ਖਾੜੀ ਦੇਸ਼ਾਂ ਦੀ ਜੰਗ ਦਾ ਸੇਕ ਭਾਰਤੀ ਰਸੋਈਆਂ ਤੱਕ ਪਹੁੰਚਿਆ <br/>
ਅਜੀਤ ਡੈਸਕ
12-03-2026
ਰਾਮਪੁਰਾ ਫੂਲ, 11 ਮਾਰਚ-ਖਾੜੀ ਦੇਸ਼ਾਂ 'ਚ ਭੜਕੀ ਜੰਗ ਅਤੇ ਵਧ ਰਹੇ ਤਣਾਅ ਦਾ ਸਿੱਧਾ ਅਸਰ ਹੁਣ ਭਾਰਤ ਦੇ ਆਮ ਘਰਾਂ ਦੀਆਂ ਰਸੋਈਆਂ ਤੱਕ ਪਹੁੰਚ ਗਿਆ ਹੈ | ਦੇਸ਼ 'ਚ ਰਸੋਈ ਗੈਸ ਦੀ ਸਪਲਾਈ ਲੜਖੜਾਉਣ ਲੱਗੀ ਹੈ, ਜਿਸ ਕਾਰਨ ਬਾਜ਼ਾਰ 'ਚ ਕਾਲਾਬਾਜ਼ਾਰੀ ਅਤੇ ਜਮ੍ਹਾਂਖੋਰੀ ਨੇ ਜ਼ੋਰ ਫੜ ਲਿਆ ਹੈ | ਆਮ ਜਨਤਾ 'ਚ ਡਰ ਦਾ ਮਾਹੌਲ ਹੈ ਤੇ ਲੋਕ ਆਉਣ ਵਾਲੇ ਸੰਕਟ ਨੂੰ ਦੇਖਦੇ ਹੋਏ ਅਗਾਊਾ ਸਿਲੰਡਰ ਭਰਵਾ ਕੇ ਰੱਖਣ ਦੀ ਹੋੜ 'ਚ ਲੱਗ ਗਏ ਹਨ | ਮਾਰਚ ਦੇ ਤਾਜ਼ਾ ਸਰਕਾਰੀ ਅੰਕੜਿਆਂ ਅਨੁਸਾਰ ਭਾਰਤ 'ਚ ਲਗਭਗ 32.94 ਕਰੋੜ ਚਾਲੂ (ਐਕਟਿਵ) ਘਰੇਲੂ ਗੈਸ ਕੁਨੈਕਸ਼ਨ ਹਨ, ਜਿਨ੍ਹਾਂ 'ਤੇ ਸੰਕਟ ਮੰਡਰਾ ਰਿਹਾ ਹੈ | 'ਪ੍ਰਧਾਨ ਮੰਤਰੀ ਉੱਜਵਲਾ ਯੋਜਨਾ' ਤਹਿਤ ਹੀ 10.33 ਕਰੋੜ ਪਰਿਵਾਰਾਂ ਨੂੰ ਗੈਸ ਕੁਨੈਕਸ਼ਨ ਦਿੱਤੇ ਗਏ ਹਨ | ਇਸ ਵੱਡੇ ਬਾਜ਼ਾਰ ਦਾ 90 ਫ਼ੀਸਦੀ ਹਿੱਸਾ ਸਿੱਧੇ ਤੌਰ 'ਤੇ ਤਿੰਨ ਵੱਡੀਆਂ ਸਰਕਾਰੀ ਕੰਪਨੀਆਂ ਦੇ ਹੱਥ 'ਚ ਹੈ | ਇੰਡੇਨ (ਇੰਡੀਅਨ ਆਇਲ ਕਾਰਪੋਰੇਸ਼ਨ ਦੇ 15 ਕਰੋੜ ਤੋਂ ਵੱਧ ਗਾਹਕ ਹਨ ਤੇ ਰੋਜ਼ਾਨਾ 25 ਤੋਂ 30 ਲੱਖ ਸਿਲੰਡਰਾਂ ਦੀ ਭਰਾਈ ਹੁੰਦੀ ਹੈ | ਭਾਰਤ ਗੈਸ (ਭਾਰਤ ਪੈਟਰੋਲੀਅਮ) ਅਤੇ ਐਚ. ਪੀ. ਗੈਸ (ਹਿੰਦੁਸਤਾਨ ਪੈਟਰੋਲੀਅਮ) ਵੀ ਇਸ ਸਪਲਾਈ ਲੜੀ ਦਾ ਅਹਿਮ ਹਿੱਸਾ ਹਨ | ਦੇਸ਼ 'ਚ 25,500 ਤੋਂ ਵੱਧ ਗੈਸ ਏਜੰਸੀਆਂ ਇਸ ਵੰਡ ਪ੍ਰਣਾਲੀ ਨੂੰ ਚਲਾ ਰਹੀਆਂ ਹਨ | ਸਪਲਾਈ ਪ੍ਰਭਾਵਿਤ ਹੋਣ ਦੇ ਅਸਲ ਕਾਰਨ ਅਤੇ ਜ਼ਮੀਨੀ ਹਕੀਕਤ ਭਾਰਤ ਆਪਣੀ ਕੁੱਲ ਰਸੋਈ ਗੈਸ ਦੀ ਖਪਤ ਦਾ 50 ਤੋਂ 60 ਫ਼ੀਸਦੀ ਹਿੱਸਾ ਖਾੜੀ ਦੇਸ਼ਾਂ (ਸਾਊਦੀ ਅਰਬ, ਕਤਰ, ਸੰਯੁਕਤ ਅਰਬ ਅਮੀਰਾਤ ਆਦਿ) ਤੋਂ ਦਰਾਮਦ ਕਰਦਾ ਹੈ | ਅੰਤਰਰਾਸ਼ਟਰੀ ਪੱਧਰ 'ਤੇ ਸਪਲਾਈ 'ਚ 10 ਤੋਂ 20 ਫ਼ੀਸਦੀ ਦੀ ਅਸਥਾਈ ਗਿਰਾਵਟ ਦਰਜ ਕੀਤੀ ਗਈ ਹੈ | ਜੇਕਰ ਘਰਾਂ 'ਚ ਲੋੜੀਂਦੀ ਗੈਸ ਮੌਜੂਦ ਹੈ ਤਾਂ ਡਰ ਕਾਰਨ ਵਾਧੂ ਸਿਲੰਡਰਾਂ ਦੀ ਬੁਕਿੰਗ ਨਾ ਕਰੋ | ਇਸ ਸਮਝਦਾਰੀ ਨਾਲ ਹੀ ਗੈਸ ਦੀ ਸਪਲਾਈ ਲੜੀ ਬਰਕਰਾਰ ਰਹਿ ਸਕਦੀ ਹੈ ਤੇ ਕਿਸੇ ਲੋੜਵੰਦ ਦੇ ਘਰ ਦਾ ਚੁੱਲ੍ਹਾ ਬੁਝਣ ਤੋਂ ਬਚ ਸਕਦਾ ਹੈ |