ਪਟਿਆਲਾ, 24 ਫਰਵਰੀ (ਭਗਵਾਨ ਦਾਸ)-ਮੌਸਮ ਅਨੁਕੂਲ ਹੋਣ, ਠੰਢ ਤੇ ਮੀਂਹ ਪੈਣ ਨਾਲ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵਲੋਂ ਕਣਕ ਦਾ ਰਿਕਾਰਡ ਉਤਪਾਦਨ (185186 ਲੱਖ ਟਨ ਤੱਕ) ਹੋਣ ਦਾ ਅੰਦਾਜ਼ਾ ਲਗਾਇਆ ਗਿਆ ਹੈ | ਜੋ ਹੁਣ ਪਿਛਲੇ ਕੁਝ ਦਿਨਾਂ ਤੋਂ ਤਾਪਮਾਨ ਵਧਣ ਤੇ ਗਰਮੀ ਪੈਣ ਕਾਰਨ ਝਾੜ ਪ੍ਰਭਾਵਿਤ ਹੋਣ ਦਾ ਕਾਰਨ ਬਣ ਗਿਆ ਹੈ | ਭਾਰਤੀ ਖੇਤੀਬਾੜੀ ਖੋਜ ਸੰਸਥਾ (ਆਈ.ਸੀ.ਏ.ਆਰ.) ਨਵੀਂ ਦਿੱਲੀ ਦੇ ਕਣਕ ਦੇ ਮੁੱਖੀ ਬਰੀਡਰ ਡਾ. ਰਾਜਬੀਰ ਯਾਦਵ ਅਨੁਸਾਰ ਜੋ ਤਾਪਮਾਨ ਪਿਛਲੇ ਕੁਝ ਦਿਨਾਂ ਤੋਂ 24 ਡਿਗਰੀ ਸੈਲਸੀਅਸ ਹੇਠਾਂ-ਉਪਰ ਹੋ ਰਿਹਾ ਹੈ,ਉਸ ਨਾਲ ਅਜੇ ਉਤਪਾਦਨ ਅਤੇ ਝਾੜ ਘਟਣ ਦੀ ਕੋਈ ਖਾਸ ਸੰਭਾਵਨਾ ਨਹੀਂ | ਪਿੱਛੇ ਜੋ ਮੌਸਮ ਰਿਹਾ ਹੈ, ਉਸ ਨੇ ਕਣਕ ਨੂੰ ਬਹੁਤ ਫਾਇਦਾ ਪਹੁੰਚਾਇਆ ਹੈ | ਕਿਸਾਨਾਂ ਵਲੋਂ ਸਮੇਂ ਸਿਰ ਪੂਰੀ ਮਿਕਦਾਰ 'ਚ ਪਾਏ ਗਏ ਰਸਾਇਣਕ ਖਾਦ ਅਤੇ ਹੋਰ ਸਮਗਰੀ ਕਾਰਨ ਵੀ ਕਣਕ ਆਸ਼ਾਜਨਕ ਖੜ੍ਹੀ ਹੈ | ਪੀ.ਏ.ਯੂ. ਅਤੇ ਆਈ.ਏ.ਆਰ.ਆਈ. ਤੋਂ ਸਨਮਾਨਿਤ ਅਤੇ ਭਾਰਤ ਸਰਕਾਰ ਤੋਂ ਕ੍ਰਿਸ਼ੀ ਕਰਮਨ ਪੁਰਸਕਾਰ ਲੈਣ ਵਾਲੇ ਬਿਸ਼ਨਪੁਰ ਛੰਨਾ ਦੇ ਅਗ੍ਹਾਂਵਧੂ ਕਿਸਾਨ ਰਾਜਮੋਹਨ ਸਿੰਘ ਕਾਲੇਕਾ ਤੇ ਡਾ. ਯਾਦਵ ਦਾ ਕਹਿਣਾ ਹੈ ਕਿ ਮਾਰਚ ਦਾ ਤਾਪਮਾਨ ਕਣਕ ਦੇ ਉਤਪਾਦਨ ਦਾ ਫੈਸਲਾ ਕਰੇਗਾ | ਜੋ ਪੀ.ਏ.ਯੂ., ਆਈ.ਏ.ਆਰ.ਆਈ. ਅਤੇ ਭਾਰਤ ਦੇ ਕਣਕ ਤੇ ਜੌਂਆਂ ਦੇ ਖੋਜ ਸੰਸਥਾਨ ਨੇ ਕਣਕ ਦੀਆਂ ਕਿਸਮਾਂ ਵਿਕਸਿਤ ਕੀਤੀਆਂ ਹਨ, ਉਨ੍ਹਾਂ 'ਚ ਗਰਮੀ ਨੂੰ ਬਰਦਾਸ਼ਤ ਕਰਨ ਦੀ ਸ਼ਕਤੀ ਹੈ | ਉਹ ਕਿਸਾਨਾਂ ਨੇ ਵੱਡੇ ਪੱਧਰ 'ਤੇ ਅਪਣਾਈਆਂ ਹਨ ਅਤੇ ਇਸ ਸਾਲ ਗੁੱਲੀ ਡੰਡਾ ਵੀ ਤਕਰੀਬਨ ਨਾਬੂਦ ਹੈ | ਗੁੱਲੀ ਡੰਡਾ 40 ਫ਼ੀਸਦੀ ਪ੍ਰਤੀ ਏਕੜ ਤੱਕ ਝਾੜ ਘਟਾਉਣ ਲਈ ਹਾਵੀ ਹੁੰਦਾ ਹੈ | ਕਿਸਾਨ ਗੈਨੇਕਸਾ ਵਰਗੇ ਕੁਦਰਤੀ ਪੌਦ ਸੁਰੱਖਿਆ ਸਪਰੇਅ ਵੀ ਕਰ ਰਹੇ ਹਨ | ਇੰਦਰਪੁਰਾ ਦੇ ਕਿਸਾਨ ਸੌਰਵ ਕੁਮਾਰ ਕਹਿੰਦੇ ਹਨ ਕਿ ਇਨ੍ਹਾਂ ਸਪਰੇਆਂ ਦਾ ਫ਼ਸਲ ਨੂੰ ਬੜਾ ਸਿਹਤਆਬ ਅਸਰ ਹੋਇਆ ਹੈ | ਫਰਵਰੀ ਦੇ ਦੂਜੇ ਪੰਦਰਵਾੜੇ ਤੋਂ ਬਾਅਦ ਤਾਪਮਾਨ ਕੁਝ ਵਧਣ ਨਾਲ ਸਿੰਜਾਈ ਦੀ ਲੋੜ ਵਧੀ ਹੈ, ਜੋ ਪੀ.ਏ.ਯੂ. ਵਲੋਂ ਜਾਰੀ ਕੀਤੀ ਗਈ ਸਲਾਹਕਾਰੀ 'ਚ ਵੀ ਕਿਸਾਨਾਂ ਨੂੰ ਹਲਕਾਹਲਕਾ ਪਾਣੀ ਲਾਉਣ ਲਈ ਕਿਹਾ ਗਿਆ ਹੈ | ਜੇ ਮਾਰਚ 'ਚ ਤਾਪਮਾਨ 35 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਂਦਾ ਹੈ ਅਤੇ ਹੋਰ ਵਧਣਾ ਸ਼ੁਰੂ ਹੋ ਜਾਂਦਾ ਹੈ ਤਾਂ ਕਣਕ ਦਾ ਦਾਣਾ ਸੁੱਕੜਣਾ ਸ਼ੁਰੂ ਹੋ ਜਾਵੇਗਾ ਅਤੇ ਝਾੜ 'ਤੇ ਮਾੜਾ ਅਸਰ ਪਵੇਗਾ |