ਨਵੇਂ ਗਿਆਨ ਨਾਲ ਜੁੜ ਕੇ ਹੀ ਪੰਜਾਬੀ ਭਾਸ਼ਾ ਤਰੱਕੀ ਕਰ ਸਕਦੀ ਹੈ-ਡਾ. ਜਗਦੀਪ ਸਿੰਘਪਟਿਆਲਾ, 21 ਫਰਵਰੀ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਵਲੋਂ ਅੰਤਰਰਾਸ਼ਟਰੀ ਮਾਂ-ਬੋਲੀ ਦਿਹਾੜੇ ਨੂੰ ਸਮਰਪਿਤ ਸ਼ਾਨਦਾਰ ਸਮਾਗਮਾਂ ਦੀ ਲੜੀ ਵਿਚ ਗਿਆਨੀ ਲਾਲ ਸਿੰਘ ਯਾਦਗਾਰੀ ਭਾਸ਼ਣ ਸੈਨੇਟ ਹਾਲ ਵਿਚ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਕਰਦਿਆਂ ਉਪ ਕੁਲਪਤੀ ਡਾ. ਜਗਦੀਪ ਸਿੰਘ ਨੇ ਕਿਹਾ ਕਿ ਨਵੇਂ ਗਿਆਨ ਨਾਲ ਜੁੜ ਕੇ ਹੀ ਕੋਈ ਭਾਸ਼ਾ ਤਰੱਕੀ ਕਰ ਸਕਦੀ ਹੈ, ਇਸ ਲਈ ਸਾਨੂੰ ਨਵੇਂ ਗਿਆਨਾਂ ਲਈ ਹਮੇਸ਼ਾਂ ਰਸਤੇ ਖੁੱਲ੍ਹੇ ਰੱਖਣੇ ਚਾਹੀਦੇ ਹਨ | ਗਿਆਨੀ ਲਾਲ ਸਿੰਘ ਭਾਸ਼ਣ ਦੇਣ ਲਈ ਮੁੱਖ ਬੁਲਾਰੇ ਵਜੋਂ ਪੁੱਜੇ ਡਾ. ਵਰਿਆਮ ਸਿੰਘ ਸੰਧੂ ਨੇ ਗਿਆਨੀ ਲਾਲ ਸਿੰਘ ਵਲੋਂ ਕੀਤੇ ਯਤਨਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਬਹੁਤ ਵੱਡੇ ਦਿ੍ਸ਼ਟੀਕੋਣ ਵਾਲੀ ਸ਼ਖ਼ਸੀਅਤ ਸਨ | ਡੀਨ, ਅਕਾਦਮਿਕ ਮਾਮਲੇ ਡਾ. ਜਸਵਿੰਦਰ ਸਿੰਘ ਬਰਾੜ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਨਾਲ ਜੁੜੇ ਕਾਰਜ ਪਹਿਲਤਾ ਦੇ ਆਧਾਰ 'ਤੇ ਕਰੇਗੀ | ਵਿਭਾਗ ਦੇ ਮੁਖੀ ਡਾ. ਗੁਰਸੇਵਕ ਸਿੰਘ ਲੰਬੀ ਨੇ ਕਿਹਾ ਕਿ ਗਿਆਨੀ ਲਾਲ ਸਿੰਘ ਦਾ ਪੰਜਾਬੀ ਭਾਸ਼ਾ ਦੇ ਵਿਕਾਸ ਵਿਚ ਅਹਿਮ ਯੋਗਦਾਨ ਹੈ | ਉਹਨਾਂ ਨੇ ਪੰਜਾਬੀ ਯੂਨੀਵਰਸਿਟੀ ਦੀ ਸਥਾਪਨਾ ਵਿਚ ਅਹਿਮ ਭੂਮਿਕਾ ਨਿਭਾਈ | ਗਿਆਨੀ ਲਾਲ ਸਿੰਘ ਦੇ ਵੱਡੇ ਪੁੱਤਰ ਡਾ. ਨਰਿੰਦਰ ਸਿੰਘ ਬਰਾੜ ਨੇ ਪੰਜਾਬੀ ਯੂਨੀਵਰਸਿਟੀ ਦਾ ਧੰਨਵਾਦ ਕਰਦਿਆਂ ਤਸੱਲੀ ਪ੍ਰਗਟ ਕੀਤੀ ਕਿ ਹਰ ਸਾਲ ਮਾਤ-ਭਾਸ਼ਾ ਦੇ ਦਿਨ ਉਨ੍ਹਾਂ ਦੇ ਪਿਤਾ ਜੀ ਦੀ ਦੇਣ ਨੂੰ ਯਾਦ ਕੀਤਾ ਜਾਂਦਾ ਹੈ | ਇਸ ਮੌਕੇ ਯੂਨੀਵਰਸਿਟੀ ਦੀ ਵਿਦਿਆਰਥਣ ਮੰਨਤ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ, ਜੋ ਵਾਈਸ-ਆਫ਼-ਪੰਜਾਬ 16 ਦੀ ਜੇਤੂ ਰਹੀ | ਡਾ. ਬਲਵਿੰਦਰ ਕੌਰ ਸਿੱਧੂ ਡੀਨ ਭਾਸ਼ਾਵਾਂ ਨੇ ਧੰਨਵਾਦੀ ਸ਼ਬਦ ਸਾਂਝੇ ਕੀਤੇ | ਇਸ ਸਮਾਗਮ ਦੀ ਦੂਜੀ ਕੜੀ 'ਚ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਅਤੇ ਪੰਜਾਬੀ ਵਿਭਾਗ ਵਲੋਂ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਦੇ ਭਾਸ਼ਣ, ਕਾਵਿ-ਉਚਾਰਣ, ਕਾਵਿ-ਗਾਇਨ ਆਦਿ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਦਾ ਪ੍ਰਬੰਧਨ ਸਾਂਝੇ ਤੌਰ 'ਤੇ ਡਾ. ਰਾਜਵੰਤ ਕੌਰ ਪੰਜਾਬੀ ਅਤੇ ਡਾ. ਗੁਰਸੇਵਕ ਸਿੰਘ ਲੰਬੀ ਨੇ ਕੀਤਾ | ਡਾ. ਮੋਹਨ ਤਿਆਗੀ, ਡਾ. ਅਜੈ ਸ਼ਰਮਾ ਅਤੇ ਡਾ. ਵਰਿੰਦਰ ਕੌਰ ਨੇ ਜੱਜਾਂ ਦੀ ਭੂਮਿਕਾ ਨਿਭਾਈ | ਇਨ੍ਹਾਂ ਮੁਕਾਬਲਿਆਂ ਦੌਰਾਨ ਡਾ. ਬਲਵਿੰਦਰ ਕੌਰ ਸਿੱਧੂ ਨੇ ਪ੍ਰਧਾਨਗੀ ਕੀਤੀ | ਇਸ ਮੌਕੇ ਡਾ. ਦਵਿੰਦਰਪਾਲ ਸਿੰਘ ਸਿੱਧੂ, ਰਜਿਸਟਰਾਰ, ਡਾ. ਰਿਤੂ ਲਹਿਲ, ਡੀਨ, ਰਿਸਰਚ, ਡਾ. ਮਿੰਨੀ, ਐਸੋਸੀਏਟ, ਡੀਨ, ਰਿਸਰਚ, ਡਾ. ਰਾਜਿੰਦਰ ਪਾਲ ਸਿੰਘ ਬਰਾੜ, ਡਾ. ਚਰਨਜੀਤ ਕੌਰ, ਡਾ. ਬਲਦੇਵ ਸਿੰਘ ਧਾਲੀਵਾਲ, ਡਾ. ਰਾਜਿੰਦਰ ਲਹਿਰੀ, ਡਾ. ਸੁਰਜੀਤ ਸਿੰਘ ਭੱਟੀ, ਡਾ. ਸੁਰਜੀਤ ਸਿੰਘ, ਡਾ. ਰਾਜਵੰਤ ਕੌਰ ਪੰਜਾਬੀ, ਡਾ. ਧਰਮਜੀਤ ਸਿੰਘ, ਡਾ. ਓਾਕਾਰ ਸਿੰਘ ਵੜੈਚ, ਡਾ. ਗੁਰਸੇਵਕ ਸਿੰਘ ਸਿੱਧੂ, ਡਾ. ਵਰਿੰਦਰ, ਡਾ. ਜਸਵੀਰ ਕੌਰ, ਡਾ. ਰਾਜਮਹਿੰਦਰ ਕੌਰ ਆਦਿ ਮੌਜੂਦ ਸਨ |