01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਜਲਿ੍ਹਆਂਵਾਲਾ ਬਾਗ ਸਾਕੇ ਦੇ ਸ਼ਹੀਦਾਂ ਦੀ ਸੂਚੀ ਸਮਾਰਕ ਦੇ ਅੰਦਰ ਕੀਤੀ ਜਾਵੇ ਪ੍ਰਦਰਸ਼ਿਤ-ਤਰਲੋਚਨ ਸਿੰਘ <br/>

Ad Position 21
No active advertisement
ਅਜੀਤ ਡੈਸਕ 10-04-2026
ਅੰਮਿ੍ਤਸਰ, 9 ਅਪ੍ਰੈਲ (ਸੁਰਿੰਦਰ ਕੋਛੜ)-ਜਲਿ੍ਹਆਂਵਾਲਾ ਬਾਗ ਨੈਸ਼ਨਲ ਮੈਮੋਰੀਅਲ ਟਰੱਸਟ ਦੇ ਮੈਂਬਰ ਅਤੇ ਸਾਬਕਾ ਸੰਸਦ ਮੈਂਬਰ ਤਰਲੋਚਨ ਸਿੰਘ ਨੇ 13 ਅਪ੍ਰੈਲ 1919 ਨੂੰ ਜਲਿ੍ਹਆਂਵਾਲਾ ਬਾਗ ਸਾਕੇ 'ਚ ਸ਼ਹੀਦ ਹੋਣ ਵਾਲੇ ਲੋਕਾਂ ਦੀ ਸੂਚੀ ਸਨਮਾਨਜਨਕ ਢੰਗ ਨਾਲ ਸਮਾਰਕ ਦੇ ਅੰਦਰ ਗੈਲਰੀਆਂ 'ਚ ਪ੍ਰਦਰਸ਼ਿਤ ਕਰਨ ਦੀ ਮੰਗ ਕੀਤੀ ਹੈ | ਸਮਾਰਕ ਦੇ ਬਾਹਰ ਮੁੱਖ ਸੜਕ 'ਤੇ ਸ਼ਹੀਦੀ ਲਾਟ ਦੇ ਮਾਡਲ ਹੇਠਾਂ ਅੰਗਰੇਜ਼ੀ 'ਚ ਲਿਖੇ ਸ਼ਹੀਦਾਂ ਦੇ ਨਾਵਾਂ ਨੂੰ ਲੈ ਕੇ ਤਰਲੋਚਨ ਸਿੰਘ ਨੇ ਵਿਰੋਧ ਜਤਾਉਂਦਿਆਂ ਕਿਹਾ ਕਿ ਸ਼ਹੀਦਾਂ ਦੇ ਨਾਂਅ ਜਿਸ ਢੰਗ ਨਾਲ ਪੱਥਰ ਦੀਆਂ ਸਿਲਾਂ 'ਤੇ ਉੱਕਰੇ ਗਏ ਹਨ, ਉਹ ਪੜ੍ਹਨ ਯੋਗ ਨਹੀਂ ਹਨ | ਦੂਜੇ ਪਾਸੇ, ਜਲਿ੍ਹਆਂਵਾਲਾ ਬਾਗ 'ਚ 107 ਵਰ੍ਹੇ ਪਹਿਲਾਂ ਹੋਏ ਕਤਲੇਆਮ 'ਚ ਕਿੰਨੇ ਲੋਕ ਮਾਰੇ ਗਏ ਅਤੇ ਕਿੰਨੇ ਜ਼ਖਮੀ ਹੋਏ, ਇਹ ਵੀ ਅਜੇ ਤੱਕ ਇਕ ਭੇਦ ਬਣਿਆ ਹੋਇਆ ਹੈ | ਇਸ ਬਾਰੇ ਅੰਗਰੇਜ਼ੀ ਸਰਕਾਰ ਦੇ ਬਾਅਦ ਆਜ਼ਾਦ ਭਾਰਤ ਦੀ ਕਿਸੇ ਵੀ ਸਰਕਾਰ ਦੁਆਰਾ ਕੋਈ ਨਿਰਪੱਖ ਜਾਂਚ ਨਹੀਂ ਕਰਵਾਈ ਗਈ | ਜ਼ਿਕਰਯੋਗ ਹੈ ਕਿ ਉਕਤ ਸਾਕੇ ਦੇ ਤੁਰੰਤ ਬਾਅਦ ਲਾਹੌਰ 'ਚ ਪੰਜਾਬ ਦੇ ਲੈਫ਼ਟੀਨੈਂਟ ਗਵਰਨਰ ਮਾਈਕਲ ਓਡਵਾਇਰ ਨੂੰ ਭੇਜੀ ਆਪਣੀ ਰਿਪੋਰਟ 'ਚ ਜਨਰਲ ਰਿਨਾਲਡ ਐਡਵਰਡ ਹੈਨਰੀ ਡਾਇਰ ਨੇ 200 ਤੋਂ 300 ਲੋਕਾਂ ਦੇ ਮਾਰੇ ਜਾਣ ਦਾ ਦਾਅਵਾ ਕੀਤਾ ਸੀ | ਜਦਕਿ ਮਾਈਕਲ ਓਡਵਾਇਰ ਨੇ ਅਗਾਂਹ ਭੇਜੀ ਆਪਣੀ ਰਿਪੋਰਟ 'ਚ ਮਰਨ ਵਾਲਿਆਂ ਦੀ ਗਿਣਤੀ 200 ਹੀ ਦੱਸੀ | ਹੋਮ ਮਿਨਿਸਟਰ ਵਿਭਾਗ (1919), ਨੰ. 23, ਡੀ. ਆਰ. 2 'ਚ ਚੀਫ਼ ਸਕੱਤਰ ਜੇ. ਬੀ. ਥਾਮਸ ਅਤੇ ਐੱਚ. ਡੀ. ਕਰੇਕ ਨੇ 290 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ, ਜਦਕਿ ਮਿਲਟਰੀ ਰਿਪੋਰਟ 'ਚ ਦੱਸਿਆ ਗਿਆ ਕਿ ਜਲਿ੍ਹਆਂਵਾਲਾ ਬਾਗ 'ਚ 200 ਤੋਂ ਵੀ ਘੱਟ ਲੋਕ ਮਾਰੇ ਗਏ ਸਨ | ਅਧਿਕਾਰਕ ਤੌਰ 'ਤੇ 381 ਲੋਕਾਂ ਦੇ ਮਾਰੇ ਜਾਣ ਅਤੇ 1208 ਦੇ ਜ਼ਖਮੀ ਹੋਣ ਦੀ ਪੁਸ਼ਟੀ ਕੀਤੀ ਗਈ | ਅੰਮਿ੍ਤਸਰ ਸੇਵਾ ਸਮਿਤੀ ਨੇ ਬਾਗ 'ਚ ਮਰਨ ਵਾਲਿਆਂ ਦੀ ਗਿਣਤੀ 501 ਦੱਸੀ | ਸਵਾਮੀ ਸ਼ਰਧਾ ਨੰਦ ਨੇ ਅੰਮਿ੍ਤਸਰ ਪਹੁੰਚ ਕੇ ਅੰਕੜਿਆਂ ਦਾ ਜਾਇਜ਼ਾ ਲਿਆ ਅਤੇ ਮਿ੍ਤਕਾਂ ਤੇ ਜ਼ਖ਼ਮੀਆਂ ਦੀ ਗਿਣਤੀ 1500 ਤੋਂ ਜ਼ਿਆਦਾ ਦੱਸੀ, ਜਦਕਿ ਪੰਡਿਤ ਮਦਨ ਮੋਹਨ ਮਾਲਵੀਆ ਦੇ ਅੰਦਾਜ਼ੇ ਅਨੁਸਾਰ ਜਲਿ੍ਹਆਂਵਾਲਾ ਬਾਗ 'ਚ ਲਗਭਗ 1300 ਲੋਕ ਮਾਰੇ ਗਏ ਜਾਂ ਜ਼ਖ਼ਮੀ ਹੋਏ | ਅੰਮਿ੍ਤਸਰ ਦੇ ਤਤਕਾਲੀ ਸਿਵਲ ਸਰਜਨ ਡਾ. ਸਮਿਥ ਅਨੁਸਾਰ ਇਸ ਸਾਕੇ 'ਚ 1526 ਲੋਕ ਤ੍ਰਾਸਦੀ ਦਾ ਸ਼ਿਕਾਰ ਹੋਏ | ਜਲਿ੍ਹਆਂਵਾਲਾ ਬਾਗ ਯਾਦਗਾਰੀ ਟਰੱਸਟ ਦੇ ਕੋਲ 388 ਨਾਵਾਂ ਦੀ ਸੂਚੀ ਹੈ ਅਤੇ ਪੰਜਾਬ ਗੌਰਮਿੰਟ ਹੋਮ ਮਨਿਟਰੀ ਪਾਰਟ ਬੀ. 1921, ਫਾਈਲ ਨੰਬਰ 139 ਵਿਚ ਮਿ੍ਤਕਾਂ ਦੇ 381 ਨਾਂਅ ਮੌਜੂਦ ਹਨ | ਉਕਤ ਦੇ ਇਲਾਵਾ ਸਰਕਾਰੀ ਪੱਧਰ 'ਤੇ 12 ਨਵੰਬਰ 1919 ਨੂੰ ਮੁਕੰਮਲ ਕੀਤੀ ਗਈ ਜਲਿ੍ਹਆਂਵਾਲਾ ਬਾਗ ਸਾਕੇ ਦੇ ਮਿ੍ਤਕਾਂ ਦੇ ਨਾਵਾਂ ਦੀ ਇਕ ਹੋਰ ਸੂਚੀ 'ਚ ਮਰਨ ਵਾਲਿਆਂ ਦੇ 501 ਨਾਂਅ ਦਰਜ ਹਨ | ਇਨ੍ਹਾਂ 'ਚੋਂ ਸੇਵਾ ਸਮਿਤੀ ਦੁਆਰਾ ਸੰਸਕਾਰੇ ਗਏ 42 ਪੁਰਸ਼ਾਂ, ਇਕ ਔਰਤ ਅਤੇ ਇਕ ਬੱਚੇ ਦੀ ਪਛਾਣ ਨਾ ਹੋਣ ਕਰਕੇ ਉਨ੍ਹਾਂ ਦੇ ਨਾਵਾਂ ਦਾ ਕੋਈ ਵੇਰਵਾ ਦਰਜ ਨਹੀ ਹੈ | ਇਸ ਦੇ ਇਲਾਵਾ ਉਕਤ ਸੂਚੀ 'ਚ ਇਕ ਵਿਅਕਤੀ ਦਾ ਨਾਂਅ ਭੁਲੇਖੇ ਨਾਲ ਦੋ ਵਾਰ ਲਿਖਿਆ ਗਿਆ ਹੈ ਅਤੇ ਹੋਰ 14 ਲੋਕਾਂ ਦੀ ਬਾਅਦ ਵਿਚ ਜਿਉਂਦੇ ਹੋਣ ਦੀ ਪੁਸ਼ਟੀ ਕੀਤੀ ਗਈ |

Ad Position 22
No active advertisement
ਪਿਛਲੀ ਖ਼ਬਰ ਇਮਰਾਨ ਖ਼ਾਨ ਦੀਆਂ ਭੈਣਾਂ ਵਿਰੁੱਧ ਅੱਤਵਾਦ ਦਾ ਮਾਮਲਾ ਦਰਜ <br/> ਅਗਲੀ ਖ਼ਬਰ ਐੱਫ.ਬੀ.ਆਈ. ਨੂੰ ਲੋੜੀਂਦਾ ਨਸ਼ਾ ਤਸਕਰ ਸ਼ੋਨ ਭਿੰਡਰ ਵਿਦੇਸ਼ ਭੱਜਿਆ ਇੰਸਪੈਕਟਰ ਸਮੇਤ 5 ਪੁਲਿਸ ਮੁਲਾਜ਼ਮਾਂ 'ਤੇ ਮਾਮਲਾ...
Ad Position 24