕਵਿਸ਼ਰੀ ਜਥਿਆਂ ਅਤੇ ਹੋਰ ਸਖਸ਼ੀਅਤਾਂ ਵਲੋਂ ਸੰਗਤਾਂ ਨੁੂੰ ਗੁਰਬਾਣੀ ਸਬਦ ਕੀਰਤਨ, ਸਿੱਖ ਇਤਿਹਾਸ ਅਤੇ ਕਥਾ ਵਿਚਾਰਾਂ ਨਾਲ ਨਿਹਾਲ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਮੇਲੇ ਦੌਰਾਨ ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ 'ਚ ਆਉਂਦੀਆਂ ਸੰਗਤਾਂ ਦੀ ਰਿਹਾਇਸ, ਲੰਗਰ ਆਦਿ ਦੇ ਪ੍ਰਬੰਧ ਕੀਤੇ ਜਾ ਰਹੇ ਹਨ | ਕਿਸੇ ਵੀ ਸਰਧਾਲੂ ਨੂੰ ਕਿਸੇ ਵੀ ਤਰ੍ਹਾਂ ਦੇ ਮੁਸ਼ਕਲ ਪੇਸ ਨਹੀਂ ਆਉਣ ਦਿੱਤੀ ਜਾਵੇਗੀ | ਇਸ ਮੌਕੇ ਭਾਈ ਛਿੰਦਾ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਸੰਗਤਾਂ ਹਾਜ਼ਰ ਸਨ |