ਫ਼ਰੀਦਕੋਟ, 7 ਮਾਰਚ (ਜਸਵੰਤ ਸਿੰਘ ਪੁਰਬਾ)-ਦੇਸ਼ ਦੇ ਯੂ.ਪੀ.ਐਸ.ਸੀ. ਦੇ ਐਲਾਨੇ ਨਤੀਜਿਆਂ ਵਿਚ ਫ਼ਰੀਦਕੋਟ ਦੇ ਨੌਜਵਾਨ ਸੁਨਾਵਰਦੀਪ ਸਿੰਘ ਨੇ 76ਵਾਂ ਰੈਂਕ ਹਾਸਿਲ ਕਰਕੇ ਆਪਣੇ ਮਾਤਾ ਪਿਤਾ ਤੇ ਪੰਜਾਬ ਦਾ ਨਾਂਅ ਰੌਸ਼ਨ ਕੀਤਾ ਹੈ | ਆਪਣੀ ਮਿਹਨਤ ਦੇ ਸਦਕਾ ਸੁਨਾਵਰਦੀਪ ਸਿੰਘ ਨੇ ਇਹ ਮੁਕਾਮ ਹਾਸਿਲ ਕੀਤਾ | ਆਪਣੀ ਮੁੱਢਲੀ ਪੜ੍ਹਾਈ ਫ਼ਰੀਦਕੋਟ ਦੇ ਦਸਮੇਸ਼ ਪਬਲਿਕ ਸਕੂਲ ਤੋਂ ਕਰਨ ਤੋਂ ਬਾਅਦ ਪੂਨੇ ਵਿਖੇ ਮਕੈਨੀਕਲ ਇੰਜੀਨੀਅਰਿੰਗ ਪਾਸ ਕੀਤੀ | ਪੀ.ਸੀ.ਐਸ. ਕਲੀਅਰ ਕਰਕੇ ਕੋਆਪ੍ਰੇਟਿਵ ਸੁਸਾਇਟੀ ਵਿਚ ਨੌਕਰੀ ਮਿਲ ਗਈ ਅਤੇ ਆਪਣੀ ਨੌਕਰੀ ਦੌਰਾਨ ਹੀ ਉਸ ਵਲੋਂ ਆਪਣੀ ਟੀਚੇ ਯੂ.ਪੀ.ਐਸ.ਸੀ. ਨੂੰ ਕਲੀਅਰ ਕਰਨ ਲਈ ਲਗਾਤਾਰ ਮਿਹਨਤ ਜਾਰੀ ਰੱਖੀ ਅਤੇ ਤੀਜੇ ਯਤਨ ਤੋਂ ਬਾਅਦ ਉਸਨੇ ਇਹ ਪ੍ਰੀਖਿਆ ਪਾਸ ਕਰਕੇ ਪੂਰੇ ਭਾਰਤ ਵਿਚੋਂ 76ਵਾਂ ਰੈਂਕ ਹਾਸਿਲ ਕੀਤਾ | ਗੱਲਬਾਤ ਦੌਰਾਨ ਸੁਨਾਵਰਦੀਪ ਸਿੰਘ ਨੇ ਆਪਣੀ ਕਾਮਯਾਬੀ ਦਾ ਸਿਹਰਾ ਆਪਣੇ ਮਾਤਾ ਪਿਤਾ ਅਤੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਦਿੱਤਾ | ਸੁਨਾਵਰਦੀਪ ਸਿੰਘ ਦੇ ਮਾਤਾ ਜੋ ਬਿ੍ਜਿੰਦਰਾ ਕਾਲਜ ਵਿਚ ਕਾਮਰਸ ਦੇ ਪ੍ਰੋਫੈਸਰ ਹਨ ਤੇ ਪਿਤਾ ਫ਼ਰੀਦਕੋਟ ਦੇ ਖੇਤਰੀ ਐਗਰੀਕਲਚਰ ਵਿਭਾਗ ਵਿਚ ਬਤੌਰ ਡਾਇਰੈਕਟਰ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ | ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਡਾ. ਕੁਲਦੀਪ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਦਿਲੋਂ ਮੁਬਾਰਕਬਾਦ ਦਿੰਦਿਆਂ ਸੁਨਾਵਰਦੀਪ ਸਿੰਘ ਦੇ ਉਜਲੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ | ਇਸ ਮੌਕੇ ਮਨਪ੍ਰੀਤ ਸਿੰਘ ਮਣੀ ਧਾਲੀਵਾਲ, ਗੁਰਪ੍ਰੀਤ ਸਿੰਘ ਗੈਰੀ ਵੜਿੰਗ, ਸ਼ਿਵਜੀਤ ਸਿੰਘ ਨੇ ਵੀ ਇਸ ਮਾਣਮੱਤੀ ਪ੍ਰਾਪਤੀ ਲਈ ਡਾ. ਕੁਲਦੀਪ ਸਿੰਘ ਅਤੇ ਸਮੁੱਚੇ ਪਰਿਵਾਰ ਨੂੰ ਮੁਬਾਰਕਬਾਦ ਭੇਟ ਕੀਤੀ |
ਫ਼ਰੀਦਕੋਟ ਦੇ ਸੁਨਾਵਰਦੀਪ ਸਿੰਘ ਨੇ ਯੂ.ਪੀ.ਐਸ.ਸੀ. 'ਚ ਲਿਆ 76ਵਾਂ ਰੈਂਕ <br/>
ਅਜੀਤ ਡੈਸਕ
08-03-2026