ਨਵੀਂ ਦਿੱਲੀ, 27 ਮਾਰਚ (ਪੀ. ਟੀ. ਆਈ.)-ਪੱਛਮੀ ਏਸ਼ੀਆ ਟਕਰਾਅ ਦੇ ਚਲਦਿਆਂ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਊਰਜਾ, ਭੋਜਨ ਅਤੇ ਬਾਲਣ ਸੁਰੱਖਿਆ ਬਾਰੇ 'ਗਲੋਬਲ ਸਾਊਥ' ਦੇਸ਼ਾਂ ਦੀਆਂ ਚਿੰਤਾਵਾਂ ਨੂੰ ਉਜਾਗਰ ਕਰਦਿਆਂ ਵਿਸ਼ਵ ਵਿਆਪੀ ਸ਼ਾਸਨ ਸੁਧਾਰਾਂ ਦੀ ਤੁਰੰਤ ਲੋੜ ਦੀ ਵਕਾਲਤ ਕੀਤੀ | ਫਰਾਂਸ ਵਿਚ ਜੀ-7 ਵਿਦੇਸ਼ ਮੰਤਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਜੈਸ਼ੰਕਰ ਨੇ ਪੱਛਮੀ ਏਸ਼ੀਆ ਵਿਚ ਟਕਰਾਅ ਤੋਂ ਪੈਦਾ ਹੋਈਆਂ ਅਨਿਸ਼ਚਿਤਤਾਵਾਂ ਦੇ ਪਿਛੋਕੜ ਵਿਚ ਲਚਕੀਲੇ ਵਪਾਰ ਗਲਿਆਰਿਆਂ ਅਤੇ ਸਪਲਾਈ ਚੇਨਾਂ ਦੀ ਮਹੱਤਤਾ ਬਾਰੇ ਵੀ ਗੱਲ ਕੀਤੀ, ਜਦੋਂ ਕਿ ਭਾਰਤ ਜੀ-7 ਮੈਂਬਰ ਨਹੀਂ ਹੈ, ਇਸ ਨੂੰ ਫਰਾਂਸ ਦੁਆਰਾ ਇਕ ਭਾਈਵਾਲ ਦੇਸ਼ ਵਜੋਂ ਸੱਦਾ ਦਿੱਤਾ ਗਿਆ ਹੈ, ਜੋ ਕਿ ਸ਼ਕਤੀਸ਼ਾਲੀ ਬਲਾਕ ਦਾ ਮੌਜੂਦਾ ਚੇਅਰਮੈਨ ਹੈ | ਭਾਰਤ ਤੋਂ ਇਲਾਵਾ ਫਰਾਂਸ ਨੇ ਸਾਊਦੀ ਅਰਬ, ਦੱਖਣੀ ਕੋਰੀਆ ਅਤੇ ਬ੍ਰਾਜ਼ੀਲ ਨੂੰ ਅਬਾਏ ਡੇਸ-ਵੌਕਸ-ਡੀ-ਸਰਨੇ ਵਿਖੇ ਜੀ-7 ਵਿਦੇਸ਼ ਮੰਤਰੀਆਂ ਦੀ ਮੀਟਿੰਗ ਵਿਚ ਸ਼ਾਮਿਲ ਹੋਣ ਲਈ ਸੱਦਾ ਦਿੱਤਾ ਹੈ | ਜੀ-7 ਮੀਟਿੰਗ ਦੇ ਮੁੱਖ ਮੁੱਦਿਆਂ 'ਤੇ ਜੈਸ਼ੰਕਰ ਨੇ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ, ਸਾਊਦੀ ਅਰਬ ਦੇ ਵਿਦੇਸ਼ ਮੰਤਰੀ ਫੈਸਲ ਬਿਨ ਫਰਹਾਨ, ਜਰਮਨ ਵਿਦੇਸ਼ ਮੰਤਰੀ ਜੋਹਾਨ ਵਾਡੇਫੁਲ ਅਤੇ ਯੂਕਰੇਨੀ ਵਿਦੇਸ਼ ਮੰਤਰੀ ਐਂਡਰੀ ਸਿਬੀਹਾ ਨਾਲ ਵੱਖ-ਵੱਖ ਗੱਲਬਾਤ ਕੀਤੀ | ਜੈਸ਼ੰਕਰ ਨੇ ਕੈਨੇਡੀਅਨ ਵਿਦੇਸ਼ ਮੰਤਰੀ ਅਨੀਤਾ ਆਨੰਦ, ਦੱਖਣੀ ਕੋਰੀਆ ਦੇ ਵਿਦੇਸ਼ ਮੰਤਰੀ ਚੋ ਹਿਊਨ, ਇਟਲੀ ਦੇ ਵਿਦੇਸ਼ ਮੰਤਰੀ ਐਂਟੋਨੀਓ ਤਾਜਾਨੀ, ਜਾਪਾਨ ਦੇ ਵਿਦੇਸ਼ ਮੰਤਰੀ ਤੋਸ਼ੀਮਿਤਸੁ ਮੋਟੇਗੀ ਅਤੇ ਬ੍ਰਾਜ਼ੀਲ ਦੇ ਵਿਦੇਸ਼ ਮੰਤਰੀ ਮੌਰੋ ਵੀਏਰਾ ਨਾਲ ਵੀ ਮੁਲਾਕਾਤ ਕੀਤੀ |