ਭੁੱਚੋ ਮੰਡੀ (ਬਠਿੰਡਾ), 22 ਫਰਵਰੀ (ਪਰਵਿੰਦਰ ਸਿੰਘ ਜੌੜਾ)-ਨਜ਼ਦੀਕੀ ਪਿੰਡ ਬੁਰਜ ਕਾਹਨ ਸਿੰਘ ਵਾਲਾ ਵਿਖੇ ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਨੌਜਵਾਨ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਹਾਲਾਂਕਿ, ਪੀੜ੍ਹਤ ਪਰਿਵਾਰ ਵਲੋਂ ਇਸ ਨੂੰ ਦਿਲ ਦਾ ਦੌਰਾ ਪੈਣ ਜਾਂ ਦਿਮਾਗ਼ ਦੀ ਨਾੜੀ ਫਟਣ ਨਾਲ ਹੋਈ ਮੌਤ ਦੱਸਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਬੀਤੀ ਦੇਰ ਸ਼ਾਮ ਕਰੀਬ 8.30 ਵਜੇ ਭੁੱਚੋ ਪੁਲਿਸ ਨੂੰ ਬੁਰਜ ਕਾਹਨ ਸਿੰਘ ਵਾਲਾ ਦੇ ਸ਼ਮਸ਼ਾਨਘਾਟ ਵਾਲੇ ਰਾਹ 'ਤੇ ਕਿਸੇ ਵਿਅਕਤੀ ਦੇ ਸ਼ੱਕੀ ਹਾਲਤ ਵਿਚ ਡਿੱਗੇ ਪਏ ਹੋਣ ਦੀ ਸੂਚਨਾ ਮਿਲੀ ਸੀ। ਪੁਲਿਸ ਨੇ ਮੌਕੇ 'ਤੇ ਜਾ ਕੇ ਵੇਖਿਆ ਤਾਂ ਨੌਜਵਾਨ ਦੇ ਮੂੰਹ ਵਿਚੋਂ ਝੱਗ ਅਤੇ ਨੱਕ ਵਿਚੋਂ ਖੂਨ ਵਗਿਆ ਹੋਇਆ ਸੀ। ਨੌਜਵਾਨ ਨੂੰ ਸਿਵਲ ਹਸਪਤਾਲ ਬਠਿੰਡਾ ਵਿਖੇ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਪਛਾਣ ਹਰਮੀਤ ਸਿੰਘ ਉਰਫ਼ ਰਿੰਕੂ (40) ਪੁੱਤਰ ਹਰਨੇਕ ਸਿੰਘ ਵਾਸੀ ਬੁਰਜ ਕਾਹਨ ਸਿੰਘ ਵਾਲਾ ਵਜੋਂ ਹੋਈ। ਮ੍ਰਿਤਕ ਦੀ ਪਤਨੀ ਪਰਮਜੀਤ ਕੌਰ ਨੇ ਭੁੱਚੋ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿਚ ਸਵੀਕਾਰਿਆ ਹੈ ਕਿ ਉਸ ਦਾ ਪਤੀ ਨਸ਼ੇ ਕਰਨ ਦਾ ਆਦੀ ਸੀ ਅਤੇ ਉਸ ਨੂੰ ਨਸ਼ਾ ਛੁਡਾਉਣ ਲਈ ਹਸਪਤਾਲ ਦਾਖ਼ਲ ਵੀ ਕਰਵਾਇਆ ਗਿਆ ਸੀ। ਇਹ ਵੀ ਕਿ ਨਸ਼ਾ ਕਰਨ ਲਈ ਉਹ ਝਗੜਾ ਵੀ ਕਰਦਾ ਸੀ ਅਤੇ ਮਾਨਸਿਕ ਪ੍ਰੇਸ਼ਾਨੀ ਵਿਚ ਰਹਿੰਦਾ ਸੀ, ਜਿਸ ਕਾਰਨ ਉਹ ਆਪਣੇ ਪਤੀ ਨੂੰ ਛੱਡ ਕੇ ਜਨਵਰੀ 2026 ਨੂੰ ਪੇਕੇ ਘਰ ਮਾਨਸਾ ਵਿਖੇ ਚਲੀ ਗਈ ਸੀ। ਪਰਮਜੀਤ ਕੌਰ ਨੇ ਦੱਸਿਆ ਕਿ ਉਸ ਦੇ ਪਤੀ ਕੋਲ ਲਾਇਸੰਸੀ ਰਿਵਾਲਵਰ ਵੀ ਸੀ, ਦੀ ਪੜਤਾਲ ਕੀਤੀ ਜਾਣੀ ਚਾਹੀਦੀ ਹੈ।
ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਨੌਜਵਾਨ ਦੀ ਮੌਤ
ਅਜੀਤ ਡੈਸਕ
23-02-2026