ਨਵੀਂ ਦਿੱਲੀ, 22 ਫਰਵਰੀ (ਜਗਤਾਰ ਸਿੰਘ)-ਅਖਿਲ ਭਾਰਤੀ ਦੰਗਾ ਪੀੜਤ ਰਾਹਤ ਕਮੇਟੀ-1984 ਵਲੋਂ ਰਾਜਧਾਨੀ ਦਿੱਲੀ ਵਿਚ ਸਿੱਖ ਕਤਲੇਆਮ ਦੀ ਯਾਦਗਾਰ ਸਥਾਪਿਤ ਕਰਨ ਦੀ ਮੰਗ ਨੂੰ ਮੁੜ ਦੁਹਰਾਇਆ ਹੈ | ਰਾਹਤ ਕਮੇਟੀ ਦੇ ਮੁਖੀ ਜਥੇ. ਕੁਲਦੀਪ ਸਿੰਘ ਭੋਗਲ ਤੇ ਸਕੱਤਰ ਜਨਰਲ ਰਵਿੰਦਰ ਸਿੰਘ ਖੁਰਾਨਾ ਨੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸੰਬੰਧਿਤ ਵਿਭਾਗ ਨੂੰ ਇਹ ਨਿਰਦੇਸ਼ ਜਾਰੀ ਕਰਨ ਕਿ 1984 ਕਤਲੇਆਮ ਦੀ ਯਾਦਗਾਰ ਸਥਾਪਿਤ ਕਰਨ ਲਈ ਦਿੱਲੀ ਵਿਚ ਕੋਈ ਢੁੱਕਵੀਂ ਥਾਂ ਦੀ ਭਾਲ ਕੀਤੀ ਜਾਵੇ | ਭੋਗਲ ਤੇ ਖੁਰਾਨਾ ਨੇ ਦੱਸਿਆ ਕਿ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਆਪਣੇ ਕਾਰਜਕਾਲ ਸਮੇਂ ਵਾਅਦਾ ਕੀਤਾ ਸੀ ਕਿ ਜਦੋਂ ਕਦੀ ਦੇਸ਼ ਵਿਚ ਭਾਜਪਾ ਦੀ ਪੂਰਨ ਬਹੁਮਤ ਵਾਲੀ ਸਰਕਾਰ ਬਣੇਗੀ ਤਾਂ ਸਿੱਖਾਂ ਨੂੰ 1984 ਕਤਲੇਆਮ ਦਾ ਪੂਰਾ ਇਨਸਾਫ਼ ਦਿਵਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਬੇਸ਼ੱਕ ਮੋਦੀ ਸਰਕਾਰ ਬਣਨ ਤੋਂ ਬਾਅਦ ਕਈ ਕਾਤਲਾਂ ਨੂੰ ਜੇਲ੍ਹਾਂ ਵਿਚ ਡੱਕਿਆ ਗਿਆ ਹੈ ਪਰ ਕਈ ਹਾਲੇ ਵੀ ਬਾਹਰ ਹਨ |