ਸਰਕਾਰਾਂ ਦੀ ਅਣਦੇਖੀ ਕਾਰਨ ਸੈਲਾਨੀਆਂ ਤੇ ਮਹਿਮਾਨ ਪੰਛੀਆਂ ਦਾ ਮੋਹ ਹੋ ਰਿਹਾ ਭੰਗ
ਸੰਜੀਵ ਕੁੰਦਰਾ
ਹਰੀਕੇ ਪੱਤਣ, 2 ਅਪ੍ਰੈਲ-ਬਿਆਸ ਸਤਲੁਜ ਦਰਿਆਵਾਂ ਦਾ ਸੰਗਮ ਹਰੀਕੇ ਝੀਲ ਜੋ ਕਿ ਕੁਦਰਤ ਦੀ ਇਕ ਅਹਿਮ ਨਿਆਮਤ ਹੈ ਪਰ ਸਰਕਾਰਾਂ ਦੀ ਅਣਦੇਖੀ ਕਾਰਨ ਆਪਣੀ ਹੋਂਦ ਗਵਾਉਦੀਂ ਪ੍ਰਤੀਤ ਹੋ ਰਹੀ ਹੈ ਕਿਉਂਕਿ ਜਿੱਥੇ ਕੋਈ ਵੀ ਸਹੂਲਤ ਨਾ ਹੋਣ ਕਾਰਨ ਝੀਲ 'ਤੇ ਆਉਦੇਂ ਸੈਲਾਨੀਆਂ ਦਾ ਮੋਹ ਭੰਗ ਹੋ ਰਿਹਾ ਹੈ, ਉੱਥੇ ਸਰਦ ਰੁੱਤ ਦੇ ਮਹਿਮਾਨ ਪੰਛੀਆਂ ਨੂੰ ਵੀ ਝੀਲ ਦਾ ਵਾਤਾਵਰਨ ਰਾਸ ਨਹੀਂ ਆ ਰਿਹਾ, ਜਿਸਦੀ ਉਦਹਾਰਣ ਹੈ ਹਰ ਸਾਲ ਘੱਟ ਹੋ ਰਹੀ ਮਹਿਮਾਨ ਪੰਛੀਆਂ ਦੀ ਗਿਣਤੀ, ਪਰ ਇਸਨੂੰ ਲੈ ਕੇ ਨਾ ਤਾਂ ਸੰਬੰਧਿਤ ਵਿਭਾਗ ਕੁਝ ਕਰ ਰਿਹਾ ਹੈ ਤੇ ਨਾ ਹੀ ਸਰਕਾਰਾਂ ਇਸ ਨੂੰ ਲੈ ਕੇ ਗੰਭੀਰ ਹਨ | ਜ਼ਿਕਰਯੋਗ ਹੈ ਕਿ ਹਰੀਕੇ ਝੀਲ ਜੋ ਕਿ 86 ਵਰਗ ਕਿੱਲੋਮੀਟਰ ਵਿਚ ਫੈਲੀ ਹੋਈ ਹੈ ਤੇ ਇਹ ਤਿੰਨ ਜ਼ਿਲਿ੍ਹਆਂ ਤਰਨ ਤਾਰਨ, ਫਿਰੋਜ਼ਪੁਰ ਤੇ ਕਪੂਰਥਲਾ ਨਾਲ ਲੱਗਦੀ ਹੈ | ਉੱਤਰੀ ਭਾਰਤ ਦੀ ਸਭ ਤੋਂ ਵੱਡੀ ਝੀਲ ਸ਼ੁਰੂ ਤੋਂ ਹੀ ਸਰਕਾਰਾਂ ਦੀ ਅਣਦੇਖੀ ਦਾ ਸ਼ਿਕਾਰ ਰਹੀ ਹੈ | ਲੀਡਰਾਂ ਨੇ ਇਸਦੇ ਵਿਕਾਸ ਨੂੰ ਲੈ ਕੇ ਹਮੇਸ਼ਾਂ ਲਾਰੇ ਹੀ ਲਾਏ ਤੇ ਸਿਰਫ਼ ਮੋਟਰਬੋਟਾਂ 'ਤੇ ਝੂਟੇ ਲੈ ਕੇ ਤੁਰਦੇ ਬਣੇ | ਬੇਸ਼ੱਕ ਸਮੇਂ ਦੀਆ ਸਰਕਾਰਾਂ ਨੇ ਝੀਲ ਨੂੰ ਸੰਵਰਾਨ ਲਈ ਬੜੇ ਵੱਡੇ-ਵੱਡੇ ਦਾਅਵੇ ਕੀਤੇ ਪਰ ਅਸਲੀਅਤ ਵਿਚ ਕੁਝ ਵੀ ਲਾਗੂ ਨਹੀਂ ਹੋਇਆ | ਕਰੋੜਾਂ ਰੁਪਏ ਖਰਚ ਕੇ ਬਣਾਏ ਪ੍ਰਾਜੈਕਟ ਵੀ ਸਹੀ ਨੀਤੀ ਨਾ ਹੋਣ ਕਾਰਨ ਮਿੱਟੀ ਹੋ ਰਹੇ ਹਨ |
ਪ੍ਰਵਾਸੀ ਪੰਛੀਆਂ ਦੀ ਘੱਟ ਰਹੀ ਗਿਣਤੀ
ਹਰੀਕੇ ਝੀਲ ਤੇ ਹਰ ਸਾਲ ਸਰਦ ਰੁੱਤ ਦੇ ਮਹਿਮਾਨ ਪੰਛੀ ਪਹੁੰਚਦੇ ਹਨ, ਪਹਿਲਾਂ ਇਨ੍ਹਾਂ ਪੰਛੀਆਂ ਦੀ ਗਿਣਤੀ 1 ਲੱਖ ਤੋਂ ਵੱਧ ਹੁੰਦੀ ਸੀ ਪਰ ਹੁਣ ਹਰ ਸਾਲ ਇਹ ਗਿਣਤੀ ਘੱਟ ਰਹੀ ਹੈ | ਜਾਣਕਾਰੀ ਅਨੁਸਾਰ ਸਾਲ 2018 ਵਿਚ ਇਕ ਲੱਖ 23 ਹਜ਼ਾਰ ਪੰਛੀ ਹਰੀਕੇ ਝੀਲ 'ਤੇ ਪੁੱਜੇ ਸਨ, ਜੋ ਕਿ ਪਿਛਲੇ ਸਾਲ ਸਿਰਫ਼ 57292 ਹਜ਼ਾਰ ਰਹਿ ਗਈ | ਜੰਗਲੀ ਜੀਵ ਤੇ ਵਣ ਵਿਭਾਗ ਹਰੀਕੇ ਦੀ ਜਾਣਕਾਰੀ ਮੁਤਾਬਕ ਸਾਲ 2020 ਵਿਚ 91025 ਪ੍ਰਵਾਸੀ ਪੰਛੀ, ਸਾਲ 2021 ਵਿਚ 74869, ਸਾਲ 2022 ਵਿਚ ਗਿਣਤੀ ਨਹੀਂ ਕੀਤੀ ਗਈ | ਸਾਲ 2023 ਵਿਚ 65624, ਸਾਲ 2024 ਵਿਚ 57292 ਰਹਿ ਜਾਣਾ ਇਸ ਗੱਲ ਦਾ ਸੰਕੇਤ ਹੈ ਕਿ ਹਰੀਕੇ ਝੀਲ ਦਾ ਵਾਤਾਵਰਨ ਪ੍ਰਵਾਸੀ ਪੰਛੀਆਂ ਨੂੰ ਰਾਸ ਨਹੀਂ ਆ ਰਿਹਾ | ਇਸ ਵਾਰ ਤਾਂ ਵਿਭਾਗ ਵਲੋਂ ਪੰਛੀਆਂ ਦੀ ਗਿਣਤੀ ਕਰਨ ਦੇ ਬਾਵਜੂਦ ਰਿਪੋਰਟ ਜਾਰੀ ਹੀ ਨਹੀਂ ਕੀਤੀ ਕਿ ਕਿੰਨੇ ਪੰਛੀ ਇਸ ਸਾਲ ਪੁੱਜੇ ਹਨ | ਜਾਣਕਾਰੀ ਮੁਤਾਬਕ ਇਸ ਵਾਰ ਪੰਛੀਆਂ ਦੀ ਗਿਣਤੀ ਪਿਛਲੇ ਸਾਲ ਦੇ ਮੁਕਾਬਲੇ ਬਹੁਤ ਘੱਟ ਸੀ, ਜਿਸ ਕਾਰਨ ਵਿਭਾਗ ਨੇ ਰਿਪੋਰਟ ਨੂੰ ਨਸ਼ਰ ਕਰਨ ਦੀ ਬਜਾਏ ਗੁਪਤ ਕਰ ਦਿੱਤਾ | ਸਰਦ ਰੁੱਤ ਦੇ ਮਹਿਮਾਨ ਪੰਛੀਆਂ ਦੀ ਆਮਦ ਕਾਰਨ ਹੀ ਹਰੀਕੇ ਝੀਲ ਦੀ ਅਹਿਮੀਅਤ ਹੈ, ਜੇਕਰ ਮਹਿਮਾਨ ਪੰਛੀਆਂ ਨੇ ਮੁੱਖ ਹੀ ਮੋੜ ਲਿਆ ਤਾਂ ਇਹ ਝੀਲ ਤੇ ਇਲਾਕੇ ਲਈ ਮਾੜਾ ਸਾਬਤ ਹੋਵੇਗਾ |
ਸੈਲਾਨੀਆਂ ਦੀ ਆਮਦ ਵੀ ਘਟੀ
ਹਰੀਕੇ ਝੀਲ ਦਾ ਨਜ਼ਾਰਾ ਨਜ਼ਦੀਕ ਤੋਂ ਤੱਕਣ ਲਈ ਆਉਂਦੇ ਸੈਲਾਨੀਆਂ ਨੂੰ ਝੀਲ 'ਤੇ ਕੋਈ ਸਹੂਲਤ ਨਹੀਂ ਮਿਲ ਰਹੀ, ਜਿਸ ਕਾਰਨ ਸੈਲਾਨੀਆਂ ਦਾ ਵੀ ਝੀਲ 'ਤੇ ਆਉਣਾ ਘੱਟ ਹੋ ਰਿਹਾ ਹੈ ਕਿਉਂਕਿ ਸਰਕਾਰ ਵਲੋਂ ਸੈਲਾਨੀਆਂ ਨੂੰ ਹਰੀਕੇ ਝੀਲ ਵੱਲ ਆਕਰਸ਼ਿਤ ਕਰਨ ਲਈ ਕੋਈ ਵੀ ਠੋਸ ਨੀਤੀ ਨਹੀਂ ਅਪਣਾਈ ਤੇ ਨਾ ਹੀ ਝੀਲ ਤੇ ਆਉਦੇਂ ਸੈਲਾਨੀਆਂ ਨੂੰ ਕੋਈ ਸਹੂਲਤ ਮਿਲਦੀ ਹੈ |
ਨਾ ਅਕਾਲੀ-ਭਾਜਪਾ, ਨਾ ਕਾਂਗਰਸ ਤੇ ਨਾ ਹੁਣ 'ਆਪ' ਨੇ ਸੰਵਾਰਿਆ ਕੁਝ ਹਰੀਕੇ ਝੀਲ ਦਾ
ਹਰੀਕੇ ਝੀਲ ਦਾ ਮਨਮੋਹਕ ਦਿ੍ਸ਼ | ਤਸਵੀਰ : ਕੁੰਦਰਾ<br/>
03-04-2026