ਸਮਾਣਾ, 24 ਫਰਵਰੀ (ਹਰਵਿੰਦਰ ਸਿੰਘ ਟੋਨੀ)-ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਨੂੰ ਲੈ ਕੇ ਪਿਛਲੇ 16 ਮਹੀਨਿਆਂ ਤੋਂ ਬੀ.ਐੱਸ.ਐਨ.ਐੱਲ. ਟਾਵਰ 'ਤੇ ਮੋਰਚਾ ਲਗਾਈ ਬੈਠੇ ਭਾਈ ਗੁਰਜੀਤ ਸਿੰਘ ਖ਼ਾਲਸਾ ਦੀ ਮੰਗ 'ਤੇ ਸਰਕਾਰ ਨੇ ਅਜੇ ਤੱਕ ਕੋਈ ਫ਼ੈਸਲਾ ਨਹੀਂ ਲਿਆ, ਜਿਸ ਦੇ ਵਿਰੋਧ ਵਿਚ ਟਾਵਰ ਮੋਰਚੇ ਦੀਆਂ ਸਿੱਖ ਸੰਗਤਾਂ ਤੇ ਹੋਰ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਨੇ ਅੱਜ ਟਾਵਰ ਮੋਰਚੇ ਵਾਲੇ ਪਾਰਕ ਵਿਚ ਵੱਡੀ ਗਿਣਤੀ ਵਿਚ ਇਕੱਠੇ ਹੋ ਕੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ | ਪ੍ਰਦਰਸ਼ਨ ਕਰ ਰਹੇ ਸਿੱਖ ਜਥੇਬੰਦੀਆਂ ਦੇ ਆਗੂਆਂ ਨੂੰ ਜਦੋਂ ਇਹ ਪਤਾ ਲੱਗਾ ਕਿ ਸਮਾਣਾ ਪੁਲਿਸ ਪ੍ਰਸ਼ਾਸਨ ਵਲੋਂ ਟਾਵਰ ਮੋਰਚਾ ਪਾਰਕ ਵਿਚ ਪਹੁੰਚ ਰਹੀਆਂ ਸਿੱਖ ਸੰਗਤਾਂ ਨੂੰ ਰਸਤੇ ਵਿਚ ਹੀ ਰੋਕਿਆ ਜਾ ਰਿਹਾ ਹੈ ਅਤੇ ਸ਼ਹਿਰ ਵਿਚ ਟਰੈਕਟਰ-ਟਰਾਲੀਆਂ 'ਤੇ ਆਉਣ ਵਾਲੇ ਲੋਕਾਂ ਨੂੰ ਵੀ ਪਾਰਕ ਤੱਕ ਨਾ ਪਹੁੰਚਣ ਲਈ ਵੱਖ ਵੱਖ ਸੜਕਾਂ 'ਤੇ ਮਿੱਟੀ ਦੇ ਭਰੇ ਟਿੱਪਰ ਲਗਾ ਕੇ ਰਸਤਿਆਂ ਨੂੰ ਬੰਦ ਕੀਤਾ ਹੋਇਆ ਹੈ | ਇਸ 'ਤੇ ਸਿੱਖ ਜਥੇਬੰਦੀਆਂ ਦਾ ਰੋਹ ਵਧ ਗਿਆ ਅਤੇ ਉਨ੍ਹਾਂ ਨੇ ਇਕੱਠੇ ਹੋ ਕੇ ਸਮਾਣਾ ਦੇ ਬਾਬਾ ਬੰਦਾ ਸਿੰਘ ਬਹਾਦਰ ਚੌਕ ਵਿਚ ਧਰਨਾ ਦੇਣ ਦਾ ਐਲਾਨ ਕੀਤਾ, ਜਿਉਂ ਹੀ ਪਾਰਕ ਵਿਚ ਇਕੱਠੇ ਹੋਏ ਸਿੱਖ ਤੇ ਹੋਰ ਧਾਰਮਿਕ ਜਥੇਬੰਦੀਆਂ ਦੇ ਆਗੂ ਬਾਬਾ ਬੰਦਾ ਸਿੰਘ ਬਹਾਦਰ ਚੌਕ ਲਈ ਕੂਚ ਕਰਨ ਲੱਗੇ ਤਾਂ ਸਮਾਣਾ ਪੁਲਿਸ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਚੌਕ 'ਚ ਜਾਣ ਤੋਂ ਰੋਕਣ ਲਈ ਧੱਕਾਮੁੱਕੀ ਕੀਤੀ, ਜਿਸ ਦੌਰਾਨ ਕਈ ਕਿਸਾਨਾਂ ਤੇ ਪੁਲਿਸ ਮੁਲਾਜ਼ਮਾਂ ਦੇ ਸੱਟਾਂ ਵੀ ਲੱਗੀਆਂ | ਕਿਸਾਨ ਆਗੂ ਹੌਲੀ-ਹੌਲੀ ਗਲੀਆਂ ਰਾਹੀਂ ਹੁੰਦੇ ਹੋਏ ਬਾਬਾ ਬੰਦਾ ਸਿੰਘ ਬਹਾਦਰ ਚੌਕ ਵਿਚ ਪਹੁੰਚ ਗਏ, ਜਿਥੇ ਜਾ ਕੇ ਉਨ੍ਹਾਂ ਨੇ ਇਕ ਵਿਸ਼ਾਲ ਧਰਨਾ ਲਗਾ ਕੇ ਸੜਕ 'ਤੇ ਜਾਮ ਲਗਾ ਦਿੱਤਾ, ਜਿਸ ਕਾਰਨ ਪਟਿਆਲਾ-ਹਿਸਾਰ ਰੋਡ, ਸਮਾਣਾ-ਸੰਗਰੂਰ ਰੋਡ, ਸਮਾਣਾ-ਭਵਾਨੀਗੜ੍ਹ ਰੋਡ ਪੂਰੀ ਤਰ੍ਹਾਂ ਬੰਦ ਹੋ ਗਏ | ਚਾਰੋਂ ਪਾਸੇ ਸੜਕ 'ਤੇ ਕਈ ਕਿਲੋਮੀਟਰ ਦੂਰ ਤੱਕ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ | ਇਸ ਤੋਂ ਬਾਅਦ ਸਮਾਣਾ ਪ੍ਰਸ਼ਾਸਨ ਨੇ ਜਦੋਂ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੂੰ ਕੋਈ ਜਾਣਕਾਰੀ ਨਾ ਹੋਣ 'ਤੇ ਆਗੂ ਤਲਵਿੰਦਰ ਸਿੰਘ ਨੇ ਦੋਸ਼ ਲਾਇਆ ਕਿ ਸਾਡੀਆਂ ਮੰਗਾਂ ਬਾਰੇ ਸਮਾਣਾ ਪ੍ਰਸ਼ਾਸਨ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਨਹੀਂ ਹੈ | ਇਕੱਠ ਅਤੇ ਧਰਨੇ ਵਿਚ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਵਾਲੀ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦਾ ਵਰਕਰ ਭਾਰੀ ਗਿਣਤੀ ਵਿਚ ਸ਼ਾਮਿਲ ਹੋਏ | ਅਦਾਕਾਰ ਅਮਿਤੋਜ ਮਾਨ ਸਣੇ ਹੋਰ ਆਗੂਆਂ ਨੇ ਧਰਨੇ ਸੰਬੋਧਨ ਕੀਤਾ | ਦੂਜੇ ਪਾਸੇ, ਪੁਲਿਸ ਕਪਤਾਨ ਪਟਿਆਲਾ ਵੈਭਵ ਚੌਧਰੀ ਤੇ ਸਮਾਣਾ ਦੇ ਪੁਲਿਸ ਉਪ-ਕਪਤਾਨ ਫਤਿਹ ਸਿੰਘ ਬਰਾੜ ਦੀ ਅਗਵਾਈ ਵਿਚ ਭਾਰੀ ਪੁਲਿਸ ਤਾਇਨਾਤ ਸੀ |
ਟਾਵਰ ਮੋਰਚਾ ਸਮਾਣਾ ਦੀ ਸੰਗਤ ਤੇ ਕਿਸਾਨ ਜਥੇਬੰਦੀਆਂ ਨੇ ਲਗਾਇਆ ਜਾਮ <br/>
ਅਜੀਤ ਡੈਸਕ
25-02-2026