ਅੰਮਿ੍ਤਸਰ, 9 ਅਪ੍ਰੈਲ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਰਾਵਲਪਿੰਡੀ 'ਚ ਅਡਿਆਲਾ ਰੋਡ 'ਤੇ ਹੋਏ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਪੁਲਿਸ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀਆਂ ਭੈਣਾਂ ਨੂਰੀਨ ਨਿਆਜ਼ੀ ਅਤੇ ਉਜ਼ਮਾ ਖਾਨਮ, ਕਈ ਸੰਸਦ ਮੈਂਬਰਾਂ ਸਮੇਤ ਲਗਭਗ 1,400 ਅਣਪਛਾਤੇ ਵਿਅਕਤੀਆਂ ਵਿਰੁੱਧ ਅੱਤਵਾਦ ਵਿਰੋਧੀ ਕਾਨੂੰਨ ਤਹਿਤ ਮਾਮਲਾ ਦਰਜ ਕੀਤਾ ਹੈ | ਪਾਕਿ ਦੀਆਂ ਸਥਾਨਕ ਮੀਡੀਆ ਰਿਪੋਰਟਾਂ ਦੇ ਅਨੁਸਾਰ ਲੰਘੇ ਦਿਨ ਅਡਿਆਲਾ ਚੌਕੀ ਦੇ ਇੰਚਾਰਜ ਸਬ-ਇੰਸਪੈਕਟਰ ਦੀ ਸ਼ਿਕਾਇਤ ਦੇ ਆਧਾਰ 'ਤੇ ਐੱਫ. ਆਈ. ਆਰ. ਦਰਜ ਕੀਤੀ ਗਈ | ਪੁਲਿਸ ਦਾ ਦੋਸ਼ ਹੈ ਕਿ ਪ੍ਰਦਰਸ਼ਨਕਾਰੀਆਂ ਨੇ ਕਾਨੂੰਨ ਵਿਵਸਥਾ ਨੂੰ ਚੁਨੌਤੀ ਦਿੱਤੀ, ਪੱਥਰਬਾਜ਼ੀ ਕੀਤੀ ਅਤੇ ਪੁਲਿਸ 'ਤੇ ਹਮਲਾ ਕੀਤਾ, ਜਿਸ 'ਚ ਘੱਟੋ-ਘੱਟ 9 ਅਧਿਕਾਰੀ ਜ਼ਖਮੀ ਹੋ ਗਏ | ਐੱਫ. ਆਈ. ਆਰ. 'ਚ ਕਤਲ ਦੀ ਕੋਸ਼ਿਸ਼ ਅਤੇ ਸਰਕਾਰੀ ਕੰਮ 'ਚ ਰੁਕਾਵਟ ਪਾਉਣ ਵਰਗੇ ਗੰਭੀਰ ਦੋਸ਼ ਵੀ ਸ਼ਾਮਿਲ ਹਨ | ਦਰਅਸਲ, ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਨੇ ਅਡਿਆਲਾ ਜੇਲ੍ਹ 'ਚ ਬੰਦ ਆਪਣੇ ਨੇਤਾ ਨਾਲ ਮੁਲਾਕਾਤ 'ਤੇ ਲਗਾਈ ਪਾਬੰਦੀ ਦੇ ਖ਼ਿਲਾਫ਼ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਦਾ ਸੱਦਾ ਦਿੱਤਾ ਸੀ |